ਚੰਡੀਗੜ੍ਹ 2 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ਮੰਗਲਵਾਰ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਵਿਸ਼ਾਲ ਸਲਾਨਾ ਅਕਾਲੀ ਕਾਨਫਰੰਸ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸ਼ਿਰਕਤ ਕਰਨਗੇ ਰਾਜਸੀ ਰੈਲੀ ਨੂੰ ਸਫਲ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਬੀਤੇ ਸਮਿਆਂ ਦੌਰਾਨ ਬੇਅਦਬੀ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ ਧਾਰਮਿਕ ਸਜ਼ਾ ਵਜੋਂ ਤਨਖ਼ਾਹਾਂ ਲਾਏ ਜਾਣ ਉਪਰੰਤ ਪਾਰਟੀ ਵੱਲੋਂ ਕੋਈ ਪਹਿਲੀ ਰਾਜਨੀਤਿਕ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਕਈ ਵੱਡੇ ਧਾਰਮਿਕ ਅਤੇ ਸਮਾਜਿਕ ਦਿਵਸ ਗੁਜ਼ਰ ਚੁੱਕੇ ਹਨ ਪਰ ਅਕਾਲੀ ਦਲ ਵੱਲੋਂ ਇਹ ਦਿਵਸ ਨਹੀਂ ਮਨਾਏ ਗਏ। ਇੱਥੋਂ ਤੱਕ ਕਿ ਪਾਰਟੀ ਦੇ ਸਲਾਨਾ ਸਥਾਪਨਾ ਦਿਹਾੜੇ ਮੌਕੇ ਵੀ ਕੋਈ ਪ੍ਰੋਗਰਾਮ ਨਹੀਂ ਕਰਵਾਇਆ ਗਿਆ।
ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਾਲ ਨਵੰਬਰ ਵਿੱਚ ਪਾਰਟੀ ਦੀ ਵਾਗਡੋਰ ਸਭ ਤੋਂ ਸੀਨੀਅਰ ਅਤੇ ਸੀਨੀਅਰ ਅਕਾਲੀ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਸੌਂਪਦਿਆਂ ਅਸਤੀਫਾ ਦੇ ਦਿੱਤਾ ਸੀ। ਧਾਰਮਿਕ ਬੇਅਦਬੀਆਂ ਦੇ ਪ੍ਰਾਸਚਿਤ ਲਈ ਧਾਰਮਿਕ ਸਜ਼ਾ ਵਜੋਂ ਲਾਈ ਗਈ ਤਨਖਾਹ ਸਾਰੇ ਆਗੂਆਂ ਨੇ ਪੂਰੀ ਕਰ ਲਈ ਹੈ। ਇਸ ਮੌਕੇ ਅਕਾਲ ਤਖਤ ਸਾਹਿਬ ਵੱਲੋਂ ਨਾਲ ਹੀ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਤਿੰਨ ਦਿਨਾਂ ਦੇ ਅੰਦਰ ਅਕਾਲੀ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਲਈ ਕਿਹਾ ਗਿਆ ਸੀ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕੁੱਝ ਵੀ ਨਹੀਂ ਹੋਇਆ। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਬਾਗ਼ੀ ਤੇ ਦਾਗ਼ੀ ਧੜਿਆਂ ਨੂੰ ਏਕਤਾ ਕਰਨ ਦਾ ਸੱਦਾ ਦਿੰਦਿਆਂ ਛੇ ਮਹੀਨਿਆਂ ਦੇ ਅੰਦਰ ਪਾਰਟੀ ਦਾ ਪੁਨਰਗਠਨ ਕਰਨ ਲਈ Shiromani Gurdwara Parbandhak Committee SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਸੱਤ ਮੈਂਬਰੀ ਕਮੇਟੀ ਵੀ ਬਣਾਈ ਸੀ ਜਿਸ ਦੀ ਹਾਲੇ ਤੱਕ ਕੋਈ ਮੀਟਿੰਗ ਹੀ ਨਹੀਂ ਹੋਈ।