SAD – BJP Leaders Slam INDIA Bloc’s City-State Promise To UT Chandigarh
ਅਕਾਲੀ ਦਲ ਤੇ ਭਾਜਪਾ ਨੇਤਾਵਾਂ ਵੱਲੋਂ ਚੰਡੀਗੜ੍ਹ ਨੂੰ ਰਾਜ ਦਾ ਦਰਜ ਦਿਵਾਉਣ ਦੇ ਵਾਅਦੇ ਦੀ ਵਿਆਪਕ ਨਿੰਦਾ
ਚੰਡੀਗੜ੍ਹ, 11 ਮਈ (ਫਤਿਹ ਪੰਜਾਬ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੱਖਰੇ-ਵੱਖਰੇ ਬਿਆਨਾਂ ਵਿਚ INDIA Coalition ਵੱਲੋਂ ਜਾਰੀ ਚੰਡੀਗੜ੍ਹ ਮੈਨੀਫੈਸਟੋ ਲਈ ਉਸ ਦੀਆਂ ਭਾਈਵਾਲ ਪਾਰਟੀਆਂ ਕਾਂਗਰਸ ਅਤੇ ‘ਆਪ’ ‘ਤੇ ਨਿਸ਼ਾਨਾ ਸਾਧਿਆ ਹੈ ਜਿਸ ਵਿਚ ਉਨ੍ਹਾਂ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਯੂਟੀ ਨੂੰ ਰਾਜ ਦਾ ਦਰਜਾ ਦਿਵਾਉਣ ਦਾ ਵਾਅਦਾ ਕੀਤਾ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਨੇ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ਆਪਣੀ ਪਾਰਟੀ ਦੇ ਇਰਾਦੇ ਨੂੰ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਦਬਾਅ ਅੱਗੇ ਝੁਕ ਗਈ ਜਾਪਦੀ ਹੈ ਅਤੇ ਇਸਦੇ ਲੀਡਰ ਪੰਜਾਬ ਦੀ ਕੀਮਤ ‘ਤੇ ਆਪਣੀ ਵੱਖਰੀ ਧੁਨ ਉਚਾਰਦੇ ਹਨ। ਉੱਨਾਂ ਕਿਹਾ ਕਿ ਨੀਤੀ ਅਤੇ ਫੈਸਲੇ ਲੈਣ ਵਿੱਚ ਕਾਂਗਰਸ ਵਿੱਚ ਕੋਈ ਤਾਲਮੇਲ ਨਹੀਂ ਹੈ। ਕਾਂਗਰਸ ਨੇ ਆਪਣੀਆਂ ਨੀਤੀਆਂ ਅੰਬਿਕਾ ਸੋਨੀ, ਸੈਮ ਪਿਤਰੋਦਾ ਅਤੇ ਹੋਰਾਂ ਨੂੰ ਆਊਟਸੋਰਸ ਕੀਤੀਆਂ ਹਨ ਜੋ ਪੰਜਾਬ ਅਤੇ ਹੋਰ ਥਾਵਾਂ ‘ਤੇ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹਨ।
ਜਾਖੜ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਦੂਰ ਕਰਨ ਦੀ ਕਾਂਗਰਸ ਦੀ ਕੋਸ਼ਿਸ਼ ਦਾ ਭਾਜਪਾ ਵੱਲੋਂ ਹਰ ਸੰਭਵ ਵਿਰੋਧ ਕੀਤਾ ਜਾਵੇਗਾ। ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਇਸ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉੱਨਾਂ ਪੁੱਛਿਆ ਕਿ ਸਿਰਫ ਕਾਂਗਰਸ ਹੀ ਕਿਉਂ? ਪੰਜਾਬ ਦੇ ਹੱਕ ਖੋਹਣ ਵਾਲੇ ਇਸ ਮੁੱਦੇ ‘ਤੇ ‘ਆਪ’ ਅਤੇ ਭਗਵੰਤ ਮਾਨ ਦਾ ਕੀ ਕਹਿਣਾ ਹੈ?
ਉਧਰ ਸੁਖਬੀਰ ਬਾਦਲ ਨੇ ਕਿਹਾ ਕਿ ਚੰਡੀਗੜ੍ਹ ਬਾਰੇ ਚੋਣ ਵਾਅਦੇ ਨਾਲ ਕਾਂਗਰਸ ਅਤੇ ‘ਆਪ’ ਦੋਵਾਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨਾਂ ਪਾਰਟੀਆਂ ਨੇ ਯੂਟੀ ਲਈ ਬਤੌਰ ਰਾਜ ਦੇ ਅਧਿਕਾਰਾਂ ਦੀ ਮੰਗ ਕਰਕੇ ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਨੂੰ ਤਿਲਾਂਜਲੀ ਦੇ ਦਿੱਤੀ ਹੈ।
ਬਾਦਲ ਨੇ ਕਿਹਾ ਕਿ ਇਹ ਦੋਵਾਂ ਪਾਰਟੀਆਂ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਧੋਖਾ ਹੈ। ਸੁਖਬੀਰ ਨੇ ਅੱਗੇ ਕਿਹਾ ਕਿ ਕਾਂਗਰਸ-ਆਪ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਜਾਰੀ ਕੀਤੇ ਮੈਨੀਫੈਸਟੋ ਨੇ ਸਪੱਸ਼ਟ ਕਰ ਦਿੱਤਾ ਹੈ ਕਿ INDIA Coalition ਵਾਲੀਆਂ ਪਾਰਟੀਆਂ ਚੰਡੀਗੜ੍ਹ ਨੂੰ ਦਿੱਲੀ ਵਾਂਗ ਵੱਖਰਾ ਸੂਬਾ ਬਣਾਉਣ ਲਈ ਤੱਤਪਰ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੈਨੀਫੈਸਟੋ ਇਸ ਗੱਲ ਦਾ ਸਬੂਤ ਹੈ ਕਿ ਕੌਮੀ ਪਾਰਟੀਆਂ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ। ਇਹ ਨਹਿਰੂ-ਗਾਂਧੀ ਪਰਿਵਾਰ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਲਏ ਗਏ ਪੰਜਾਬ ਵਿਰੋਧੀ ਸਟੈਂਡ ਦੇ ਅਨੁਕੂਲ ਹੈ।