ਚੰਡੀਗੜ੍ਹ ਅਕਤੂਬਰ 28, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਸਰਕਾਰ ਨੇ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ ਦੇ ਸੇਵਾ ਕਾਲ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਹੈ ਜਿਨ੍ਹਾਂ ਨੇ 58 ਸਾਲ ਦੀ ਸ਼ਾਨਦਾਰ ਸੇਵਾ ਕਰਨ ਉਪਰੰਤ 31 ਅਕਤੂਬਰ ਨੂੰ ਸੇਵਾ ਮੁਕਤ ਹੋਣਾ ਸੀ। ਇਸ ਸਬੰਧੀ ਕੁਮਾਰ ਰਾਹੁਲ, ਪ੍ਰਮੁੱਖ ਸਕੱਤਰ, ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਉਪਰੰਤ 24 ਅਕਤੂਬਰ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ ਡਾਇਰੈਕਟਰ ਸਿਹਤ ਸੇਵਾਵਾਂ ਦੇ ਸੇਵਾ ਕਾਲ ਵਿੱਚ ਵਾਧਾ ਲੋਕ ਹਿਤ ਅਤੇ ਰਾਜ ਵਿੱਚ ਚੱਲ ਰਹੇ ਮੁੱਖ ਸਿਹਤ ਪ੍ਰੋਗਰਾਮ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਵਿਭਾਗੀ ਪੁਨਰਗਠਨ ਅਭਿਆਸ ਦੀ ਨਿਰੰਤਰਤਾ ਸਥਿਰਤਾ ਅਤੇ ਸਫਲਤਾਪੂਰਵਕ ਲਾਗੂ ਕਰਨ ਨੂੰ ਯਕੀਨੀ ਬਨਾਉਣ ਲਈ ਉਸਦੇ ਸੇਵਾ ਕਾਲ ਵਿੱਚ ਇੱਕ ਸਾਲ ਦਾ ਵਾਧਾ ਕੁੱਝ ਸ਼ਰਤਾਂ ਤਹਿਤ ਕੀਤਾ ਗਿਆ ਹੈ।
ਇੰਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਵਧੇ ਹੋਏ ਸੇਵਾ ਕਾਲ ਦੌਰਾਨ ਇਹ ਅਧਿਕਾਰੀ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ ਦੇ ਭਾਗ-1 ਦੇ ਨਿਯਮ 3.26 (ਬੀ) ਅਨੁਸਾਰ ਤਨਖਾਹ ਡਰਾਅ ਕਰਨ ਦੀ ਹੱਕਦਾਰ ਹੋਵੇਗੀ ਭਾਵ ਉਹ ਵੱਧ ਵਰ੍ਹਾ ਸੇਵਾ-ਨਵਿਰਤੀ ਦੀ ਮਿਤੀ ਨੂੰ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਲੈਣਗੇ। ਸਬੰਧਤ ਅਧਿਕਾਰੀ ਨੂੰ ਸੇਵਾ ਨਵਿਰਤੀ ਉਪਰੰਤ ਮਿਲਣ ਵਾਲੇ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਦੀ ਸਮਾਪਤੀ ਹੋਣ ਉਪਰੰਤ ਹੀ ਮਿਲਣਯੋਗ ਹੋਣਰੀ।
ਇਸ ਤੋਂ ਇਲਾਵਾ ਵਧੇ ਹੋਏ ਸੇਵਾ ਕਾਲ ਦੌਰਾਨ ਤਰੱਕੀ ਡੀਏਸੀਪੀ/ਐਮਏਸੀਪੀ ਆਦਿ ਦਾ ਲਾਭ, ਸਲਾਨਾ ਵਾਧਾ ਅਤੇ ਸਰਕਾਰ ਵੱਲੋਂ ਭਵਿੱਖ ਵਿੱਚ ਤਨਖਾਹ ਸਕੇਲਾਂ ਦੀ ਕੀਤੀ ਜਾਣ ਵਾਲੀ ਸੋਧ ਦਾ ਲਾਭ ਮਿਲਣਯੋਗ ਨਹੀਂ ਹੋਵੇਗਾ। ਭਵਿੱਖ ਵਿੱਚ ਜੇਕਰ ਕੋਈ ਪ੍ਰਤੀਕੂਲ ਤੱਥ ਧਿਆਨ ਵਿੱਚ ਆਉਂਦੇ ਹਨ ਤਾਂ ਇਹ ਹੁਕਮ ਮੁੜ ਵਿਚਾਰਨਯੋਗ ਹੋਣਗੇ।
