ਅੰਮ੍ਰਿਤਸਰ 18 ਮਈ 2024 (ਫਤਿਹ ਪੰਜਾਬ) ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਵਿਖੇ ਕਰਵਾਈ ਜਾ ਰਹੀ ਰੈਲੀ ਦੌਰਾਨ ਅਚਾਨਕ ਕਿਸੇ ਅਣਜਾਣ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਤੇ ਗੋਲੀ ਚਲਾਉਣ ਵਾਲੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਮੌਕੇ ਇਕ ਨੌਜਵਾਨ ਹੋਇਆ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਰੈਲੀ ਦੇ ਬਾਹਰ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕਰ ਦਿੱਤਾ। ਜਿਸ ਤੋਂ ਬਾਅਦ ਜਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਉਹ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਸਨ ਅਤੇ ਜਦੋਂ ਪਿਆਸ ਲੱਗੀ ਤੇ ਉਹ ਰੈਲੀ ਤੋਂ ਬਾਹਰ ਪਾਣੀ ਪੀਣ ਆਇਆ ਤਾਂ ਤਾਂ ਕੁਝ ਨੌਜਵਾਨਾਂ ਨੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਸਨੂੰ ਜਖਮੀ ਕਰ ਦਿੱਤਾ ਅਤੇ ਉਹ ਕਈ ਨੌਜਵਾਨਾਂ ਨੂੰ ਪਹਿਚਾਣਦਾ ਵੀ ਹੈ ਅਤੇ ਉਸਦੀ ਪੁਰਾਣੀ ਰੰਜਿਸ਼ ਸੀ ਅਤੇ ਇਹ ਪੁਰਾਣੀ ਰੰਜਿਸ਼ ਤਹਿਤ ਹੀ ਉਸਦੇ ਉੱਪਰ ਹਮਲਾ ਕੀਤਾ ਗਿਆ ਹੈ।
ਗੁਰਜੀਤ ਸਿੰਘ ਔਜਲਾ ਪੱਤਰਕਾਰਾਂ ਦੇ ਸਾਹਮਣੇ ਚੱਲੀ ਹੋਏ ਕਾਰਤੂਸ ਦਾ ਖੋਲ ਲੈ ਕੇ ਆਏ ਅਤੇ ਪੁਲਿਸ ਤੋਂ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਔਜਲਾ ਨੇ ਕਿਹਾ ਕਿ ਅਜਨਾਲਾ ਹਲਕੇ ਨਾਲ ਸੰਬੰਧਿਤ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਸ਼ਰੇਆਮ ਇਸ ਜਗ੍ਹਾ ਤੇ ਆ ਕੇ ਗੋਲੀਆਂ ਚਲਾਈਆਂ ਗਈਆਂ ਜਿਸਦੀ ਉਹ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਨ ਤੇ ਸਖਤ ਕਾਰਵਾਈ ਦੀ ਮੰਗ ਕਰਦੇ ਹਨ।
ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਜ਼ਖਮੀ ਹੋਏ ਨੌਜਵਾਨ ਲਵਲੀ ਕੁਮਾਰ ਦੇ ਬਿਆਨ ਕਲਮਬੰਦ ਲਏ ਗਏ ਹਨ। ਫਿਲਹਾਲ ਪੁਲਿਸ ਮਾਮਲਾ ਦਰਜ ਕਰ ਰਹੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੁਲਿਸ ਮਾਮਲੇ ਨੂੰ ਲੈ ਕੇ ਜਾਂਚ ‘ਚ ਜੁੱਟ ਗਈ ਹੈ ਅਤੇ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਜਗ੍ਹਾ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਾਕੇ ਲਗਾਏ ਗਏ ਹਨ ਤਾਂ ਜੋ ਹਮਲਾਵਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ।