ਮੁਲਜ਼ਮ ਦੀ ਸਰਕਾਰੀ ਕਾਰ ਵੀ ਕਬਜ਼ੇ ਵਿੱਚ ਲਈ 

ਚੰਡੀਗੜ੍ਹ 1 ਮਈ, 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪਨਸਪ ਦੇ ਜਨਰਲ ਮੈਨੇਜਰ ਅਜੀਤ ਪਾਲ ਸਿੰਘ ਸੈਣੀ, ਜਿਸ ਕੋਲ ਖਰੀਦ, ਸਟੋਰੇਜ, ਵਪਾਰਕ, ਨਿਰਮਾਣ ਅਤੇ ਮੁੱਖ ਵਿਜੀਲੈਂਸ ਅਧਿਕਾਰੀ (ਸੀਵੀਓ) ਦਾ ਵੀ ਚਾਰਜ ਹੈ , ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।

ਅੱਜ ਇੱਥੇ ਇਹ ਜਾਣਕਾਰੀ  ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਪਨਸਪ ਦੇ ਉਕਤ ਜਨਰਲ ਮੈਨੇਜਰ ਨੇ ਕੁੱਲ 1.25 ਕਰੋੜ ਰੁਪਏ ਦੀ ਗਬਨ ਰਾਸ਼ੀ, ਜੋ ਕਿ ਕਥਿਤ ਤੌਰ ’ਤੇ ਜਾਅਲੀ ਖਰੀਦ ਦੇ ਤਹਿਤ ਦਿਖਾਈ ਗਈ 14090 ਝੋਨੇ ਦੀਆਂ ਬੋਰੀਆਂ ਦੀ ਕੀਮਤ ਹੈ, ਦੀ 10 ਫੀਸਦ ਰਿਸ਼ਵਤ ਮੰਗ ਰਿਹਾ ਹੈ  ਅਤੇ ਪਹਿਲੀ ਕਿਸ਼ਤ ਵਜੋਂ ਉਸਨੇ 2 ਲੱਖ ਰੁਪਏ ਦੀ ਮੰਗ ਕੀਤੀ ਹੈ। ਹਾਲਾਂਕਿ, ਗੱਲਬਾਤ ਤੋਂ ਬਾਅਦ ਸੌਦਾ ਇੱਕ ਲੱਖ ਰੁਪਏ ਵਿੱਚ ਤੈਅ ਹੋ ਗਿਆ।

ਸ਼ਿਕਾਇਤਕਰਤਾ ਫਿਰੋਜ਼ਪੁਰ ਦੇ ਸ਼ਹਿਜ਼ਦੀ ਅਤੇ ਮਾਨਾ ਸਿੰਘ ਵਾਲਾ ਦੀਆਂ ਮੰਡੀਆਂ ਵਿੱਚ ਇੱਕ ਕਮਿਸ਼ਨ ਏਜੰਟ ਹੈ। ਸਾਲ 2024 ਵਿੱਚ ਪਨਸਪ ਵੱਲੋਂ ਝੋਨੇ ਦੀ ਖਰੀਦ ਦੌਰਾਨ, ਸਬੰਧਤ ਚੌਲ ਮਿੱਲਾਂ ਵਿੱਚ ਸਟਾਕ ਦੀ  ਜਾਂਚ ਦੌਰਾਨ ਕੁੱਲ 34,250 ਝੋਨੇ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ ਸਨ।

ਸ਼ਿਕਾਇਤਕਰਤਾ ਦੀ (ਆੜਤੀ) ਫਰਮ ’ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਕੁੱਲ 34,250 ਝੋਨੇ ਦੀਆਂ ਬੋਰੀਆਂ ਦੀ ਜਾਅਲੀ ਖਰੀਦ ਦੀ ਰਿਪੋਰਟ ਕਰਨ ਵਿੱਚ ਸ਼ਾਮਲ ਸੀ। ਇਸ ਤੋਂ ਬਾਅਦ, ਉਸਨੂੰ 2.97 ਕਰੋੜ ਰੁਪਏ ਦੀ ਘਾਟ ਵਾਲੀ ਰਕਮ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ, ਜਿਸ ਉਪਰੰਤ, ਸ਼ਿਕਾਇਤਕਰਤਾ ਨੇ ਪਨਸਪ ਕੋਲ ਰਿਕਵਰੀ ਵਜੋਂ 2.50 ਕਰੋੜ ਰੁਪਏ ਜਮ੍ਹਾ ਕਰਵਾਏ ।

ਅਖੀਰ ਵਿੱਚ, ਸ਼ਿਕਾਇਤਕਰਤਾ ਨੇ ਮੈਨੇਜਿੰਗ ਡਾਇਰੈਕਟਰ, ਪਨਸਪ ਨੂੰ ਇੱਕ ਪ੍ਰਤੀਬੇਨਤੀ ਕੀਤੀ ਕਿ  ਜ਼ਿਲ੍ਹਾ ਮੈਨੇਜਰ, ਫਿਰੋਜ਼ਪੁਰ ਅਤੇ ਪਨਸਪ ਫਿਰੋਜ਼ਪੁਰ ਦੇ ਇੰਸਪੈਕਟਰਾਂ ਵੱਲੋਂ ਔਨਲਾਈਨ ਪੋਰਟਲ ਤੋਂ ਲਗਭਗ 19040 ਝੋਨੇ ਦੀਆਂ ਬੋਰੀਆਂ ਦੇ ਗੇਟ ਪਾਸ ਡਿਲੀਟ ਕਰ ਦਿੱਤੇ ਗਏ ਸਨ, ਜਿਸ ਕਾਰਨ ਉਸਨੂੰ ਇਨ੍ਹਾਂ ਬੋਰੀਆਂ ਲਈ ਗਲਤ ਜੁਰਮਾਨਾ ਲਗਾਇਆ ਗਿਆ ਸੀ। ਇਸ ਤੋਂ ਬਾਅਦ, ਦੋਸ਼ੀ ਅਜੀਤ ਪਾਲ ਸੈਣੀ, ਜੀਐਮ ਨੇ ਇੱਕ ਆਮ ਜਾਣਕਾਰ ਕੰਵਲ ਦੀਪ ਰਾਹੀਂ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਮਾਮਲਾ ਨਿਪਟਾਉਣ ਲਈ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਨੇ ਦੋਸ਼ੀ ਦੀ ਗੱਲਬਾਤ ਆਡੀਓ ਰਿਕਾਰਡ ਕਰ ਲਈ , ਜਿਸ ਵਿੱਚ ਮੁਲਜ਼ਮ ਨੇ ਪਹਿਲੀ ਕਿਸ਼ਤ ਵਜੋਂ 2,00,000 ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਮੈਨੇਜਰ ਫਿਰੋਜ਼ਪੁਰ ਅਤੇ ਪਨਸਪ ਫਿਰੋਜ਼ਪੁਰ ਦੇ 2 ਇੰਸਪੈਕਟਰਾਂ ਨੂੰ ਵੀ ਇਸੇ ਮਾਮਲੇ ਵਿੱਚ ਵਿਭਾਗ ਦੁਆਰਾ ਮੁਅੱਤਲ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ਾਂ ਦੀ ਮੁੱਢਲੀ ਤਸਦੀਕ ਬਹੁਤ ਸਾਵਧਾਨੀ ਨਾਲ ਕੀਤੀ ਗਈ ਸੀ ਅਤੇ ਦੋਸ਼ਾਂ ਦੀ ਡੂੰਘੀ ਪੜਤਾਲ ਤੋਂ ਬਾਅਦ, ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਜਨਰਲ ਮੈਨੇਜਰ ਨੂੰ ਮੈਕਸ ਹਸਪਤਾਲ, ਫੇਜ਼ 6, ਮੋਹਾਲੀ ਦੀ ਪਾਰਕਿੰਗ ਵਿੱਚ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ ਗਿਆ।ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ, ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ 1,00,000 ਰੁਪਏ ਦੀ ਰਿਸ਼ਵਤ ਬਰਾਮਦ ਕੀਤੀ ਹੈ ਅਤੇ ਮੁਲਜ਼ਮ ਦੀ ਸਰਕਾਰੀ ਕਾਰ, ਜਿਸ ਵਿੱਚ ਉਹ ਪੈਸੇ ਲੈਣ ਲਈ ਮੌਕੇ ’ਤੇ ਆਇਆ ਸੀ, ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਬੁਲਾਰੇ  ਨੇ ਕਿਹਾ ਕਿ ਉਸਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।

error: Content is protected !!