ਅਕਾਲ ਤਖਤ ਵੱਲੋਂ ਗਠਿਤ ਤੱਥ ਖੋਜ ਕਮੇਟੀ ਮੌਕੇ ਤੇ ਪੁੱਜੀ
ਪਟਿਆਲਾ 29 ਅਗਸਤ 2025 (ਫਤਿਹ ਪੰਜਾਬ ਬਿਊਰੋ)- ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਵਿਚ ਉੱਘੇ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਵੱਲੋਂ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੀ ਟੋਏ ਪੁੱਟ ਕੇ ਮਿੱਟੀ ਵਿੱਚ ਦੱਬ ਦੇਣ ਦੀ ਘਟਨਾ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਤੇ ਇਤਰਾਜ਼ਾਂ ਤੋਂ ਬਾਅਦ ਕਾਰਵਾਈ ਵੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਇਹ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਅਧੀਨ ਆਉਂਦੀ ਹੈ ਜਿਸ ਦੇ ਮੰਤਰੀ ਹਰਜੋਤ ਸਿੰਘ ਬੈਂਸ ਹਨ ਜੋ ਕਿ ਸ਼੍ਰੀਨਗਰ ਵਿੱਚ ਭਾਸ਼ਾ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਿਮਾ ਯਾਚਨਾ ਕਰਨ ਪਿੱਛੋਂ ਲਗਾਈ ਧਾਰਮਿਕ ਸਜ਼ਾ ਇਸੇ ਮਹੀਨੇ ਭੁਗਤ ਕੇ ਸੁਰਖੁਰੂ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਕੋਸ਼ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਵਿੱਚ ਗਲਤੀ ਅਤੇ ਲਾਪਰਵਾਹੀ ਸਾਬਤ ਹੋਣ ‘ਤੇ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਦੇ ਇੰਚਾਰਜ ਡਾ. ਹਰਿੰਦਰ ਪਾਲ ਸਿੰਘ ਕਾਲੜਾ ਅਤੇ ਵਣ-ਤ੍ਰਿਣ ਜੀਵ ਜੰਤੂ ਸੰਤੁਲਨ ਵਿਭਾਗ ਦੇ ਡਾਇਰੈਕਟਰ ਮਹਿੰਦਰ ਭਾਰਤੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਥਾਣਾ ਅਰਬਨ ਅਸਟੇਟ ਨੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਕਾਲੜਾ ਸਮੇਤ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਅਕਾਲ ਤਖਤ ਵੱਲੋਂ ਤੱਥ ਖੋਜ ਕਮੇਟੀ ਗਠਿਤ
ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਗੜ੍ਹੀ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਪਰਮਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਅਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਸ਼ਾਮਲ ਹਨ ਜਿਨ੍ਹਾਂ ਵੱਲੋਂ ਇੱਕ ਹਫਤੇ ਅੰਦਰ ਪੂਰੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਜਾਵੇਗੀ। ਇਸ ਮਾਮਲੇ ਦੀ ਪੜਤਾਲ ਲਈ ਇਹ ਕਮੇਟੀ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਗਈ ਹੈ। ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਹਨ ਜਿਨ੍ਹਾਂ ਵੱਲੋਂ ਇਨ੍ਹਾਂ ਮਹਾਨਕੋਸ਼ਾਂ ਦੀ ਸਾਂਭ-ਸੰਭਾਲ ਅਤੇ ਸੰਸਕਾਰ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਮਰਿਆਦਾ ਦੀ ਉਲੰਘਣਾ ਕਾਰਨ ਹੋਇਆ ਕੇਸ ਦਰਜ
ਇਹ ਕੇਸ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ।
ਦੱਸਣਯੋਗ ਹੈ ਕਿ ਪਹਿਲਾਂ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਛਪਾਈਆਂ ਕਾਪੀਆਂ ਵਿੱਚ ਗਲਤੀਆਂ ਨਿਕਲਣ ਕਾਰਨ ਸਿੱਖ ਵਿਦਵਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਇੱਕ ਕਮੇਟੀ ਨੇ ਇਸਨੂੰ ਨਸ਼ਟ ਕਰਨ ਦੀ ਸਿਫਾਰਸ਼ ਕੀਤੀ ਸੀ। ਪਰ ਯੂਨੀਵਰਸਿਟੀ ਵਲੋਂ ਕਾਪੀਆਂ ਨੂੰ ਮਰਿਆਦਾ ਨਾਲ ਸੰਭਾਲਣ ਦੀ ਬਜਾਏ ਬਾਗਬਾਨੀ ਵਿਭਾਗ ਵਿੱਚ ਟੋਏ ਪਾ ਕੇ ਮਿੱਟੀ ਵਿੱਚ ਦੱਬਣ ਦੀ ਕਾਰਵਾਈ ਕੀਤੀ ਗਈ।
ਇਸ ਘਟਨਾ ਨੂੰ ਵਿਦਿਆਰਥੀ ਯੂਨੀਅਨਾਂ ਨੇ ਗੰਭੀਰ ਬੇਅਦਬੀ ਦੱਸਦੇ ਹੋਏ ਕੈਂਪਸ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਿਸ ਵਿੱਚ ਕਈ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ। ਮਾਮਲਾ ਹੁਣ ਹੋਰ ਗੰਭੀਰ ਹੋ ਗਿਆ ਹੈ ਕਿਉਂਕਿ ਯੂਨੀਵਰਸਿਟੀ ਦੇ ਸਭ ਤੋਂ ਉੱਚੇ ਅਹੁਦਿਆਂ ‘ਤੇ ਬੈਠੇ ਅਧਿਕਾਰੀ ਵੀ ਇਸ ‘ਚ ਘਿਰ ਗਏ ਹਨ। ਇਸ ਮਾਮਲੇ ਦੀ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ ਅਤੇ ਕਸੂਰਵਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਅਕਾਲੀ ਦਲ ਵੱਲੋਂ ਨਿਆਂਇਕ ਜਾਂਚ ਦੀ ਮੰਗ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਮਹਾਨ ਕੋਸ਼ ਦੀ ਬੇਅਦਬੀ ਕਰਨ ਦੀ ਨਿੰਦਾ ਕਰਦੇ ਹੋਏ ਇਸ ਘਟਨਾ ਦੀ ਨਿਆਂਇਕ ਜਾਂਚ ਅਤੇ ਮਹਾਨ ਕੋਸ਼ ਦੀਆਂ 20,000 ਕਾਪੀਆਂ ਦੀ ਮੁੜ ਛਪਾਈ ਵਿੱਚ ਹੋਈਆਂ ਗੰਭੀਰ ਗਲਤੀਆਂ ਲਈ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।
ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਉੱਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਹਾਨ ਕੋਸ਼ ਦੇ ਨਿਰਾਦਰ ਲਈ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।