ਹਜ਼ੂਰ ਸਾਹਿਬ ਤੇ ਅਯੁੱਧਿਆ ਨੂੰ ਵੀ ਸਿੱਧੀਆਂ ਉਡਾਣਾਂ ਦੀ ਚਰਚਾ

ਚੰਡੀਗੜ੍ਹ 24 ਅਗਸਤ 2024 (ਫਤਿਹ ਪੰਜਾਬ) ਹਿਮਾਚਲ ਪ੍ਰਦੇਸ਼ ਵਿੱਚ ਪਹਾੜੀ ਇਲਾਕਿਆਂ ਵਿੱਚ ਸੈਰ-ਸਪਾਟੇ ਨੂੰ ਹੋਰ ਉਤਸ਼ਾਹਿਤ ਕਰਨ ਲਈ, ਰਾਜ ਸਰਕਾਰ ਚੰਡੀਗੜ੍ਹ, ਕੁੱਲੂ ਅਤੇ ਧਰਮਸ਼ਾਲਾ ਨੂੰ ਜੋੜਨ ਵਾਲੇ ਨਵੇਂ ਹਵਾਈ ਸਫਰ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਲਈ ਏਅਰਲਾਈਨਾਂ ਅਤੇ ਹੋਰ ਹਿੱਸੇਦਾਰਾਂ ਨਾਲ ਚਰਚਾ ਚੱਲ ਰਹੀ ਹੈ। 

ਉਧਰ ਚੰਡੀਗੜ੍ਹ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਅਤੇ ਅਯੁੱਧਿਆ ਨੂੰ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਵਿਉਂਤਬੰਦੀ ਉਲੀਕੀ ਜਾ ਰਹੀ ਹੈ। 

ਹਿਮਾਚਲ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਵਾਈ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਾ ਅਤੇ ਹਵਾਈ ਯਾਤਰਾ ਸਮੇਂ ਖਰਚੇ ਨੂੰ ਘਟਾਉਣਾ ਸੈਰ-ਸਪਾਟੇ ਦੇ ਟੀਚਿਆਂ ਨੂੰ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਲਗਾਤਾਰ ਯਤਨਾਂ ਕਾਰਨ ਇਸ ਵੇਲੇ ਚਾਰ ਹਵਾਈ ਉਡਾਣਾਂ ਚੱਲ ਰਹੀਆਂ ਹਨ, ਜੋ ਕਿ ਹਿਮਾਚਲ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦੀਆਂ ਹਨ।

ਦਿੱਲੀ-ਸ਼ਿਮਲਾ-ਦਿੱਲੀ ਅਤੇ ਸ਼ਿਮਲਾ-ਧਰਮਸ਼ਾਲਾ-ਸ਼ਿਮਲਾ ਉਡਾਣਾ ਰੋਜ਼ਾਨਾ ਚੱਲਦੀਆਂ ਹਨ, ਜਦੋਂਕਿ ਅੰਮ੍ਰਿਤਸਰ-ਸ਼ਿਮਲਾ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਕੁੱਲੂ-ਅੰਮ੍ਰਿਤਸਰ ਹਫਤੇ ਵਿੱਚ ਤਿੰਨ ਦਿਨ ਚੱਲਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨਵੀਂ ਹਵਾਈ ਉਡਾਣ ਸੜਕੀ ਯਾਤਰਾ ਸਮੇਂ ਨੂੰ ਬਚਾਉਣ ਅਤੇ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਹਾਈ ਹੋਵੇਗੀ।

ਸ੍ਰੀ ਹਜ਼ੂਰ ਸਾਹਿਬ ਅਤੇ ਅਯੁੱਧਿਆ ਨੂੰ ਸਿੱਧੀਆਂ ਉਡਾਣਾਂ ਲਈ ਚਰਚਾ

ਇਸੇ ਦੌਰਾਨ ਪਤਾ ਲੱਗਾ ਹੈ ਕਿ ਚੰਡੀਗੜ ਤੋਂ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਅਤੇ ਅਯੁੱਧਿਆ (ਉਤਰ ਪ੍ਰਦੇਸ) ਵਰਗੇ ਪ੍ਰਸਿੱਧ ਧਾਰਮਿਕ ਸਥਾਨ ਨੂੰ ਉੱਤਰ ਭਾਰਤ ਦੇ ਰਾਜਾਂ ਨਾਲ ਜੋੜਨ ਲਈ ਵੀ ਸਿੱਧੀਆਂ ਉਡਾਣਾਂ ਲਈ ਵਿਚਾਰਾਂ ਚੱਲ ਰਹੀਆਂ ਹਨ ਅਤੇ ਇਸ ਲਈ ਕੁੱਝ ਕੰਪਨੀਆਂ ਨੇ ਦਿਲਚਸਪੀ ਵੀ ਦਿਖਾਈ ਹੈ ਜੋ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਹੋ ਸਕਦੀਆਂ ਹਨ। ਚੰਡੀਗੜ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਬਾਰੇ ਲੋਕਾਂ ਦੀ ਚਿਰਾਂ ਤੋਂ ਮੰਗ ਹੈ ਅਤੇ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਸਮੇਤ ਸੰਸਦ ਮੈਂਬਰਾਂ ਨੇ ਕੇਂਦਰ ਅੱਗੇ ਇਹ ਮੰਗ ਰੱਖੀ ਹੈ ਜਿਸ ਨੂੰ ਹਾਲੇ ਬੂਰ ਪੈਣਾ ਬਾਕੀ ਹੈ।

Skip to content