ਨਵੀਂ ਦਿੱਲੀ 31 ਜਨਵਰੀ 2026 (ਫਤਿਹ ਪੰਜਾਬ ਬਿਊਰੋ) ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਤੋਂ ਪੰਜ ਦਿਨ ਪਹਿਲਾਂ ਸ਼ੁੱਕਰਵਾਰ ਨੂੰ Aam Aadmi Party AAP ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਮਹਿਰੌਲੀ ਹਲਕੇ ਤੋਂ ਮੌਜੂਦਾ ਵਿਧਾਇਕ ਨਰੇਸ਼ ਯਾਦਵ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਦੱਸ ਦੇਈਏ ਕਿ ਕੁਰਾਨ ਬੇਅਦਬੀ ਕੇਸ ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ‘ਆਪ’ ਨੇ ਟਿਕਟ ਵਾਪਸ ਲੈ ਕੇ ਉੱਥੋਂ ਮਹਿੰਦਰ ਚੌਧਰੀ ਨੂੰ ਉਮੀਦਵਾਰ ਐਲਾਨਿਆ ਸੀ।
ਯਾਦ ਰਹੇ ਕਿ ਪੰਜਾਬ ਦੇ ਮਾਲੇਰਕੋਟਲਾ ਸ਼ਹਿਰ ਵਿੱਚ 24 ਜੂਨ 2016 ਨੂੰ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀ ਦੇ ਮੁਕੱਦਮੇ ’ਚ ਜ਼ਿਲ੍ਹਾ ਅਦਾਲਤ ਨੇ ਬੀਤੀ 30 ਨਵੰਬਰ ਨੂੰ ਉਕਤ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਇਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 4 ਦਸੰਬਰ ਨੂੰ ਜ਼ਮਾਨਤ ਮਿਲ ਗਈ ਸੀ।
ਵੋਟਾਂ ਦੇ ਬਿਲਕੁਲ ਨੇੜੇ ਨਰੇਸ਼ ਯਾਦਵ ਦਾ ਪਾਰਟੀ ਛੱਡਣਾ ‘ਆਪ’ ਲਈ ਸਿਰਦਰਦੀ ਸਾਬਤ ਹੋਵੇਗਾ। ਨਰੇਸ਼ ਯਾਦਵ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ ਜਾਂ ਆਉਣ ਵਾਲੀਆਂ ਚੋਣਾਂ ਇੱਕ ਆਜ਼ਾਦ ਉਮੀਦਵਾਰ ਵਜੋਂ ਲੜਨਗੇ।
ਅਸਤੀਫ਼ੇ ਵਿੱਚ ਕੀ ਲਿਖਿਆ ਸੀ।
ਨਰੇਸ਼ ਯਾਦਵ ਨੇ ਆਪਣੇ ਅਸਤੀਫ਼ੇ ਪੱਤਰ ਵਿੱਚ ਲਿਖਿਆ ਹੈ ਕਿ “ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਪੈਦਾ ਹੋਈ ਸੀ, ਅੰਨਾ ਅੰਦੋਲਨ ਭਾਰਤੀ ਰਾਜਨੀਤੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਸੀ ਪਰ ਹੁਣ ਮੈਨੂੰ ਬਹੁਤ ਦੁੱਖ ਹੈ ਕਿ ਪਾਰਟੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਘੱਟ ਨਹੀਂ ਕਰ ਸਕੀ ਸਗੋਂ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਈ ਹੈ।”
ਉਸਨੇ ਲਿਖਿਆ ਹੈ ਕਿ “ਮਹਿਰੌਲੀ ਦੇ ਲੋਕ ਜਾਣਦੇ ਹਨ ਕਿ ਮੈਂ ਇਮਾਨਦਾਰੀ ਦੀ ਰਾਜਨੀਤੀ, ਚੰਗੇ ਵਿਵਹਾਰ ਦੀ ਰਾਜਨੀਤੀ ਅਤੇ ਕੰਮ ਦੀ ਰਾਜਨੀਤੀ ਕੀਤੀ ਹੈ। ਮੈਂ ਮਹਿਰੌਲੀ ਵਿੱਚ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਸਾਰਿਆਂ ਨੇ ਕਿਹਾ ਕਿ ਪਾਰਟੀ ਹੁਣ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਫਸ ਚੁੱਕੀ ਹੈ ਤੇ ਤੁਹਾਨੂੰ ਇਹ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹ ਕਹਿੰਦੇ ਸਨ ਕਿ ਉਹ ਇਮਾਨਦਾਰੀ ਦੀ ਰਾਜਨੀਤੀ ਕਰਨਗੇ ਪਰ ਅੱਜ ਉਹ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ।”
ਯਾਦਵ ਨੇ ਅਸਤੀਫੇ ਵਿੱਚ ਇਹ ਵੀ ਲਿਖਿਆ ਹੈ ਕਿ “ਆਮ ਆਦਮੀ ਪਾਰਟੀ ਵਿੱਚ ਕੁਝ ਹੀ ਲੋਕ ਬਚੇ ਹਨ ਜੋ ਇਮਾਨਦਾਰ ਰਾਜਨੀਤੀ ਕਰਦੇ ਹਨ। ਮੇਰਾ ਉਨ੍ਹਾਂ ਨਾਲ ਪਿਆਰ ਅਤੇ ਦੋਸਤੀ ਹਮੇਸ਼ਾ ਬਣੀ ਰਹੇਗੀ ਅਤੇ ਮੈਂ ਮਹਿਰੌਲੀ ਦੇ ਲੋਕਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ।”
ਹੋਰ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ