ਚੰਡੀਗੜ੍ਹ 15 ਮਈ 2024 (ਫਤਿਹ ਪੰਜਾਬ) ਪੰਜਾਬ ’ਚ ਕਿਸਾਨਾਂ ਵੱਲੋਂ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਹੁਣ ਭਾਜਪਾ ਉਮੀਦਵਾਰਾਂ ਦੀ ਮਦਦ ਲਈ ਪਾਰਟੀ ਅੱਗੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ। ਪਿਛਲੇ ਦਸ ਸਾਲਾਂ ਤੋਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਐਮਐਸਪੀ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਨਾ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਵੀ ਤਿੱਖੇ ਹਮਲੇ ਕੀਤੇ।
ਜਾਖੜ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਹਨ। ਚੰਡੀਗੜ੍ਹ ਵਿੱਚ ਦੇਖੋ ਦੋਵੇਂ ਇਕੱਠੇ ਹਨ। ਜਦੋਂ ਕਿ ਪੰਜਾਬ ਵਿੱਚ ਵਿਜੀਲੈਂਸ ਵਿਭਾਗ ਦਾ ਪੱਲੜਾ ਭਾਰੀ ਹੈ।
ਜਾਖੜ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਵੀ ਘੇਰਿਆ। ਉਨ੍ਹਾਂ ਨੇ ਅੰਦੋਲਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਿਸਾਨ ਹੁਣ ਸਿਆਸੀ ਹੋ ਗਏ ਹਨ। ਇਸ ਦੇ ਨਾਲ ਹੀ ਜੋ ਮੁੱਦਿਆਂ ਨੂੰ ਉਠਾਉਣਾ ਦਾ ਕੰਮ ਲੀਡਰਾਂ ਦਾ ਹੈ ਉਹ ਹੁਣ ਕਿਸਾਨ ਆਗੂ ਕਰ ਰਹੇ ਹਨ। ਇੰਨਾਂ ਕਾਰਨ ਹੀ ਸ਼ੁਭਕਰਨ ਸਿੰਘ ਦੀ ਜਾਨ ਚਲੀ ਗਈ।
ਕਿਸਾਨ ਸਨਮਾਨ ਨਿਧੀ ਵਿੱਚ 11 ਕਰੋੜ ਰਜਿਸਟਰਡ ਕਿਸਾਨ ਸਨ, ਜਦਕਿ ਪੰਜਾਬ ਦੇ ਕਿਸਾਨਾਂ ਦੀ ਗਿਣਤੀ 23 ਲੱਖ ਹੈ ਪਰ ਪੰਜਾਬ ਸਰਕਾਰ ਦੀ ਗਲਤੀ ਕਾਰਨ ਇਹ ਰਾਸ਼ੀ ਰੋਕ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਸ ਰਕਮ ਲਈ ਕੁਝ ਨਹੀਂ ਕੀਤਾ। ਇਸ ਕਾਰਨ ਹਰ ਸਾਲ 900 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਹਰ ਕਿਸਾਨ ਨੂੰ ਛੇ ਹਜ਼ਾਰ ਰੁਪਏ ਦਿੱਤੇ ਜਾਣੇ ਹਨ ਪਰ ਉਹ ਪੈਸੇ ਨਹੀਂ ਲੈ ਰਿਹਾ। ਸਰਕਾਰ ਇਸ ਦਿਸ਼ਾ ਵਿੱਚ ਕਦਮ ਕਿਉਂ ਨਹੀਂ ਚੁੱਕ ਰਹੀ?