ਚੰਡੀਗੜ੍ਹ, 10 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਭ੍ਰਿਸ਼ਟਾਚਾਰ ਘੁਟਾਲੇ ਕਾਰਨ ਰੂਪਨਗਰ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦੁਆਲੇ ਜਾਂਚ ਦਾ ਘੇਰਾ ਹੋਰ ਫੈਲ ਰਿਹਾ ਹੈ ਜਿਸ ਤਹਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹੁਣ ਪੰਜਾਬ ਦੇ ਦੋ ਜੱਜਾਂ ਅਤੇ ਲਗਭਗ 30 ਆਈਏਐਸ, ਆਈਪੀਐਸ ਅਤੇ ਪੀਸੀਐਸ ਅਫ਼ਸਰਾਂ ਸਮੇਤ ਕੁੱਝ ਸੇਵਾਮੁਕਤ ਅਧਿਕਾਰੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭੁੱਲਰ ਨੇ ਅਦਾਲਤੀ ਫ਼ੈਸਲਿਆਂ ਵਿੱਚ ਸਿਫ਼ਾਰਸ਼ਾਂ ਕਰਨ, ਬੇਨਾਮੀ ਰੀਅਲ ਅਸਟੇਟ ਅਤੇ ਵਿਦੇਸ਼ੀ ਜਾਇਦਾਦਾਂ ਵਿੱਚ ਗੈਰ-ਕਾਨੂੰਨੀ ਪੈਸੇ ਭੇਜਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਪਹਿਲਾਂ ਹੀ ਚਾਰ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਭੁੱਲਰ ਤੋਂ ਬਰਾਮਦ ਦਸਤਾਵੇਜ਼ਾਂ ਦੀ ਪੜਤਾਲ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਆਮਦਨ ਕਰ ਵਿਭਾਗ ਨੇ ਵੀ ਸ਼ੁਰੂ ਕਰ ਦਿੱਤੀ ਹੈ।

ਕਥਿਤ ਪੱਖਪਾਤ ਲਈ ਜੱਜ ਵੀ ਜਾਂਚ ਦੇ ਘੇਰੇ ਵਿੱਚ
ਸੂਤਰਾਂ ਅਨੁਸਾਰ ਭੁੱਲਰ ਅਤੇ ਉਸਦੇ ਸਾਥੀ ਕ੍ਰਿਸ਼ਾਨੂ ਸ਼ਾਰਦਾ ਵਿਚਕਾਰ ਵਟਸਐਪ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੇ ਸੀਬੀਆਈ ਵੱਲੋਂ ਕੀਤੇ ਵਿਸ਼ਲੇਸ਼ਣ ਨੇ ਹੈਰਾਨੀਜਨਕ ਆਦਾਨ-ਪ੍ਰਦਾਨ ਦਾ ਖੁਲਾਸਾ ਕੀਤਾ ਹੈ ਜੋ ਨਿਆਂਇਕ ਅਤੇ ਸਿਵਲ ਪ੍ਰਸ਼ਾਸਨ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੇ ਹਨ। ਚੈਟਿੰਗ ਤੋਂ ਪਤਾ ਲੱਗਿਆ ਹੈ ਕਿ ਭੁੱਲਰ ਅਤੇ ਕ੍ਰਿਸ਼ਾਨੂ ਨੇ ਦੋ ਮੌਜੂਦਾ ਨਿਆਂਇਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਤਾਂ ਜੋ ਹੱਕ ਵਿੱਚ ਫੈਸਲੇ ਕਰਾਉਣ ਖਾਤਰ ਪੈਸੇ ਦੇਣ ਵਾਲੇ ਵਿਅਕਤੀਆਂ ਅਤੇ ਕਾਰੋਬਾਰੀਆਂ ਲਈ ਅਨੁਕੂਲ ਫੈਸਲੇ ਪ੍ਰਾਪਤ ਕੀਤੇ ਜਾ ਸਕਣ।
ਸੀਬੀਆਈ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਘੱਟੋ-ਘੱਟ ਦੋ ਮਾਮਲਿਆਂ ਵਿੱਚ ਭੁੱਲਰ ਦੇ ਨੈੱਟਵਰਕ ਨੇ ਅਨੁਕੂਲ ਫੈਸਲਿਆਂ ਦੇ ਬਦਲੇ ਇਨ੍ਹਾਂ ਜੱਜਾਂ ਨੂੰ ਨਕਦੀ ਦਿੱਤੀ ਅਤੇ ਵਿਦੇਸ਼ ਯਾਤਰਾਵਾਂ ਦਾ ਪ੍ਰਬੰਧ ਕੀਤਾ ਸੀ। ਸਬੂਤ ਸਾਹਮਣੇ ਆਏ ਹਨ ਕਿ ਇਨ੍ਹਾਂ ਨਿਆਂਇਕ ਅਧਿਕਾਰੀਆਂ ਨੂੰ ਭੁੱਲਰ ਦੇ ਦਖਲ ਨਾਲ ਪ੍ਰਭਾਵਿਤ ਫੈਸਲਿਆਂ ਦੇ ਇਨਾਮ ਵਜੋਂ ਵਿਦੇਸ਼ੀ ਦੌਰਿਆਂ ਲਈ ਸਪਾਂਸਰ ਕੀਤਾ ਗਿਆ ਸੀ। ਏਜੰਸੀ ਨੇ ਇਨ੍ਹਾਂ ਦੋਸ਼ਾਂ ਦੇ ਸਬੂਤ ਵਜੋਂ ਜੱਜਾਂ ਦਾ ਯਾਤਰਾ ਰਿਕਾਰਡ, ਹੋਟਲ ਇਨਵੌਇਸ ਅਤੇ ਵਿਦੇਸ਼ੀ ਮੁਦਰਾ ਰਸੀਦਾਂ ਵੀ ਹਾਸਲ ਕੀਤੀਆਂ ਹਨ।
ਏਜੰਸੀ ਨੇ ਪਿਛਲੇ ਦਿਨੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਤੋਂ ਹੋਰ ਪੰਜ ਦਿਨਾਂ ਲਈ ਰਿਮਾਂਡ ਦੀ ਮੰਗ ਕਰਦੇ ਸਮੇਂ ਦਲੀਲ ਦਿੱਤੀ ਸੀ ਕਿ ਭੁੱਲਰ ਦੇ ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਹੋਇਆ ਹੈ ਜਿਸ ਵਿੱਚ ਦੋ ਮਹੀਨਿਆਂ ਦੇ ਅੰਦਰ ਹੀ ਬੈਂਕ ਖਾਤਿਆਂ ਵਿੱਚ 32 ਲੱਖ ਰੁਪਏ ਜਮ੍ਹਾਂ ਕੀਤੇ ਗਏ ਜੋ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਕਿਤੇ ਵੱਧ ਹਨ।

ਸੀਬੀਆਈ ਦੇ ਛਾਪਿਆਂ ‘ਚ ਜਾਇਦਾਦਾਂ ਦਾ ਪਤਾ ਲੱਗਾ
ਬੀਐਚ ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਅਤੇ ਲੁਧਿਆਣਾ ਦੇ ਇੱਕ ਪ੍ਰਾਪਰਟੀ ਡੀਲਰ ਦੇ ਘਰੋਂ ਅਤੇ ਪੰਜ ਹੋਰ ਥਾਵਾਂ ‘ਤੇ ਹਾਲ ਹੀ ਵਿੱਚ ਕੀਤੀ ਛਾਪੇਮਾਰੀ ਦੌਰਾਨ ਸੀਬੀਆਈ ਨੇ ਵਿੱਤੀ ਰਿਕਾਰਡਾਂ ਅਤੇ ਇਲੈਕਟ੍ਰਾਨਿਕ ਡੇਟਾ ਦੇ ਕਈ ਸਬੂਤ ਜ਼ਬਤ ਕੀਤੇ ਹਨ ਜਿਸ ਨੇ ਭੁੱਲਰ ਦੀ ਭ੍ਰਿਸ਼ਟਾਚਾਰ ਵਾਲੀ ਤਾਣੀ ਨੂੰ ਹੋਰ ਵੀ ਉਲਝਾ ਦਿੱਤਾ ਹੈ। ਇੰਨਾਂ ਪ੍ਰਾਪਰਟੀ ਡੀਲਰਾਂ ਕੋਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਵਿੱਚ 20.50 ਲੱਖ ਰੁਪਏ ਨਕਦ, ਤਿੰਨ ਡਿਜੀਟਲ ਡਿਵਾਈਸ, ਅੱਠ ਫਾਈਲਾਂ, 23 ਜਾਇਦਾਦ ਦਸਤਾਵੇਜ਼ ਅਤੇ ਰੀਅਲ ਅਸਟੇਟ ਪ੍ਰੌਕਸੀਆਂ ਰਾਹੀਂ ਭੁੱਲਰ ਦੇ ਕਥਿਤ ਨਿਵੇਸ਼ਾਂ ਨਾਲ ਜੁੜੇ ਲੈਣ-ਦੇਣ ਦਾ ਪੂਰਾ ਰਿਕਾਰਡ ਸ਼ਾਮਲ ਹੈ।
ਸ਼ੁਰੂਆਤੀ ਪੜਤਾਲ ਅਤੇ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਮੁਅੱਤਲ ਡੀਆਈਜੀ ਨੇ ਅਕਸਰ ਫੰਡਾਂ ਦੇ ਸਰੋਤਾਂ ਨੂੰ ਲੁਕਾਉਣ ਲਈ ਲੈਣ-ਦੇਣ ਕਰਦਿਆਂ ਪਟਿਆਲਾ, ਲੁਧਿਆਣਾ ਅਤੇ ਮੋਹਾਲੀ ਵਿੱਚ ਵਪਾਰਕ ਅਤੇ ਰਿਹਾਇਸ਼ੀ ਪ੍ਰੋਜੈਕਟਾਂ ਵਿੱਚ ਭਾਰੀ ਨਿਵੇਸ਼ ਕੀਤਾ ਹੋ ਸਕਦਾ ਹੈ।

ਵਿਦੇਸ਼ੀ ਜਾਇਦਾਦਾਂ ਤੇ ਮਨੀ ਲਾਂਡਰਿੰਗ ਟ੍ਰੇਲ
ਸੀਬੀਆਈ ਪਹਿਲਾਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਆਮਦਨ ਕਰ ਵਿਭਾਗ ਨਾਲ ਭੁੱਲਰ ਤੋਂ ਬਰਾਮਦ ਕੀਤੇ ਮਹੱਤਵਪੂਰਨ ਸਬੂਤ ਸਾਂਝੇ ਕਰ ਚੁੱਕੀ ਹੈ ਜਿਸ ਦੇ ਆਧਾਰ ਤੇ ਦੋਵੇਂ ਕੇਂਦਰੀ ਏਜੰਸੀਆਂ ਭੁੱਲਰ ਵਿਰੁੱਧ ਵੱਖ-ਵੱਖ ਜਾਂਚਾਂ ਖੋਲ੍ਹਣ ਦੀ ਤਿਆਰੀ ਵਿੱਚ ਹਨ। ਈਡੀ ਇੰਨਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਭੁੱਲਰ ਨੇ ਦੁਬਈ ਅਤੇ ਕੈਨੇਡਾ ਵਿੱਚ ਜਾਇਦਾਦਾਂ ਅਤੇ ਹੋਟਲ ਖਰੀਦਣ ਲਈ ਨਾਜਾਇਜ਼ ਕਮਾਈ ਨੂੰ ਕਿਵੇਂ ਬਾਹਰ ਭੇਜਿਆ ਸੀ।
ਆਮਦਨ ਕਰ ਵਿਭਾਗ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਤੋਂ ਬਰਾਮਦ ਕੀਤੇ ਗਏ 7.50 ਕਰੋੜ ਰੁਪਏ ਦੀ ਨਕਦੀ, 2.5 ਕਿਲੋਗ੍ਰਾਮ ਸੋਨਾ, 26 ਲਗਜ਼ਰੀ ਘੜੀਆਂ, 50 ਜਾਇਦਾਦਾਂ ਦੇ ਦਸਤਾਵੇਜ਼, ਬੈਂਕ ਲਾਕਰਾਂ ਦੀਆਂ ਚਾਬੀਆਂ ਅਤੇ ਕਈ ਬੈਂਕ ਖਾਤਿਆਂ ਦੇ ਸਰੋਤਾਂ ਦੀ ਜਾਂਚ ਕਰ ਰਿਹਾ ਹੈ। ਉਹ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਉਸਨੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਵਜੋਂ ਸੇਵਾ ਨਿਭਾਉਂਦੇ ਹੋਏ ਘੱਟ ਆਮਦਨੀ ਦੇ ਵੇਰਵੇ ਦਿੱਤੇ ਅਤੇ ਗਲਤ ਜਾਇਦਾਦ ਰਿਟਰਨਾਂ ਭਰੀਆਂ ਸਨ। ਜਾਂਚ ਅਧਿਕਾਰੀਆਂ ਮੁਤਾਬਿਕ ਭੁੱਲਰ ਵੱਲੋਂ ਐਲਾਨੀ ਆਮਦਨ ਅਤੇ ਸੀਬੀਆਈ ਦੇ ਛਾਪਿਆਂ ਦੌਰਾਨ ਸਾਹਮਣੇ ਆਈ ਦੌਲਤ ਦੇ ਮੁਕਾਬਲੇ ਬਹੁਤ ਜ਼ਿਆਦਾ ਅਸੰਗਤ ਸੀ।

ਜਵਾਬਦੇਹੀ ਦਾ ਵਧਦਾ ਜਾਲ
ਜਿਕਰਯੋਗ ਹੈ ਕਿ 2007 ਬੈਚ ਦੇ ਆਈਪੀਐਸ ਅਧਿਕਾਰੀ ਭੁੱਲਰ ਨੂੰ 16 ਅਕਤੂਬਰ 2025 ਨੂੰ ਨਾਭਾ ਨਿਵਾਸੀ ਕ੍ਰਿਸ਼ਾਨੂ ਸ਼ਾਰਦਾ ਦੇ ਨਾਲ ਸੀਬੀਆਈ ਦੇ ਜਾਲ ਵਿੱਚ ਫਸਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਕਥਿਤ ਤੌਰ ‘ਤੇ ਮੰਡੀ ਗੋਬਿੰਦਗੜ੍ਹ ਨਿਵਾਸੀ ਇੱਕ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗ ਅਤੇ ਲੈ ਰਿਹਾ ਸੀ। ਉਸ ਦਿਨ ਤੋਂ ਹੀ ਭੁੱਲਰ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਸੀਬੀਆਈ ਦੁਆਰਾ ਰਿਸ਼ਵਤਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਲਈ ਦੋ ਕੇਸ ਦਰਜ ਕੀਤੇ ਗਏ ਹਨ। ਇੱਕ ਪੰਜਾਬ ਪੁਲਿਸ ਵੱਲੋਂ ਸਮਰਾਲਾ ਥਾਣੇ ਵਿਖੇ ਪੰਜਾਬ ਆਬਕਾਰੀ ਕਾਨੂੰਨ ਅਧੀਨ ਅਤੇ ਇੱਕ ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਵਿਰੁੱਧ ਦਰਜ ਕੀਤਾ ਗਿਆ ਹੈ।
ਹੁਣ, ਈਡੀ ਅਤੇ ਆਮਦਨ ਕਰ ਵਿਭਾਗ ਸਮਾਨਾਂਤਰ ਵਿੱਤੀ ਜਾਂਚ ਕਰ ਰਹੇ ਹਨ ਜਿਸ ਕਰਕੇ ਭੁੱਲਰ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਮਿਲੇ ਸਬੂਤ ਭੁੱਲਰ ਵੱਲੋਂ ਭ੍ਰਿਸ਼ਟਾਚਾਰ ਕਰਨ, ਅਦਾਲਤੀ ਫ਼ੈਸਲੇ ਪ੍ਰਭਾਵਿਤ ਕਰਨ ਅਤੇ ਮਨੀ ਲਾਂਡਰਿੰਗ ਦੇ ਇੱਕ ਗੁੰਝਲਦਾਰ ਗਠਜੋੜ ਵੱਲ ਇਸ਼ਾਰਾ ਕਰਦੇ ਹਨ ਅਤੇ ਇਹ ਕੇਸ ਪੰਜਾਬ ਦੇ ਹਾਲ ਹੀ ਦੇ ਪ੍ਰਸ਼ਾਸਕੀ ਇਤਿਹਾਸ ਵਿੱਚ ਬੇਮਿਸਾਲ ਬਣਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਕ੍ਰਿਸ਼ਾਨੂ ਦੇ ਟਿਕਾਣਿਆਂ ਤੋਂ 18.6 ਲੱਖ ਰੁਪਏ ਨਕਦ, ਕਈ ਸੋਨੇ ਦੇ ਗਹਿਣੇ, ਬੈਂਕ ਐਫਡੀ, 11 ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਸਨ ਜਿਨ੍ਹਾਂ ਵਿੱਚ ਮੋਬਾਈਲ ਫੋਨ ਅਤੇ ਹਾਰਡ ਡਰਾਈਵ ਅਤੇ ਕ੍ਰਿਸ਼ਾਨੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਜਾਇਦਾਦ ਦੇ ਦਸਤਾਵੇਜ਼ ਸ਼ਾਮਲ ਸਨ।

ਪ੍ਰਣਾਲੀਗਤ ਭ੍ਰਿਸ਼ਟਾਚਾਰ ਜਾਂਚ ਅਧੀਨ
ਆਉਣ ਵਾਲੇ ਹਫ਼ਤਿਆਂ ਵਿੱਚ ਇਹ ਖੁਲਾਸਾ ਹੋਣ ਦੀ ਉਮੀਦ ਹੈ ਕਿ ਕੀ ਇਹ ਘੁਟਾਲਾ ਕੁਝ ਵਿਅਕਤੀਆਂ ਤੱਕ ਸੀਮਤ ਰਹੇਗਾ ਜਾਂ ਰਾਜ ਦੇ ਸੱਤਾ ਦੇ ਗਲਿਆਰਿਆਂ ਵਿੱਚ ਮਿਲੀਭੁਗਤ ਦੀ ਇੱਕ ਵਿਸ਼ਾਲ ਲੜੀ ਦਾ ਪਰਦਾਫਾਸ਼ ਕਰੇਗਾ। ਇਹ ਪਤਾ ਲੱਗਾ ਹੈ ਕਿ ਕੇਂਦਰੀ ਏਜੰਸੀ ਦਾ ਧਿਆਨ ਹੁਣ ਨੌਕਰਸ਼ਾਹੀ ਅਤੇ ਨਿਆਂਪਾਲਿਕਾ ਦੇ ਅੰਦਰ ਭ੍ਰਿਸ਼ਟ ਗੱਠਜੋੜ ਵਾਲੇ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਜਿਨ੍ਹਾਂ ਨੇ ਭੁੱਲਰ ਨੂੰ ਸਾਲਾਂ ਤੱਕ ਆਪਣੇ ਨੈੱਟਵਰਕ ਨੂੰ ਬਣਾਈ ਰੱਖਣ ਵਿੱਚ ਮਦਦ ਕੀਤੀ। ਡਿਜੀਟਲ ਸਬੂਤਾਂ ਨੇ ਇਹ ਪਿਟਾਰਾ ਖੋਲ੍ਹ ਦਿੱਤਾ ਹੈ ਕਿ ਸਿਵਲ, ਪੁਲਿਸ ਅਤੇ ਨਿਆਂਇਕ ਪ੍ਰਸ਼ਾਸਨ ਵਿੱਚ ਉੱਚ ਪੱਧਰਾਂ ‘ਤੇ ਪ੍ਰਭਾਵ ਅਤੇ ਪੱਖਪਾਤ ਦਾ ਵਪਾਰ ਕਿਵੇਂ ਕੀਤਾ ਜਾਂਦਾ ਸੀ।

error: Content is protected !!