ਪੰਜਾਬ ਚ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ: ਭਗਵੰਤ ਮਾਨ
ਅੰਮ੍ਰਿਤਸਰ, 15 ਮਾਰਚ 2025 (ਫਤਿਹ ਪੰਜਾਬ ਬਿਊਰੋ) ਅੰਮ੍ਰਿਤਸਰ-ਅਟਾਰੀ ਰੋਡ ‘ਤੇ ਖੰਡ ਵਾਲਾ ਚੌਂਕ ਨੇੜੇ ਸਥਿਤ ਇੱਕ ਛੋਟੇ ਮੰਦਰ ‘ਠਾਕੁਰ ਦੁਆਰਾ’ ਦੇ ਬਾਹਰ ਬੀਤੀ ਰਾਤ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ। ਇਹ ਘਟਨਾ ਰਾਤ ਲਗਭਗ 12:35 ਵਜੇ ਵਾਪਰੀ ਜਿਸ ਵਿੱਚ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਪਰ ਇਸ ਨੇ ਸਰਹੱਦ ਪਾਰੋਂ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੀਆਂ ਸਾਜ਼ਿਸ਼ਾਂ ਬਾਰੇ ਚਿੰਤਾ ਪੈਦਾ ਕਰ ਦਿੱਤੀ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ, ਸੀਸੀਟੀਵੀ ਫੁਟੇਜ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮੰਦਰ ਦੇ ਬਾਹਰ ਆਉਂਦੇ-ਜਾਂਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਇੱਕ ਵਿਸਫੋਟਕ ਪਦਾਰਥ ਮੰਦਰ ਵੱਲ ਸੁੱਟਿਆ ਜੋ ਮੰਦਰ ਦੇ ਬਾਹਰ ਸੜਕ ‘ਤੇ ਹੀ ਫਟ ਗਿਆ। ਇਸ ਧਮਾਕੇ ਨਾਲ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਸਮੇਂ ਮੰਦਰ ਦਾ ਪੁਜਾਰੀ ਅੰਦਰ ਸੌਂ ਰਿਹਾ ਸੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡੀਸੀਪੀ ਜਾਂਚ ਰਵਿੰਦਰਪਾਲ ਸਿੰਘ ਸੰਧੂ ਨਾਲ ਮੌਕੇ ‘ਤੇ ਪਹੁੰਚ ਕੇ ਮੀਡੀਆ ਨੂੰ ਦੱਸਿਆ, “ਧਮਾਕੇ ਦੀ ਜਾਣਕਾਰੀ ਮਿਲਣ ਤੇ ਮੈਂ ਤੁਰੰਤ ਇੱਥੇ ਪਹੁੰਚ ਗਿਆ। ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ, ਅਤੇ ਮੈਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ। ਇਹ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਇੱਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੁਝ ਸਥਾਨਕ ਨੌਜਵਾਨ ਵੀ ਇਸ ਵਿੱਚ ਸ਼ਾਮਲ ਹੋ ਜਾਂਦੇ ਹਨ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ।”
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਫੋਰੈਂਸਿਕ ਟੀਮ ਧਮਾਕੇ ਦੇ ਮੌਕੇ ‘ਤੇ ਸਬੂਤ ਇਕੱਠੇ ਕਰ ਰਹੀ ਹੈ। ਅਧਿਕਾਰੀ ਸੀਸੀਟੀਵੀ ਫੁਟੇਜ ਦੀ ਵੀ ਵਿਸ਼ਲੇਸ਼ਣ ਕਰ ਰਹੇ ਹਨ ਤਾਂ ਜੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਇਸ ਦੌਰਾਨ, ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਮਾਕੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਜੇ ਵੀ ਅਸਥਿਰਤਾ ਦਾ ਨਿਸ਼ਾਨਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ, “ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਵਿੱਚ ਗੈਂਗਸਟਰਾਂ ਦੁਆਰਾ ਫਿਰੌਤੀ ਦੀਆਂ ਮੰਗਾਂ ਵੀ ਸ਼ਾਮਲ ਹਨ। ਹਾਲਾਂਕਿ, ਸਾਡੀ ਪੁਲਿਸ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।”
ਪਿਛਲੇ ਦਿਨਾਂ ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੋਗਾ ਕਤਲ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ ਅਤੇ ਪੁਲਿਸ ਨੇ 24 ਘੰਟੇ ਦੇ ਅੰਦਰ ਹੀ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਖੰਨੇ ਤੋਂ ਇੱਕ ਬੱਚੇ ਦੇ ਅਗਵਾ ਦਾ ਕੇਸ ਵੀ 24 ਘੰਟੇ ਵਿੱਚ ਹੀ ਹੱਲ ਕਰ ਲਿਆ ਗਿਆ। ਡਰੋਨ ਸਰਹੱਦ ਪਾਰ ਤੋਂ ਭੇਜੇ ਜਾ ਰਹੇ ਹਨ, ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਸ਼ਾਂਤੀ ਅਤੇ ਸਦਭਾਵਨਾ ਨੂੰ ਕਿਸੇ ਵੀ ਹਾਲਤ ਵਿੱਚ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।”