ਸੱਤ ਮੈਂਬਰੀ ਕਮੇਟੀ ਬਾਰੇ ਆਦੇਸ਼ ਦੀ ਪਾਲਣਾ ਹੋਵੇ – ਗਿਆਨੀ ਰਘਬੀਰ ਸਿੰਘ ਨੇ ਫੇਰ ਦੁਹਰਾਇਆ
ਅੰਮ੍ਰਿਤਸਰ 22 ਫਰਵਰੀ 2025 (ਫ਼ਤਿਹ ਪੰਜਾਬ ਬਿਊਰੋ) ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੱਤ ਮੈਂਬਰੀ ਟੀਮ ਦੇ ਗਠਨ ਬਾਰੇ ਦਿੱਤੇ ਹੁਕਮ ਅਨੁਸਾਰ ਸਭ ਨੂੰ ਪੂਰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਅਸਤੀਫੇ ਤੇ ਵੀ ਪੂਰਨ ਵਿਚਾਰ ਕਰਨਾ ਚਾਹੀਦਾ ਹੈ। ਸਿਆਸੀ ਤੇ ਧਾਰਮਿਕ ਹਲਕਿਆਂ ਵਿੱਚ ਜਥੇਦਾਰ ਦਾ ਤਾਜ਼ਾ ਤੇ ਤਿੱਖਾ ਪ੍ਰਤੀਕਰਮ ਅਗਲੇ ਦਿਨਾਂ ਵਿੱਚ ਕੀ ਕਰਵਟ ਲਵੇਗਾ ਇਹ ਧਾਮੀ ਦੇ ਅਸਤੀਫੇ ਅਤੇ ਸੱਤ ਮੈਂਬਰੀ ਕਮੇਟੀ ਦੇ ਫੈਸਲੇ ਉੱਤੇ ਨਿਰਭਰ ਹੈ ਪਰ ਇਸ ਬਿਆਨ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜਿਆਂ (ਬਾਗ਼ੀ ਤੇ ਦਾਗ਼ੀ ਵਜੋਂ ਪ੍ਰਚਾਰੇ ਜਾਂਦੇ) ਦੀ ਜਨਤਕ ਲੜਾਈ ਹੋਰ ਤੇਜ਼ ਹੋਣ ਸਮੇਤ ਸੁਧਾਰ ਲਹਿਰ ਵਾਲੇ ਧੜੇ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਗਤੀਵਿਧੀਆਂ ਨੂੰ ਹੋਰ ਉਤਸ਼ਾਹ ਮਿਲ ਸਕਦਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਉਨਾਂ ਸਪੱਸ਼ਟ ਕਿਹਾ ਕਿ ਉਹ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹਮੇਸ਼ਾ ਹੱਕ ਵਿੱਚ ਆਪਣੇ ਨਿੱਜੀ ਅਕਾਊਂਟ ਉਤੇ ਪੋਸਟ ਪਾਈ ਸੀ ਤੇ ਇਹ ਮੇਰੇ ਨਿੱਜੀ ਵਲਵਲਿਆਂ ਦਾ ਪ੍ਰਗਟਾਵਾ ਸੀ ਜਿਸ ਪਿੱਛੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਸ ਪੋਸਟ ਨੂੰ ਆਧਾਰ ਬਣਾ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਵਧੇਰੇ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ
ਆਪਣੇ ਅਸਤੀਫੇ ਬਾਰੇ ਉਹਨਾਂ ਸਪੱਸ਼ਟ ਕੀਤਾ ਕਿ “ਜੇਕਰ ਉਹਨਾਂ ਦੇ ਅਸਤੀਫੇ ਦੀ ਗੱਲ ਉੱਠ ਰਹੀ ਹੈ ਤਾਂ ਜੇ ਗੁਰੂ ਦੇ ਹੁਕਮ ਦੇ ਵਿੱਚ ਉੱਨਾਂ ਦਾ ਵੀ ਅਸਤੀਫਾ ਹੋਇਆ ਤਾਂ ਉਹ ਜਰੂਰ ਦਿੱਤਾ ਜਾਵੇਗਾ।”
ਗਿਆਨੀ ਰਘਬੀਰ ਸਿੰਘ ਨੇ ਤਨਜ਼ ਭਰੇ ਅੰਦਾਜ਼ ਵਿੱਚ ਕਿਹਾ ਕਿ “ਉਹਨਾਂ ਨੂੰ ਤਾਂ ਹੁਣ ਹੀ 1925 ਦੇ ਗੁਰਦੁਆਰਾ ਐਕਟ ਦੇ ਬਾਰੇ ਅਤੇ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ ਦਾ ਵੀ ਹੁਣ ਹੀ ਪਤਾ ਲੱਗਿਆ ਹੈ ਕਿ ਉਹਨਾਂ ਦਾ ਅਧਿਕਾਰ ਖੇਤਰ ਤਾਂ ਸਿਰਫ ਅਕਾਲ ਤਖਤ ਸਾਹਿਬ ਦੀ ਚਾਰ ਦੁਵਾਰੀ ਦੇ ਅੰਦਰ ਹੀ ਚਲਦਾ ਹੈ। ਜੋ ਵੀ ਕੱਲ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਮੈਨੂੰ ਆ ਕੇ ਦੱਸਿਆ ਗਿਆ ਹੈ ਮੈਂ ਉਸ ਨੂੰ ਬਹੁਤ ਵਧੀਆ ਢੰਗ ਨਾਲ ਸਮਝ ਰਿਹਾ ਹਾਂ।”
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਇਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਹੀ ਬਿਆਨ ਦੇਣੇ ਚਾਹੀਦੇ ਹਨ।
ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਅਕਾਲ ਤਖਤ ਸਾਹਿਬ ਵੱਲੋਂ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਸਦੀ ਪੈਰਵਾਈ ਹਰਜਿੰਦਰ ਸਿੰਘ ਧਾਮੀ ਨੂੰ ਕਰਨੀ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਧਾਮੀ ਆਪਣਾ ਅਸਤੀਫਾ ਵਾਪਸ ਲੈ ਕੇ ਦੁਬਾਰਾ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਹੁਦਾ ਸਾਂਭਣ ਕਿਉਂਕਿ ਉਹ ਇੱਕ ਇਮਾਨਦਾਰ ਅਤੇ ਬੇਦਾਗ ਪ੍ਰਧਾਨ ਹਨ।
ਜਥੇਦਾਰ ਨੇ ਬੋਲਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਬਾਰੇ ਹਰ ਇੱਕ ਵਿਅਕਤੀ ਉਸ ਫਸੀਲ ਵੱਲ ਹੀ ਧਿਆਨ ਕੇਂਦਰਿਤ ਕਰਦਾ ਹੈ ਕਿ ਕੋਈ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਵੇਗਾ, ਉਹ ਸਰਵਉਚ ਹੋਵੇਗਾ।
ਵਧੇਰੇ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ