ਅਖਿਲੇਸ਼ ਯਾਦਵ ਨੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਕੀਤੀ ਮੰਗ, ਲੜਕਾ ਗ੍ਰਿਫਤਾਰ

ਲਖਨਊ 20 ਮਈ 2024 (ਫਤਿਹ ਪੰਜਾਬ) ਸੋਸ਼ਲ ਮੀਡੀਆ ‘ਤੇ ਬੀਤੇ ਦਿਨ ਐਤਵਾਰ ਨੂੰ ਵਾਇਰਲ ਹੋਈ ਇੱਕ ਵੀਡੀਓ ਨੇ ਉੱਤਰ ਪ੍ਰਦੇਸ਼ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਉੱਥੇ ਹੀ ਸੂਬਾ ਚੋਣ ਪ੍ਰਸ਼ਾਸਨ ਦੇ ਨਿਰਪੱਖ ਅਤੇ ਅਜਾਦਾਨਾ ਚੋਣ ਪ੍ਰਬੰਧਾਂ ਦੀ ਵੀ ਪੋਲ ਖੋਲ ਦਿੱਤੀ ਹੈ। 

ਇਹ ਵੀਡੀਓ ਫਾਰੂਖਾਬਾਦ ਲੋਕ ਸਭਾ ਸੀਟ ਦੇ ਅਧੀਨ ਅਲੀਗੰਜ ਵਿਧਾਨ ਸਭਾ ਹਲਕੇ ਦੇ ਇੱਕ ਬੂਥ ‘ਤੇ ਜਾਅਲੀ ਵੋਟਾਂ ਪਾਉਣ ਬਾਰੇ ਹੈ ਜਿਸ ਵਿੱਚ ਇੱਕ ਗਰਾਮ ਪ੍ਰਧਾਨ ਦਾ 17 ਸਾਲਾ ਨਬਾਲਗ ਲੜਕਾ ਭਾਜਪਾ ਨੂੰ ਅੱਠ ਵਾਰ ਵੋਟ ਪਾਉਣ ਤੋਂ ਬਾਅਦ ਆਪਣੀ ਵੀਡੀਓ ਬਣਾ ਰਿਹਾ ਹੈ ਜਿਸ ਨੂੰ ਦੇਖ ਕੇ ਲਗਦਾ ਹੈ ਪੋਲਿੰਗ ਬੂਥ ਉੱਪਰ ਉਸ ਨੂੰ ਵਾਰ ਵਾਰ ਅਜਿਹਾ ਕਰਨ ਤੋਂ ਰੋਕਣ ਲਈ ਕਿਸੇ ਅਧਿਕਾਰੀ/ਕਰਮਚਾਰੀ ਨੇ ਤਰੱਦਦ ਹੀ ਨਹੀਂ ਕੀਤਾ ਸਗੋਂ ਜਾਪਦਾ ਹੈ ਕਿ ਜਿਵੇਂ ਉਸ ਲੜਕੇ ਨੇ ਕੁੱਝ ਸਮੇਂ ਲਈ ਬੂਥ ਕੈਪਚਰ ਕਰ ਲਿਆ ਹੋਵੇ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਹਰਕਤ ਵਿੱਚ ਆਏ ਜ਼ਿਲਾ ਚੋਣ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਇੱਕ ਅਣਪਛਾਤੇ ਨੌਜਵਾਨ ਦੇ ਖ਼ਿਲਾਫ਼ ਥਾਣਾ ਨਵਾਂਗਰਾਓਂ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਬੂਥ ਉਪਰ ਤਾਇਨਾਤ ਅਧਿਕਾਰੀਆਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ, ਅਤੇ ਦੁਬਾਰਾ ਪੋਲਿੰਗ ਦੀ ਸਿਫਾਰਸ਼ ਕਰਨ ਲਈ ਵੀ ਕਿਹਾ ਹੈ।

ਇਸ ਵੀਡੀਓ ਨੂੰ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਦੇ ਹੋਏ ਸਪਾ ਮੁਖੀ ਅਖਿਲੇਸ਼ ਯਾਦਵ ਨੇ ਲਿਖਿਆ, ਜੇਕਰ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਇਹ ਗਲਤ ਹੋਇਆ ਹੈ ਤਾਂ ਉਸ ਨੂੰ ਜ਼ਰੂਰ ਕੁਝ ਕਾਰਵਾਈ ਕਰਨੀ ਚਾਹੀਦੀ ਹੈ। 

ਜਿਕਰਯੋਗ ਹੈ ਕਿ ਅਲੀਗੰਜ ਵਿਧਾਨ ਸਭਾ ਹਲਕੇ ਵਿੱਚ 13 ਮਈ ਨੂੰ ਵੋਟਾਂ ਪਈਆਂ ਸਨ ਅਤੇ ਐਤਵਾਰ ਨੂੰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਹ ਚਰਚਿਤ ਵੀਡੀਓ ਵਾਇਰਲ ਕਰ ਦਿੱਤਾ। ਇਸ ‘ਚ ਇਕ ਨੌਜਵਾਨ ਵਾਰ-ਵਾਰ ਬੂਥ ਦੇ ਅੰਦਰ ਜਾ ਕੇ ਈ.ਵੀ.ਐੱਮ ਮਸ਼ੀਨ ‘ਤੇ ਭਾਜਪਾ ਨੂੰ ਵੋਟਾਂ ਪਾਉਣ ਦਾ ਵੀਡੀਓ ਬਣਾ ਰਿਹਾ ਹੈ। ਨਾਲ ਹੀ ਉਹ ਹਰ ਵਾਰ ਦੱਸ ਰਿਹਾ ਹੈ ਕਿ ਉਸਨੇ ਕਿੰਨੀ ਵਾਰ ਵੋਟ ਪਾਈ ਹੈ। ਉਸਦਾ ਦਾਅਵਾ ਹੈ ਕਿ ਇਸ ਤਰ੍ਹਾਂ ਇਕ-ਇਕ ਕਰਕੇ ਉਸਨੇ ਅੱਠ ਵਾਰ ਵੋਟਾਂ ਪਈਆਂ ਹਨ।

ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਇਹ ਲੜਕਾ ਥੋੜੇ ਥੋੜੇ ਸਮੇਂ ਬਾਦ ਵੱਖ-ਵੱਖ ਆਈਡੀ ਕਾਰਡ ਦਿਖਾਉਂਦਾ ਹੈ ਅਤੇ ਭਾਜਪਾ ਉਮੀਦਵਾਰ ਦੇ ਚੋਣ ਨਿਸ਼ਾਨ ਸਾਹਮਣੇ ਈਵੀਐਮ ਬਟਨ ਨੂੰ ਦਬਾਉਦਾ ਦਿਖਾਈ ਦਿੰਦਾ ਹੈ ਜਿੱਥੇ ਭਾਜਪਾ ਉਮੀਦਵਾਰ ਮੁਕੇਸ਼ ਰਾਜਪੂਤ ਦੀ ਫੋਟੋ ਅਤੇ ਕਮਲ ਦਾ ਨਿਸ਼ਾਨ ਹੈ।

ਇਸ ਬਾਰੇ CEO UP ਸੀਈਓ ਯੂਪੀ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਡੀਐਮ ਈਟਾ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਪ ਜ਼ਿਲ੍ਹਾ ਚੋਣ ਅਫ਼ਸਰ ਆਯੂਸ਼ ਚੌਧਰੀ ਨੇ ਦੱਸਿਆ ਕਿ ਇੱਕ ਨੌਜਵਾਨ ਵੱਲੋਂ ਇੱਕ ਤੋਂ ਵੱਧ ਵਾਰ ਵੋਟ ਪਾਉਣ ਦੀ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਜਿਸ ਬਾਰੇ ਆਈਪੀਸੀ ਦੀ ਧਾਰਾ 171-ਐਫ ਅਤੇ 419 ਸਮੇਤ ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 128, 132 ਅਤੇ 136 ਅਧੀਨ ਰਿਪੋਰਟ ਦਰਜ ਕਰਵਾਈ ਗਈ ਹੈ ਅਤੇ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਕੰਮ ਕਿਹੜੇ ਦਸਤਾਵੇਜ਼ਾਂ ਦੇ ਆਧਾਰ ‘ਤੇ ਕੀਤਾ ਹੈ। 

Skip to content