ਚੰਡੀਗੜ੍ਹ 11 ਸਤੰਬਰ 2024 (ਫਤਿਹ ਪੰਜਾਬ) : ਪੰਜਾਬ ਦੇ ਡਾਇਰੈਕਟਰ-ਜਨਰਲ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਆਈਪੀਐਸ ਅਧਿਕਾਰੀ ਪਤਨੀ ਜਯੋਤੀ ਯਾਦਵ ਅਤੇ ਸਾਈਬਰ-ਕ੍ਰਾਈਮ ਸੈੱਲ ਦੀ ਸ਼ਿਕਾਇਤਕਰਤਾ ਪੁਲਿਸ ਇੰਸਪੈਕਟਰ ਦੀ ਭੂਮਿਕਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਏਡੀਜੀਪੀ ਵੀ. ਨੀਰਜਾ ਕਰਨਗੇ ਅਤੇ ਇਸ ਵਿੱਚ ਆਈਜੀਪੀ ਧਨਪ੍ਰੀਤ ਕੌਰ ਅਤੇ ਮੁਹਾਲੀ ਦੇ ਐਸਐਸਪੀ ਦੀਪਕ ਪਾਰੀਕ ਸ਼ਾਮਲ ਹੋਣਗੇ।

ਦੱਸ ਦੇਈਏ ਕਿ ਮੋਹਾਲੀ ਦੀ ਸਾਈਬਰ ਕ੍ਰਾਈਮ ਇੰਸਪੈਕਟਰ ਅਮਨਜੋਤ ਕੌਰ ਨੇ ਪੰਜਾਬ ਦੇ ਡੀਜੀਪੀ ਨੂੰ ਲਿਖੇ ਪੱਤਰ ਵਿੱਚ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੇ ਦੋਸ਼ ਲਾਏ ਹਨ ਜਿਸ ਵਿੱਚ ਉਸਨੇ ਸਿਆਸੀ ਅਤੇ ਪੁਲਿਸ ਅਧਿਕਾਰੀ ਦੀ ਦਖਲਅੰਦਾਜੀ ਦਾ ਵੀ ਦੋਸ਼ ਲਾਇਆ ਹੈ। 

ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਜਾਂਚ ਨੂੰ ਜਲਦ ਨੇਪਰੇ ਚਾੜਨ ਅਤੇ ਐਸਆਈਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਨੂੰ ਲਿਖੇ ਆਪਣੇ ਪੱਤਰ ਵਿੱਚ, ਮਹਿਲਾ ਪੁਲਿਸ ਇੰਸਪੈਕਟਰ ਨੇ ਪੰਜਾਬ ਵਿੱਚ ਕਥਿਤ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਵਿੱਚ ਇੱਕ ਵ੍ਹਿਸਲਬਲੋਅਰ ਹੋਣ ਦਾ ਦਾਅਵਾ ਕੀਤਾ ਸੀ ਅਤੇ ਪੰਜਾਬ ਦੇ ਉਕਤ ਮੰਤਰੀ ਅਤੇ ਉਸਦੀ ਪਤਨੀ ‘ਤੇ ਦਬਾਅ ਪਾਉਣ ਦੇ ਦੋਸ਼ ਲਗਾਏ ਸਨ।

ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਨੇ ਪਹਿਲਾਂ ਹੀ ਇੱਕ ਬਿਆਨ ਜਾਰੀ ਕਰਕੇ ਇੰਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਉਹ ਇੰਸਪੈਕਟਰ ਵਿਰੁੱਧ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਬੈਂਸ ਨੇ ਜਨਤਕ ਤੌਰ ‘ਤੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਕਸ ਸ਼ੀਸ਼ੇ ਵਾਂਗ ਸਾਫ਼ ਅਤੇ ਪਾਕ ਹੈ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।

ਮੁਹਾਲੀ ਪੁਲਿਸ ਦੇ ਸੂਤਰਾਂ ਅਨੁਸਾਰ ਮੁਹਾਲੀ ਸਾਈਬਰ ਸੈੱਲ ਦੀ ਪਹਿਲਾਂ ਇੰਚਾਰਜ ਰਹੀ ਉਕਤ ਸ਼ਿਕਾਇਤਕਰਤਾ ਉੱਪਰ ਕਥਿਤ ਤੌਰ ‘ਤੇ ਭੋਲੇ ਭਾਲੇ ਲੋਕਾਂ ਵਿਰੁੱਧ ਧੋਖਾਧੜੀ ਨਾਲ ਐਫਆਈਆਰ ਦਰਜ ਕਰਨ ਅਤੇ ਉਨ੍ਹਾਂ ਨੂੰ ਝੂਠੇ ਫਸਾਉਣ ਦੀ ਧਮਕੀ ਦੇ ਕੇ ਪੈਸੇ ਕਢਵਾਉਣ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸ ਦੀਆਂ ਧਮਕੀਆਂ ਹੇਠ ਉਸ ਦੀਆਂ ਸ਼ਰਤਾਂ ਮੰਨਣ ਲਈ ਸਹਿਮਤ ਹੋਏ ਤਾਂ ਉਨ੍ਹਾਂ ਦੀਆਂ ਐਫਆਈਆਰਜ਼ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।

ਉਕਤ ਇੰਸਪੈਕਟਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਮੋਹਾਲੀ ਵਿਖੇ ਇੱਕ ਬੇਸਮੈਂਟ ਵਿੱਚ ਚੱਲ ਰਿਹਾ ਇੱਕ ਧੋਖਾਧੜੀ ਵਾਲਾ ਕਾਲ ਸੈਂਟਰ ਕਥਿਤ ਤੌਰ ‘ਤੇ ਵਿਦੇਸ਼ੀ ਲੋਕਾਂ ਤੋਂ 100 ਕਰੋੜ ਰੁਪਏ ਤੋਂ ਵੱਧ ਇਕੱਠਾ ਕਰ ਕੇ ਵੱਡੀ ਰਕਮ ਵਸੂਲ ਰਿਹਾ ਸੀ। ਉਸ ਨੇ ਸ਼ੁਰੂਆਤੀ ਜਾਂਚ ਦੌਰਾਨ ਉਸ ਕਾਲ ਸੈਂਟਰ ਦੇ ਮਾਲਕ ਵਿਜੇ ਰਾਏ ਕਪੂਰੀਆ ਨੂੰ ਕਈ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਇੰਸਪੈਕਟਰ ਨੇ ਦੋਸ਼ ਲਾਇਆ ਕਿ ਕਪੂਰੀਆ ਦੇ ਉਕਤ ਮੰਤਰੀ ਹਰਜੋਤ ਬੈਂਸ ਨਾਲ ਸਬੰਧ ਸਨ, ਕਿਉਂਕਿ ਦੋਵੇਂ ਨੰਗਲ ਦੇ ਰਹਿਣ ਵਾਲੇ ਸਨ। ਸ਼ਿਕਾਇਤਕਰਤਾ ਇੰਸਪੈਕਟਰ ਨੇ ਆਪਣੇ ਪੱਤਰ ਵਿੱਚ ਇਹ ਵੀ ਦੋਸ਼ ਲਾਇਆ ਕਿ ਬੈਂਸ ਦੀ ਪਤਨੀ ਇਸ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਦਬਾਅ ਪਾ ਰਹੀ ਹੈ।

Skip to content