Skip to content

ਚੰਡੀਗੜ੍ਹ ਤੇ ਅੰਮ੍ਰਿਤਸਰ ਚ ਦੋ ਦਫ਼ਤਰ ਖੋਲ੍ਹੇ ਜਾਣਗੇ- ਸੰਵਿਧਾਨ ਲਈ ਬਣਾਈ ਕਮੇਟੀ

ਅੰਮ੍ਰਿਤਸਰ, 18 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਮਾਘੀ ਮੇਲੇ ਦੌਰਾਨ ਬਣਾਈ ਗਈ ਨਵੀਂ ਬਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਜਥੇਬੰਦੀ ਦੀ ਚੜ੍ਹਦੀ ਕਲਾ ਅਤੇ ਵਿਸਥਾਰ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਨ ਤੋਂ ਬਾਅਦ ਅਕਾਲ ਤਖਤ ਸਕੱਤਰੇਤ ਦੇ ਬਾਹਰ ਗੱਲਬਾਤ ਕਰਦਿਆਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਪਾਰਟੀ ਵਲੋਂ ਸਰਗਰਮੀਆਂ ਵਿੱਢਣ ਲਈ ਮੀਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚ ਦਫ਼ਤਰ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਸੱਤ ਮੈਂਬਰੀ ਸੰਵਿਧਾਨ ਅਤੇ ਏਜੰਡਾ ਕਮੇਟੀ ਬਣਾਈ ਹੈ ਜੋ ਪਾਰਟੀ ਦੇ ਸੰਵਿਧਾਨ ਦਾ ਫ਼ੈਸਲਾ ਕਰੇਗੀ।

ਇਸ ਮੌਕੇ ’ਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੀ ਹਾਜ਼ਰ ਸਨ। ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਪਾਰਟੀ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਜ਼ਰੂਰ ਲਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਵਿੱਚ ਵੀ ਆਪਣੇ ਉਮੀਦਵਾਰ ਖੜੇ ਕਰਾਂਗੇ।

ਅਕਾਲੀ ਦਲ ’ਤੇ ਲਾਏ ਇਲਜ਼ਾਮ
ਤਰਸੇਮ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੋਂ ਕਿਹਾ ਗਿਆ ਹੈ ਕਿ ਅਕਾਲੀ ਦਲ ਹੁਣ ਪੰਜਾਬ ਦੀ ਰਾਹਿਨੁਮਾਈ ਕਰਨ ਦਾ ਨੈਤਿਕ ਹੱਕ ਖੋਹ ਬੈਠਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਥੇਦਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਿੰਘ ਸਾਹਿਬਾਨ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ 7 ਮੈਂਬਰੀ ਕਮੇਟੀ ਨੂੰ ਨਹੀਂ ਮੰਨਦੇ, ਤਾਂ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਕਿਵੇਂ ਮੰਨਣਗੇ?

ਮੈਂਬਰਸ਼ਿਪ ਮੁਹਿੰਮ ਤੇ ਪਾਰਟੀ ਸੰਵਿਧਾਨ ਬਣਾਉਣ ਦੀ ਯੋਜਨਾ
ਤਰਸੇਮ ਸਿੰਘ ਨੇ ਦੱਸਿਆ ਕਿ ਪਾਰਟੀ ਸ਼ੁਰੂ ਵਿੱਚ ਹਰ ਜ਼ਿਲ੍ਹੇ ਵਿੱਚੋਂ ਪੰਜ ਮੈਂਬਰਾਂ ਦੀ ਚੋਣ ਕਰੇਗੀ ਜੋ ਜ਼ਿਲ੍ਹੇ ਪੱਧਰ ’ਤੇ ਮੈਂਬਰਸ਼ਿਪ ਮੁਹਿੰਮ ਚਲਾਉਣਗੇ। ਮੈਂਬਰਸ਼ਿਪ ਮੁਹਿੰਮ ਦੇ ਮਾਤਹਿਤ ਜ਼ਿਲ੍ਹਾ ਪੱਧਰ ’ਤੇ 11 ਮੈਂਬਰੀ ਕਾਰਜਕਾਰੀ ਕਮੇਟੀਆਂ ਬਣਾਈਆਂ ਜਾਣਗੀਆਂ। ਮੈਂਬਰਾਂ ਵਿੱਚੋਂ ਹੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।ਪਾਰਟੀ ਦਾ ਸੰਵਿਧਾਨ ਬਣਾਉਣ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਲੋਕਾਂ ਦੀ ਰਾਏ ਅਤੇ ਗੱਲਬਾਤ ਦੇ ਆਧਾਰ ’ਤੇ ਸੰਵਿਧਾਨ ਤਿਆਰ ਕਰੇਗੀ।

ਅਕਾਲੀ ਦਲ ਲਈ ਚੁਣੌਤੀ
ਤਰਸੇਮ ਸਿੰਘ ਨੇ ਕਿਹਾ ਕਿ ਪਾਰਟੀ ਦਾ ਐਲਾਨ ਹੋਣ ਤੋਂ ਬਾਅਦ, ਲੋਕ ਬੇਹੱਦ ਉਤਸਾਹਤ ਹਨ ਤੇ ਮੈਂਬਰ ਬਣਨ ਲਈ ਬੇਹਿਸਾਬ ਫੋਨ ਆ ਰਹੇ ਹਨ। ਦੂਜੇ ਪਾਸੇ, ਅਕਾਲੀ ਦਲ (ਬਾਦਲ) ਨੇ ਵੀ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਪਰ, ਪਾਰਟੀ ਦੇ ਅੰਦਰੂਨੀ ਝਗੜੇ ਅਤੇ ਬਿਖਰਾਅ ਦਾ ਸਿੱਧਾ ਲਾਭ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਮਿਲ ਸਕਦਾ ਹੈ। ਜਿੰਨਾ ਜ਼ਿਆਦਾ ਲੋਕ ਵਾਰਿਸ ਪੰਜਾਬ ਦੇ ਨਾਲ ਜੁੜਨਗੇ, ਉਨਾਂ ਨੁਕਸਾਨ ਅਕਾਲੀ ਦਲ ਨੂੰ ਹੋਵੇਗਾ।

error: Content is protected !!