ਪਰਿਵਾਰ ਦੇ 5 ਜਾਮ ਖਾਤੇ ਖੋਲ੍ਹਣ ਤੇ ਸਹਿਮਤੀ ; 4 ਦਸੰਬਰ ਤੱਕ ਮੁੜ੍ਹ ਜੇਲ੍ਹ ਭੇਜਿਆ
ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵਕੀਲ ਵੱਲੋਂ ਦਾਇਰ ਉਸ ਅਰਜ਼ੀ ਦਾ ਵਿਰੋਧ ਕੀਤਾ ਜਿਸ ਵਿੱਚ ਉਸਦੇ ਅਤੇ ਉਸਦੇ ਪਰਿਵਾਰ ਨਾਲ ਜੁੜੇ ਸਾਰੇ ਜਾਮ ਕੀਤੇ 15 ਬੈਂਕ ਖਾਤਿਆਂ ਨੂੰ ਖੋਲ੍ਹਣ (ਡੀਫ੍ਰੀਜ਼) ਦੀ ਮੰਗ ਕੀਤੀ ਗਈ ਸੀ। ਜਾਂਚ ਏਜੰਸੀ ਨੇ ਵਿਸ਼ੇਸ਼ ਸੀਬੀਆਈ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਭੁੱਲਰ ਵਿਰੁੱਧ ਚੱਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਵਿੱਤੀ ਲੈਣ-ਦੇਣ ਦੀ ਪੜਚੋਲ ਹਾਲੇ ਅਧੂਰੀ ਹੈ। ਇਸ ਕਰਕੇ ਜੇਕਰ ਇਹ ਸਾਰੇ ਖਾਤੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
ਅਦਾਲਤ ਵਿੱਚ ਪੇਸ਼ ਕੀਤੇ ਗਏ ਜਵਾਬ ਵਿੱਚ ਸੀਬੀਆਈ ਨੇ ਭੁੱਲਰ, ਉਸਦੇ ਪਿਤਾ ਮਹਿਲ ਸਿੰਘ ਭੁੱਲਰ ਅਤੇ ਪਰਿਵਾਰ ਨਾਲ ਜੁੜੀਆਂ ਫਰਮਾਂ ਦੇ ਨਾਮ ‘ਤੇ ਚਲਾਏ ਜਾ ਰਹੇ ਸਾਰੇ 15 ਬੈਂਕ ਖਾਤਿਆਂ ਨੂੰ ਡੀਫ੍ਰੀਜ਼ ਕਰਨ ‘ਤੇ ਇਤਰਾਜ਼ ਕੀਤਾ ਪਰ ਨਾਲ ਹੀ ਸੀਬੀਆਈ ਨੇ ਕਿਹਾ ਕਿ ਉਸਨੂੰ ਮੁਲਜ਼ਮ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਪੰਜ ਖਾਤਿਆਂ ਨੂੰ ਖੋਲ੍ਹਣ ਦੀ ਆਗਿਆ ਦੇਣ ‘ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਉਨ੍ਹਾਂ ਨੇ ਜ਼ਰੂਰੀ ਘਰੇਲੂ ਖਰਚੇ ਕਰਨ ਲਈ ਪਟੀਸ਼ਨ ਵਿੱਚ ਬੇਨਤੀ ਕੀਤੀ ਹੈ।
ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਾਰੇ ਖਾਤਿਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਕਾਰਨ ਪਰਿਵਾਰ ਨੂੰ ਭਾਰੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਪਰਿਵਾਰ ਰੋਜ਼ਾਨਾ ਦੀਆਂ ਜ਼ਰੂਰਤਾਂ, ਖੇਤੀਬਾੜੀ ਦੇ ਕੰਮਕਾਜ ਜਾਂ ਕਿਰਾਏ ਦੇ ਭੁਗਤਾਨ ਕਰਨ ਤੋਂ ਅਸਮਰੱਥ ਹਨ। ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਬਾਕੀ ਖਾਤਿਆਂ ਬਾਰੇ ਅੰਤਿਮ ਫੈਸਲਾ ਲੈਣ ਲਈ ਅਗਲੀ ਤਰੀਕ 8 ਦਸੰਬਰ ਤੇ ਪਾ ਦਿੱਤੀ ਜਿਸ ਦਿਨ ਇਸ ਮਾਮਲੇ ਤੇ ਮੁੜ ਸੁਣਵਾਈ ਹੋਵੇਗੀ।
ਨਿਆਂਇਕ ਹਿਰਾਸਤ 4 ਦਸੰਬਰ ਤੱਕ ਵਧਾਈ
ਭੁੱਲਰ ਅਤੇ ਉਸਦੇ ਸਾਥੀ ਕ੍ਰਿਸ਼ਾਨੂੰ ਸ਼ਾਰਦਾ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ ਭੁਗਤੀ। ਵਿਸ਼ੇਸ਼ ਸੀਬੀਆਈ ਜੱਜ ਨੇ ਉਨ੍ਹਾਂ ਦੋਵਾਂ ਦੀ ਨਿਆਂਇਕ ਹਿਰਾਸਤ 4 ਦਸੰਬਰ ਤੱਕ ਵਧਾ ਦਿੱਤੀ ਕਿਉਂਕਿ ਰਿਸ਼ਵਤਖੋਰੀ ਦਾ ਮੁਕੱਦਮਾ ਅਤੇ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ (ਡੀਏ) ਸਬੰਧੀ ਦਰਜ ਮੁਕੱਦਮੇ ਦੀ ਜਾਂਚ ਨਾਜ਼ੁਕ ਪੜਾਅ ‘ਤੇ ਹਨ।
ਦੱਸ ਦੇਈਏ ਕਿ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਉਕਤ ਦੋਵਾਂ ਮੁਲਜ਼ਮਾਂ ਨੂੰ 16 ਅਕਤੂਬਰ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਭੁੱਲਰ ਨੇ ਸਰਹਿੰਦ ਥਾਣੇ ਵਿੱਚ ਦਰਜ ਇੱਕ ਮੁਕੱਦਮੇ ਦਾ ਨਿਪਟਾਰਾ ਕਰਾਉਣ ਲਈ ਸ਼ਾਰਦਾ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਸ਼ਿਕਾਇਤ ਦੇ ਮੱਦੇਨਜ਼ਰ ਸੀਬੀਆਈ ਨੇ ਜਾਲ ਵਿਛਾਇਆ ਅਤੇ ਰਿਸ਼ਵਤ ਵਜੋਂ 5 ਲੱਖ ਰੁਪਏ ਲੈਂਦੇ ਹੋਏ ਸ਼ਾਰਦਾ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਤੋਂ ਬਾਅਦ ਭੁੱਲਰ ਨੂੰ ਵੀ ਕਾਬੂ ਕਰ ਲਿਆ।
ਅਦਾਲਤ ਵਿੱਚ ਸੀਬੀਆਈ ਨੇ ਦੱਸਿਆ ਕਿ ਭੁੱਲਰ ਦੀ ਬੇਹਿਸਾਬੀ ਜਾਇਦਾਦ ਬਾਰੇ ਦਰਜ ਕੇਸ ਦੀ ਜਾਂਚ ਜਾਰੀ ਹੈ ਅਤੇ ਸ਼ੁਰੂਆਤੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਉਸ ਵੱਲੋਂ ਸਰਕਾਰੀ ਤੌਰ ਤੇ ਐਲਾਨੀ ਆਮਦਨ ਤੇ ਜਾਇਦਾਦਾਂ ਤੋਂ ਇਲਾਵਾ ਹੁਣ ਤੱਕ ਲੱਭੀਆਂ ਗਈਆਂ ਜਾਇਦਾਦਾਂ ਤੇ ਨਿਵੇਸ਼ ਵਿੱਚ ਕਾਫ਼ੀ ਫਰਕ ਹੈ। ਏਜੰਸੀ ਨੇ ਕਿਹਾ ਕਿ ਇਸ ਪੜਾਅ ‘ਤੇ ਕੁਝ ਖਾਤਿਆਂ ਨੂੰ ਡੀਫ੍ਰੀਜ਼ ਕਰਨ ਨਾਲ ਫੰਡਾਂ ਦਾ ਹੋਇਆ ਲੈਣ-ਦੇਣ ਜਾਂ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।