ਉਗਰਾਹਾਂ ਵੱਲੋਂ ਕਿਸਾਨ ਏਕਤਾ ਮੀਟਿੰਗ ਲਈ ਸੱਦਾ ਦੇਣ ਦਾ ਸਵਾਗਤ
ਚੰਡੀਗੜ੍ਹ, 19 ਫਰਵਰੀ 2025 (ਫਤਿਹ ਪੰਜਾਬ ਬਿਊਰੋ)
ਕਿਸਾਨ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਾਰੀ ਸਰਗਰਮੀਆਂ ਦੀ ਕੜੀ ਵਜੋਂ ਐਤਕੀਂ ਸ਼ੰਭੂ ਅਤੇ ਢਾਬੀ ਗੁਜਰਾਂ (ਖਨੌਰੀ) ਬਾਰਡਰਾਂ ਉਤੇ ਸੰਘਰਸ਼ ਦੀ ਅਗਵਾਈ ਕਰ ਰਹੀਆਂ ਦੋਵੇਂ ਫੋਰਮਾਂ Sanyukt Kisan Morcha ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ Kisan Mazdoor Morcha ਕਿਸਾਨ ਮਜ਼ਦੂਰ ਮੋਰਚਾ ਨੇ ਖੁਦ ਇਸ ਵਾਰ ਅੱਗੇ ਵਧਦਿਆਂ ਐਸਕੇਐਮ ਭਾਰਤ SKM ਨੂੰ ਏਕਤਾ ਮੁਲਾਕਾਤ ਲਈ ਪੱਤਰ ਲਿਖਿਆ ਹੈ।
ਸ਼ੰਭੂ ਬਾਰਡਰ ‘ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੱਤਰ ਵਿਚ ਦੋਵੇਂ ਜਥੇਬੰਦੀਆਂ ਨੇ 27 ਫਰਵਰੀ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਚੌਥੇ ਗੇੜ ਦੀ ਅਗਲੀ ਏਕਤਾ ਮੀਟਿੰਗ ਲਈ ਇਕੱਤਰ ਹੋਣ ਦਾ ਸੱਦਾ ਪੱਤਰ ਭੇਜਿਆ ਹੈ ਜੋ ਕਿ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੋਹਾਂ ਫੋਰਮਾਂ ਵੱਲੋਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਬਰਸੀ ‘ਤੇ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸਾਨ 22 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਚੰਗੇ ਨਤੀਜੇ ਚਾਹੁੰਦੇ ਹਨ ਤਾਂ ਬਾਰਡਰਾਂ ‘ਤੇ ਅੰਦੋਲਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।
ਉਗਰਾਹਾਂ ਵੱਲੋਂ ਸੱਦੇ ਦਾ ਸਵਾਗਤ
ਐੱਸਕੇਐੱਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਸੱਦੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸਕੇਐੱਮ ਹਮੇਸ਼ਾ ਏਕਤਾ ਦਾ ਮੁਦੱਈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਖਰੇਵੇਂ ਹੋ ਜਾਣਾ ਸਾਧਾਰਨ ਗੱਲ ਹੈ ਪਰ ਸਾਂਝੇ ਸੰਘਰਸ਼ ਸਾਂਝੇ ਰੂਪ ’ਚ ਲੜ ਕੇ ਸੌਖਿਆਂ ਜਿੱਤੇ ਜਾ ਸਕਦੇ ਹਨ ਅਤੇ ਇਹ ਵੱਡੀ ਲੜਾਈ ਜਿੱਤਣ ਲਈ ਵੀ ਇਕਜੁੱਟਤਾ ਦੀ ਲੋੜ ਹੈ।