ਅੰਮ੍ਰਿਤਸਰ 27 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਐਤਵਾਰ ਨੂੰ ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਸਥਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਇੱਕ ਨੌਜਵਾਨ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸ ਉਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ। ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਨਾਂ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਦੱਸ ਦੇਈਏ ਕਿ ਜਿਸ ਪੌੜੀ ਨਾਲ ਉਨ੍ਹਾਂ ਨੂੰ ਮਾਲਾ ਚੜ੍ਹਾਈ ਜਾਂਦੀ ਹੈ ਉਸ ਪੌੜੀ ‘ਤੇ ਚੜ੍ਹ ਕੇ ਨੌਜਵਾਨ ਨੇ ਬੁੱਤ ‘ਤੇ ਜ਼ੋਰ-ਜ਼ੋਰ ਨਾਲ ਹਥੌੜੇ ਨਾਲ ਤੋੜਨਾ ਸ਼ੁਰੂ ਕਰ ਦਿੱਤਾ। ਕੁੱਲ 24 ਸੈਕਿੰਡਾਂ ਵਿੱਚ ਉਸ ਨੇ 8 ਵਾਰੀ ਤੋੜਨ ਦਾ ਯਤਨ ਕੀਤਾ। ਉਸ ਨੇ ਬਾਬਾ ਸਾਹਿਬ ਦੇ ਹੱਥ ‘ਚ ਫੜੀ ਸੰਵਿਧਾਨ ਦੀ ਕਿਤਾਬ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੂੰ ਲੈ ਕੇ ਕਈ ਜਥੇਬੰਦੀਆਂ ਨੇ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਅਨੁਸਾਰ ਮੁਲਜ਼ਮ ਆਕਾਸ਼ਦੀਪ ਸਿੰਘ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹੈ। ਦੋਸ਼ੀ ਨੇ ਬੁੱਤ ਨੂੰ ਤੋੜਨ ਲਈ ਹਥੌੜੇ ਦੀ ਵਰਤੋਂ ਕੀਤੀ ਅਤੇ ਬੁੱਤ ਦੇ ਸਾਹਮਣੇ ਪੱਥਰ ਨਾਲ ਉੱਕਰੀ ਸੰਵਿਧਾਨ ਪੁਸਤਕ ਨੂੰ ਸਾੜਨ ਲਈ ਜਲਣਸ਼ੀਲ ਸਮੱਗਰੀ ਪਾ ਦਿੱਤੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਬਾਰੇ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵੱਖ-ਵੱਖ ਨੇਤਾਵਾਂ ਵੱਲੋਂ ਘਟਨਾ ਦੀ ਨਿੰਦਾ
ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ, ਸ਼੍ਰੋਮਣੀ ਅਕਾਲ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਨਿੰਦਣਯੋਗ ਹੈ ਅਤੇ ਸਾਡੇ ਸਮਾਜ ਨੂੰ ਵੰਡਣ ਅਤੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਅਜਿਹੀਆਂ ਕਾਰਵਾਈਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਮੈਂ ਪੰਜਾਬੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹਾਂ।
ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਨੇਤਾ ਸੁਖਬੀਰ ਬਾਦਲ ਨੇ ਕਿਹਾ ਕਿ “ਇਸ ਘਿਨਾਉਣੇ ਕਾਰੇ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਮੈਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਅਤੇ ਇਸ ਸ਼ਰਮਨਾਕ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਪੂਰੀ ਜਾਂਚ ਦੀ ਮੰਗ ਕਰਦਾ ਹਾਂ। ਆਓ ਆਪਾਂ ਆਪਣੇ ਸਮਾਜ ਵਿੱਚ ਵੰਡੀਆਂ ਪਾਉਣ ਦੀਆਂ ਅਜਿਹੀਆਂ ਘਿਣਾਉਣੀਆਂ ਕੋਸ਼ਿਸ਼ਾਂ ਵਿਰੁੱਧ ਇੱਕਜੁੱਟ ਹੋਈਏ।”
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ, “ਇਹ ਕਾਰਵਾਈ ਸਾਡੇ ਸੰਵਿਧਾਨ ਅਤੇ ਸਮਾਨਤਾ ਦੀਆਂ ਕਦਰਾਂ-ਕੀਮਤਾਂ ‘ਤੇ ਹਮਲਾ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਪੰਜਾਬ ਸਰਕਾਰ ਉਸ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਏਗੀ।”
ਸਥਾਨਕ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸ਼ਰਾਰਤੀ ਅਨਸਰਾਂ ਵਿਰੁੱਧ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ। “ਅੰਬੇਡਕਰ ਦੀ ਵਿਰਾਸਤ ਸਾਡੇ ਲੋਕਤੰਤਰ ਦੀ ਨੀਂਹ ਹੈ ਅਤੇ ਇਸਦੀ ਰੱਖਿਆ ਅਤੇ ਸਨਮਾਨ ਕਰਨਾ ਸਾਡਾ ਫਰਜ਼ ਹੈ।”
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਜ ਵਿੱਚ ‘ਆਪ’ ਸਰਕਾਰ ਨੂੰ ਕਾਨੂੰਨ ਵਿਵਸਥਾ ਵਿਗੜਨ ਲਈ ਜ਼ਿੰਮੇਵਾਰ ਠਹਿਰਾਇਆ। “ਪੰਜਾਬ ‘ਆਪ’ ਦੀ ਭਗਵੰਤ ਮਾਨ ਸਰਕਾਰ ਡੂੰਘੀ ਨੀਂਦ ਵਿੱਚ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਗਈ ਹੈ। ਮੁੱਖ ਮੰਤਰੀ ਸੈਰ-ਸਪਾਟੇ ਵਿੱਚ ਰੁੱਝੇ ਹੋਏ ਹਨ ਜਦੋਂ ਕਿ ਬੀਆਰ ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਸੰਵਿਧਾਨ ਦਾ ਅਪਮਾਨ ਕੀਤਾ ਗਿਆ ਹੈ।