ਸਮਾਜਿਕ ਦਬਾਅ ਪਿੱਛੋਂ ਪੁਲਿਸ ਨੇ ਭੈਣ-ਭਰਾ ਨੂੰ ਚੁੱਕਿਆ ; ਮਜਬੂਰ ਹੋ ਕੇ ਕੀਤਾ ਸਰੰਡਰ
ਗੁਰਦਾਸਪੁਰ, 9 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) BCA ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਮੁਕੱਦਮੇ ਵਿੱਚ ਫਰਾਰ ਪਾਦਰੀ (ਪਾਸਟਰ) ਜਸ਼ਨ ਗਿੱਲ ਨੇ ਆਖ਼ਿਰਕਾਰ ਬੁੱਧਵਾਰ ਨੂੰ ਗੁਰਦਾਸਪੁਰ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ।
ਦੱਸਣਯੋਗ ਹੈ ਕਿ ਪੀੜਤਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਹੋਣ ਦੇ ਬਾਵਜੂਦ ਪੁਲਿਸ ਨੇ ਲਗਭਗ ਦੋ ਸਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰ ਜਦ ਮੀਡੀਆ ਨੇ ਮਾਮਲੇ ਨੂੰ ਚੁੱਕਿਆ ਤਾਂ ਪੁਲਿਸ ਨੇ ਪਾਸਟਰ ਨੂੰ ਭਗੌੜਾ ਐਲਾਨ ਦਿੱਤਾ ਅਤੇ ਉਸ ਫੜਨ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ। ਬੀਤੇ ਦੋ ਦਿਨਾਂ ਦੌਰਾਨ ਪੁਲਿਸ ਨੇ ਉਕਤ ਜਸ਼ਨ ਗਿੱਲ ਦੇ ਭਰਾ ਪ੍ਰੇਮ ਮਸੀਹ, ਨਿਵਾਸੀ ਜੰਮੂ ਅਤੇ ਉਸ ਦੀ ਭੈਣ ਮਾਰਥਾ, ਨਿਵਾਸੀ ਪਿੰਡ ਮੁੰਡੀ, ਖਰੜ, ਜ਼ਿਲ੍ਹਾ ਮੋਹਾਲੀ ਨੂੰ ਉਸ ਨੂੰ ਸ਼ਰਣ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਦੋਹਾਂ ਨੂੰ ਪੁਲਿਸ ਰਿਮਾਂਡ ਮੁਕੰਮਲ ਹੋਣ ਉਪਰੰਤ ਹੁਣ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਹੈ।
ਪੁਲਿਸ ਦੇ ਵਧ ਰਹੇ ਦਬਾਅ ਅਤੇ ਪਰਿਵਾਰਕ ਮੈਂਬਰਾਂ ਦੀ ਗ੍ਰਿਫ਼ਤਾਰੀ ਕਾਰਨ ਆਖ਼ਿਰਕਾਰ ਜਸ਼ਨ ਗਿੱਲ ਨੂੰ ਨਿਰਾਸ਼ ਹੋ ਕੇ ਅਦਾਲਤ ਦੀ ਸ਼ਰਨ ਲੈਣੀ ਪਈ।
ਪੁਲਿਸ ਸੂਤਰਾਂ ਮੁਤਾਬਕ ਹੁਣ ਅਦਾਲਤ ਤੋਂ ਪਾਸਟਰ ਦਾ ਰਿਮਾਂਡ ਹਾਸਲ ਕਰਨ ਉਪਰੰਤ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਸਾਲਾਂ ਦੌਰਾਨ ਕਿੱਥੇ ਲੁਕਿਆ ਹੋਇਆ ਸੀ ਅਤੇ ਕੌਣ-ਕੌਣ ਉਸ ਦੀ ਮਦਦ ਕਰਦਾ ਰਿਹਾ ਸੀ।