ਘਰੋਂ ਤਲਾਸ਼ੀ ਮੌਕੇ 5 ਕਰੋੜ ਰੁਪਏ ਨਕਦ, 1.5 ਕਿਲੋ ਸੋਨਾ, ਲਗਜ਼ਰੀ ਕਾਰਾਂ, ਵਿਦੇਸ਼ੀ ਘੜੀਆਂ, ਵਿਦੇਸ਼ੀ ਸ਼ਰਾਬ ਤੇ ਹਥਿਆਰ ਬ੍ਰਾਮਦ
ਰਾਸ਼ਟਰਪਤੀ ਪੁਰਸਕਾਰ ਪ੍ਰਾਪਤ IPS Bhullar ਹੈ 17 ਸਾਲਾਂ ਤੋਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦਾ ਪ੍ਰਧਾਨ
ਚੰਡੀਗੜ੍ਹ, 16 ਅਕਤੂਬਰ, 2025 (ਫਤਿਹ ਪੰਜਾਬ ਬਿਓਰੋ): ਪੁਲਿਸ ਦੇ ਵੱਡੇ ਅਧਿਕਾਰੀ ਖਿਲਾਫ਼ ਭ੍ਰਿਸ਼ਟਾਚਾਰ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਸੀਨੀਅਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਅਤੇ ਰੋਪੜ ਰੇਂਜ ਦਾ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਨੂੰ ਉਸਦੇ ਇੱਕ ਨਿੱਜੀ ਮਿੱਤਰ (ਵਿਚੋਲੀਏ) ਕ੍ਰਿਸ਼ਾਨੂੰ (ਨਾਭਾ ਨਿਵਾਸੀ) ਸਮੇਤ 8 ਲੱਖ ਰੁਪਏ ਦੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਸੀਬੀਆਈ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਰਿਸ਼ਵਤਖੋਰੀ ਦਾ ਇਹ ਮੁਕੱਦਮਾ 16 ਅਕਤੂਬਰ, 2025 ਨੂੰ ਦਰਜ ਕੀਤਾ ਗਿਆ ਹੈ। ਦੋਸ਼ ਅਨੁਸਾਰ ਇਸ ਡੀਆਈਜੀ ਨੇ ਸਾਲ 2023 ਵਿੱਚ ਸਰਹਿੰਦ ਥਾਣੇ ਵਿੱਚ ਦਰਜ ਇੱਕ ਐਫਆਈਆਰ ਨੂੰ “ਨਿਪਟਾਉਣ” ਅਤੇ ਦੋਸ਼ੀਆਂ ਵਿਰੁੱਧ ਹੋਰ ਜ਼ਬਰਦਸਤੀ ਜਾਂ ਪ੍ਰਤੀਕੂਲ ਪੁਲਿਸ ਕਾਰਵਾਈ ਨਾ ਕਰਨ ਨੂੰ ਯਕੀਨੀ ਬਣਾਉਣ ਲਈ ਸਰਹਿੰਦ ਦੇ ਇੱਕ ਸਕਰੈਪ ਵਪਾਰੀ ਅਕਾਸ਼ ਬੱਤਾ ਤੋਂ ਆਪਣੇ ਉਕਤ ਵਿਚੋਲੇ ਕ੍ਰਿਸ਼ਾਨੂੰ ਰਾਹੀਂ 8 ਲੱਖ ਰੁਪਏ ਰਿਸ਼ਵਤ ਅਤੇ ਵਾਰ-ਵਾਰ ਗੈਰ-ਕਾਨੂੰਨੀ ਤੌਰ ਤੇ ਨਗਦੀ ਦੀ ਮੰਗ ਕੀਤੀ ਸੀ। ਇਹ ਮਾਮਲਾ ਐਫਆਈਆਰ ਨੰਬਰ 155/2023 ਨਾਲ ਜੁੜਿਆ ਹੋਇਆ ਹੈ, ਜੋ ਕਿ ਪੁਲਿਸ ਥਾਣਾ ਸਰਹਿੰਦ, ਪੰਜਾਬ ਵਿੱਚ ਦਰਜ ਹੈ।
ਇਸ ਤੋਂ ਇਲਾਵਾ, 11.10.2025 ਨੂੰ ਸੈਕਟਰ 9-ਡੀ ਮਾਰਕੀਟ, ਚੰਡੀਗੜ੍ਹ ਵਿਖੇ ਤਸਦੀਕ ਦੌਰਾਨ, ਵਿਚੋਲੇ ਕ੍ਰਿਸ਼ਾਨੂੰ ਵੱਲੋਂ ਉਕਤ DIG ਭੁੱਲਰ ਨੂੰ ਇੱਕ ਰਿਕਾਰਡ ਕੀਤੀ ਵਟਸਐਪ ਕਾਲ ਕੀਤੀ ਗਈ ਜਿਸ ਵਿੱਚ ਭੁੱਲਰ ਨੇ ਹਦਾਇਤ ਕੀਤੀ ਸੀ, “8 ਫੜਨੇ ਨੇ 8” ਅਤੇ ਫਿਰ ਕਿਹਾ ਕਿ “ਜਿੰਨੇ ਦਿੰਦਾ ਨਾਲ-ਨਾਲ ਫੜੀ ਚੱਲ, ਓਹਨੂੰ ਕਹਿਦੇ 8 ਕਰ ਦੇ ਪੂਰੇ,” ਸਪੱਸ਼ਟ ਤੌਰ ‘ਤੇ ਆਪਣੇ ਵਿਚੋਲੇ ਨੂੰ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਵਸੂਲਣ ਦਾ ਨਿਰਦੇਸ਼ ਦਿੱਤਾ ਗਿਆ ਸੀ। CBI ਦੀ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਵਿਚੋਲੇ ਕ੍ਰਿਸ਼ਾਨੂੰ ਨੇ ਬਾਅਦ ਵਿੱਚ ਸ਼ਿਕਾਇਤਕਰਤਾ ਨੂੰ ਕਿਹਾ, “ਐਦਾ ਕਹਿਨਾ ਪਤਾ ਕੀ ਹੈ… ਕਹਿੰਦਾ ਹੈ ਅਗਸਤ ਦਾ ਨੀ ਆਇਆ, ਸਤੰਬਰ ਦਾ ਨੀ ਆਇਆ,” ਜਿਸਦਾ ਅਰਥ ਹੈ ਡੀਆਈਜੀ ਐਚਐਸ ਭੁੱਲਰ ਮਹੀਨਾਵਾਰ ਰਿਸ਼ਵਤ ਵੀ ਮੰਗ ਰਿਹਾ ਹੈ।”
ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਸੀਬੀਆਈ ਨੇ ਬਿਹਤਰ ਤਾਲਮੇਲ ਵਾਲਾ ਜਾਲ ਵਿਛਾਇਆ ਅਤੇ ਸੈਕਟਰ 21, ਚੰਡੀਗੜ੍ਹ ਵਿੱਚ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਲੈਂਦੇ ਹੋਏ ਭੁੱਲਰ ਦੇ ਨਿੱਜੀ ਵਿਅਕਤੀ ਕ੍ਰਿਸ਼ਾਨੂੰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ, ਡੀਆਈਜੀ ਨੂੰ ਇੱਕ ਨਿਯੰਤਰਿਤ ਫੋਨ ਕਾਲ ਕੀਤੀ ਗਈ, ਜਿਸ ਦੌਰਾਨ ਉਸਨੇ ਭੁਗਤਾਨ ਦੀ ਪੁਸ਼ਟੀ ਕੀਤੀ ਅਤੇ ਵਿਚੋਲੇ ਕ੍ਰਿਸ਼ਾਨੂੰ ਅਤੇ ਸ਼ਿਕਾਇਤਕਰਤਾ ਨੂੰ ਉਸਦੇ ਦਫ਼ਤਰ ਆਉਣ ਦਾ ਨਿਰਦੇਸ਼ ਦਿੱਤਾ।
ਸੀਬੀਆਈ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਡੀਆਈਜੀ ਭੁੱਲਰ ਨੂੰ ਐਸਏਐਸ ਨਗਰ (ਮੋਹਾਲੀ) ਸਥਿਤ ਉਸਦੇ ਸਰਕਾਰੀ ਦਫ਼ਤਰ ਤੋਂ ਕਾਬੂ ਕਰ ਲਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਪੁੱਛਗਿੱਛ ਲਈ ਲੈ ਗਏ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਪੁਲਿਸ ਅਧਿਕਾਰੀ ਦੇ ਸਰਕਾਰੀ ਅਤੇ ਰਿਹਾਇਸ਼ੀ ਥਾਂਵਾਂ ‘ਤੇ ਕੀਤੀ ਗਈ ਤਲਾਸ਼ੀ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਬਰਾਮਦਗੀਆਂ ਸਾਹਮਣੇ ਆਈਆਂ ਹਨ। ਸੀਬੀਆਈ ਨੇ ਲਗਭਗ 5 ਕਰੋੜ ਰੁਪਏ ਨਕਦ (ਗਿਣਤੀ ਅਜੇ ਵੀ ਜਾਰੀ ਹੈ), ਲਗਭਗ 1.5 ਕਿਲੋਗ੍ਰਾਮ ਸੋਨੇ ਦੇ ਗਹਿਣੇ, ਪੰਜਾਬ ਭਰ ਵਿੱਚ ਕਈ ਅਚੱਲ ਜਾਇਦਾਦਾਂ ਅਤੇ ਨਿਵੇਸ਼ਾਂ ਨਾਲ ਸਬੰਧਤ ਦਸਤਾਵੇਜ਼ ਅਤੇ ਦੋ ਲਗਜ਼ਰੀ ਕਾਰਾਂ ਇੱਕ ਮਰਸੀਡੀਜ਼ ਅਤੇ ਇੱਕ ਔਡੀ ਦੀਆਂ ਚਾਬੀਆਂ ਜ਼ਬਤ ਕੀਤੀਆਂ।। ਜਾਂਚਕਰਤਾਵਾਂ ਨੇ 22 ਪ੍ਰੀਮੀਅਮ-ਬ੍ਰਾਂਡ ਦੀਆਂ ਗੁੱਟ ਘੜੀਆਂ, ਕਈ ਬੈਂਕ ਲਾਕਰਾਂ ਦੀਆਂ ਚਾਬੀਆਂ, 40 ਲੀਟਰ ਵਿਦੇਸ਼ੀ ਸ਼ਰਾਬ ਅਤੇ ਡਿਜੀਟਲ ਰਿਕਾਰਡ ਵੀ ਬਰਾਮਦ ਕੀਤੇ।
ਇਸ ਤੋਂ ਇਲਾਵਾ ਇੱਕ ਦੁਨਾਲੀ ਬੰਦੂਕ, ਇੱਕ ਪਿਸਤੌਲ, ਇੱਕ ਰਿਵਾਲਵਰ, ਇੱਕ ਏਅਰ ਗਨ ਸਮੇਤ ਕਈ ਕਾਰਤੂਸ ਵੀ ਘਰੋਂ ਤੋਂ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਪ੍ਰਾਈਵੇਟ ਵਿਚੋਲੇ ਕ੍ਰਿਸ਼ਾਨੂੰ ਤੋਂ ਵੀ 21 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਕੱਲ੍ਹ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਮਨੋਨੀਤ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਏਜੰਸੀ ਨੇ ਪੁਸ਼ਟੀ ਕੀਤੀ ਕਿ ਕਥਿਤ ਭ੍ਰਿਸ਼ਟ ਕਾਰਵਾਈਆਂ ਰਾਹੀਂ ਇਕੱਠੀ ਕੀਤੀ ਗਏ ਵਿੱਤੀ ਲੈਣ-ਦੇਣ, ਸੰਭਾਵੀ ਲਾਭਪਾਤਰੀਆਂ ਅਤੇ ਬੇਹਿਸਾਬ ਜਾਇਦਾਦਾਂ ਦੀ ਪੂਰੀ ਲੜੀ ਦਾ ਪਤਾ ਲਗਾਉਣ ਲਈ ਹੋਰ ਤਲਾਸ਼ੀ ਅਤੇ ਜਾਂਚ ਜਾਰੀ ਹੈ।
ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਕਾਰਵਾਈ ਨੂੰ “ਕਾਨੂੰਨ ਲਾਗੂ ਕਰਨ ਵਾਲੇ ਸਿਸਟਮ ਦੇ ਅੰਦਰ ਇਮਾਨਦਾਰੀ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਇੱਕ ਫੈਸਲਾਕੁੰਨ ਕਦਮ” ਦੱਸਿਆ, ਅਤੇ ਕਿਹਾ ਕਿ ਏਜੰਸੀ ਬਿਨਾਂ ਕਿਸੇ ਡਰ ਜਾਂ ਪੱਖ ਦੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਨਾਲ ਸਬੰਧਤ ਮਾਮਲਿਆਂ ਦੀ ਪੈਰਵੀ ਕਰਨ ਲਈ ਵਚਨਬੱਧ ਹੈ।
ਇਹ ਮਾਮਲਾ ਹਾਲ ਹੀ ਦੇ ਸਾਲਾਂ ਵਿੱਚ ਪੰਜਾਬ ਰਾਜ ਵਿੱਚ ਸੇਵਾ ਨਿਭਾ ਰਹੇ ਸੀਨੀਅਰ ਪੁਲਿਸ ਅਧਿਕਾਰੀਆਂ ਵਿੱਚੋਂ ਸਭ ਤੋਂ ਉੱਚ-ਪ੍ਰੋਫਾਈਲ ਗ੍ਰਿਫਤਾਰੀਆਂ ਵਿੱਚੋਂ ਇੱਕ ਹੈ ਅਤੇ ਜਨਤਕ ਦਫਤਰਾਂ ਵਿੱਚ ਪ੍ਰਣਾਲੀਗਤ ਭ੍ਰਿਸ਼ਟਾਚਾਰ ਵਿਰੁੱਧ ਸੀਬੀਆਈ ਦੀ ਤੇਜ਼ ਮੁਹਿੰਮ ਨੂੰ ਦਰਸਾਉਂਦਾ ਹੈ।
ਡੀਆਈਜੀ ਐਚਐਸ ਭੁੱਲਰ ਕੌਣ ਹੈ ?
ਭੁੱਲਰ 1993 ਵਿੱਚ ਪੀਪੀਐਸ ਅਧਿਕਾਰੀ ਵਜੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਅਤੇ ਬਾਅਦ ਵਿੱਚ ਉਸ ਨੂੰ ਆਈਪੀਐਸ ਕਾਡਰ ਦੇ ਅਧਿਕਾਰੀ ਵਜੋਂ ਤਰੱਕੀ ਮਿਲੀ। ਉਸ ਨੂੰ 2014 ਵਿੱਚ ਰਾਸ਼ਟਰਪਤੀ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼ (ਪੀਐਮਐਮਐਸ) ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਪਿਤਾ, ਮਹਿਲ ਸਿੰਘ ਭੁੱਲਰ, ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦੇ ਅਹੁਦੇ ‘ਤੇ ਰਹੇ ਹਨ। ਉਸ ਦਾ ਛੋਟਾ ਭਰਾ, ਕੁਲਦੀਪ ਸਿੰਘ ਭੁੱਲਰ, ਇੱਕ ਕਾਂਗਰਸੀ ਨੇਤਾ ਹੈ।
ਜ਼ਿਕਰਯੋਗ ਹੈ ਕਿ ਭੁੱਲਰ ਕ੍ਰਮਵਾਰ 2008 ਅਤੇ 2009 ਤੋਂ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪਿਛਲੇ ਕਰੀਬ 17 ਸਾਲਾਂ ਤੋਂ ਪ੍ਰਧਾਨਗੀ ਦੇ ਅਹੁਦਿਆਂ ‘ਤੇ ਬਿਰਾਜਮਾਨ ਹੈ।
