ਲੁਧਿਆਣਾ 11 ਮਈ 2024 (ਫਤਿਹ ਪੰਜਾਬ) ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਕੋਠੀ ਦੇ ਵਿਵਾਦ ‘ਚ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਪਿਛਲੇ 8 ਸਾਲ ਤੋਂ ਸਰਕਾਰੀ ਕੋਠੀ ਵਿੱਚ ਗ਼ੈਰ-ਕਾਨੂੰਨੀ ਤੌਰ ‘ਤੇ ਬਿਨਾਂ ਕਿਸੇ ਅਲਾਟਮੈਂਟ ਤੋਂ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਹੈ, ਇਸ ਲਈ ਜਾਂਚ ਦੌਰਾਨ ਪੂਰੀ ਤਰ੍ਹਾਂ ਘੋਖਿਆ ਜਾ ਰਿਹਾ ਹੈ ਅਤੇ ਨਿਗਮ ਦੇ 3 ਮੁਲਾਜ਼ਮਾਂ ਵਿਰੁੱਧ ਕਾਰਵਾਈ ਲਈ ਵੀ ਲਿਖਿਆ ਗਿਆ ਹੈ।
ਕਮਿਸ਼ਨਰ ਸੰਦੀਪ ਰਿਸ਼ੀ ਨੇ ਖੁਲਾਸਾ ਕੀਤਾ ਹੈ ਕਿ ਬਿੱਟੂ ਨੂੰ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਡਿਪਟੀ ਕਮਿਸ਼ਨਰ ਦਫ਼ਤਰ ਨੇ ਸਰਕਾਰੀ ਕੋਠੀ ਅਲਾਟ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਪਹਿਲਾਂ ਦੋ ਮੁਲਾਜ਼ਮ ਮੁਅੱਤਲ ਕੀਤੇ ਸਨ। ਉਨ੍ਹਾਂ ਨੇ ਐਨਓਸੀ ਦੀ ਚਿੱਠੀ ਬਾਰੇ ਕੋਈ ਜਵਾਬ ਨਹੀਂ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਮੁਲਾਜ਼ਮਾਂ ਦਾ ਰਿਕਾਰਡ ਜਾਂਚਿਆ ਗਿਆ ਹੈ, ਪਰ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਹਾਲਾਂਕਿ ਡਰਾਈਂਗ ਬਰਾਂਚ ਦੇ 3 ਮੁਲਾਜ਼ਮ, ਏਟੀਪੀ ਅਤੇ 2 ਡਰਾਫਟਸਮੈਨ ਖਿਲਾਫ਼ ਕਾਰਵਾਈ ਲਈ ਉਨ੍ਹਾਂ ਨੇ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਿੱਟੂ ਨੇ ਹੀ ਐਨਓਸੀ ਪੈਂਡਿੰਗ ਬਾਰੇ ਧਿਆਨ ‘ਚ ਲਿਆਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ PWD ਪੀਡਬਲਯੂਡੀ ਤੋਂ ਰੇਟ ਮਨਜੂਰ ਕਰਵਾਇਆ ਗਿਆ। ਜਦੋਂ ਇਸ ਕੋਠੀ ਦੀ ਅਲਾਟਮੈਂਟ ਦਾ ਰਿਕਾਰਡ ਚੈਕ ਕੀਤਾ ਤਾਂ ਨਾ ਤਾਂ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਅਤੇ ਨਾ ਹੀ ਨਗਰ ਨਿਗਮ ਲੁਧਿਆਣਾ ਵੱਲੋਂ ਰਵਨੀਤ ਬਿੱਟੂ ਨੂੰ ਕੋਠੀ ਅਲਾਟ ਕੀਤੀ ਗਈ ਸੀ, ਜਿਸ ਕਾਰਨ ਇਹ ਗ਼ੈਰ-ਕਾਨੂੰਨੀ ਰਿਹਾਇਸ਼ੀ ਸੀ। ਇਸ ਲਈ ਗ਼ੈਰ ਕਾਨੂੰਨੀ ਹੋਣ ਕਾਰਨ ਰੇਟ ਡਬਲ ਕਰਵਾ ਕੇ ਪ੍ਰੋਸੀਜ਼ਰ ਤਹਿਤ ਨਕਸ਼ਾ ਵੀ ਤਿਆਰ ਕੀਤਾ ਗਿਆ, ਕਿਉਂ ਨਕਸ਼ਾ ਵੀ ਨਹੀਂ ਸੀ। ਇਸਤੋਂ ਬਾਅਦ ਹੀ ਰਵਨੀਤ ਬਿੱਟੂ ਨੂੰ ਰਾਤ 10 ਵਜੇ ਦੇ ਲਗਭਗ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਸੀ।
ਸਾਲ 2019 ‘ਚ ਰਵਨੀਤ ਬਿੱਟੂ ਵਲੋਂ ਵਿਖਾਏ ਐਨਓਸੀ ‘ਤੇ ਉਨ੍ਹਾਂ ਕਿਹਾ ਕਿ ਕੋਠੀ ਨਗਰ ਨਿਗਮ ਵੱਲੋਂ ਅਲਾਟ ਹੀ ਨਹੀਂ ਹੋਈ ਹੈ। ਨਾ ਹੀ ਸਾਡੇ ਵੱਲ ਕੋਠੀ ਦਾ ਕੋਈ ਬਕਾਇਆ ਹੀ ਖੜਾ ਸੀ। ਇਸ ਦਾ ਕੋਈ ਵੀ ਰਿਕਾਰਡ ਉਨ੍ਹਾਂ ਨੂੰ ਹੁਣ ਤੱਕ ਨਹੀਂ ਮਿਲਿਆ। ਇਸ ਘਪਲੇ ਦੇ ਸਬੰਧ ‘ਚ ਉਨ੍ਹਾਂ ਕਿਹਾ ਕਿ ਮੈਂ ਅਗਸਤ 2023 ‘ਚ ਜੁਆਇਨ ਕੀਤਾ ਹੈ ਅਤੇ ਇਹ ਮਾਮਲਾ 2016 ਦਾ ਹੈ, ਇਸ ਲਈ ਇਹ ਇੱਕ ਵੱਖਰਾ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਲੈ ਕੇ ਮੁਲਾਜ਼ਮਾਂ ਉੱਪਰ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਚਲ ਰਹੀ ਹੈ।
ਜੱਦੀ ਜ਼ਮੀਨ ਗਹਿਣੇ ਰੱਖ ਕੇ ਭਰਿਆ ਦੁੱਗਣਾ ਕਿਰਾਇਆ
ਦੱਸ ਦਈਏ ਕਿ ਰਵਨੀਤ ਬਿੱਟੂ 8 ਸਾਲ ਤੋਂ ਰੋਜ਼ ਗਾਰਡਨ ਨੇੜੇ ਬਣੀ ਸਰਕਾਰੀ ਕੋਠੀ ‘ਚ ਰਹਿ ਰਿਹਾ ਸੀ, ਜਿਸ ਦੇ ਦੁੱਗਣੇ ਕਿਰਾਏ 1.83 ਕਰੋੜ ਰੁਪਏ ਦਾ ਉਸ ਨੂੰ ਨਿਗਮ ਨੇ ਨੋਟਿਸ ਭੇਜਿਆ ਸੀ। ਰਵਨੀਤ ਬਿੱਟੂ ਨੇ ਇਹ ਰਕਮ ਅਗਲੇ ਦਿਨ ਭਰ ਦਿੱਤੀ ਸੀ ਅਤੇ ਐਨਓਸੀ ਪ੍ਰਾਪਤ ਕਰ ਲਿਆ। ਬਿੱਟੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਹ ਰਕਮ ਆਪਣੀ ਜੱਦੀ ਜ਼ਮੀਨ ਗਹਿਣੇ ਰੱਖ ਕੇ ਭਰੀ ਹੈ।
ਜ਼ਿਕਰਯੋਗ ਹੈ ਕਿ ਨਾਮਜ਼ਦਗੀ ਭਰਨ ਸਮੇਂ ਨਿਯਮ ਹੈ ਕਿ ਪਿਛਲੇ 10 ਸਾਲ ਦੌਰਾਨ ਵਿਅਕਤੀ ਦੀ ਕਿਸੇ ਪੋਸਟ ਕਾਰਨ ਜੋ ਵੀ ਸਰਕਾਰੀ ਰਿਹਾਇਸ਼ ਰਹੀ ਹੈ, ਉਸ ਦਾ ਕਿਰਾਇਆ, ਬਿਜਲੀ, ਪਾਣੀ ਦੇ ਬਿੱਲ ਕਲੀਅਰ ਹੋਣ ਬਾਰੇ ਸਬੰਧਤ ਵਿਭਾਗ ਤੋਂ ਐਨ.ਓ. ਸੀ. ਲੈਣਾ ਜ਼ਰੂਰੀ ਹੈ।