ਆਪ ਵਿਧਾਇਕ ਖਿਲਾਫ ਸਿੱਖ ਪਰੰਪਰਾਵਾਂ ਮੁਤਾਬਿਕ ਹੋਵੇਗੀ ਕਾਰਵਾਈ – ਸ੍ਰੀ ਅਕਾਲ ਤਖਤ ਸਾਹਿਬ
ਬਰਨਾਲਾ 23 ਮਈ 2024 (ਫਤਿਹ ਪੰਜਾਬ) ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਿਵਾਦ ਅਜੇ ਠੰਢਾ ਨਹੀਂ ਹੋਇਆ ਕਿ ਹੁਣ AAP ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇੱਕ ਹੋਰ ਨਵਾਂ ਵਿਵਾਦ ਛੇੜ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ AAP MLA Viral Video ਵਿੱਚ ਉਹ ਅਰਦਾਸ ਵਿਚਲੇ ਸ਼ਬਦਾਂ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਦੇ ਵੇਖੇ ਜਾ ਰਹੇ ਹਨ। ਵੀਡੀਓ ਨੂੰ ਲੈ ਕੇ ਆਮ ਸਿੱਖ ਦੇ ਮਨਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ।
ਆਪ’ ਵਿਧਾਇਕ ਪੰਡੋਰੀ ਨੇ ਵਿਵਾਦਤ ਵੀਡੀਓ ‘ਚ ਕੀ ਕਿਹਾ
ਵਾਇਰਲ ਵੀਡੀਓ ਵਿੱਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀਡੀਓ ਵਿੱਚ ਬਾਬਾ ਸਾਹਿਬ ਅੰਬੇਦਕਰ ਬਾਰੇ ਬੋਲ ਰਹੇ ਸਨ ਤਾਂ ਇਸ ਦੌਰਾਨ ਹੀ ਉਨ੍ਹਾਂ ਉਦਾਹਰਨ ਦਿੱਤੀ ਕਿ ਵੈਸੇ ਤਾਂ ਗੁਰਬਾਣੀ ਵਿੱਚ ਲਿਖਿਆ ਹੈ ‘ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ’…ਜੇ ਕੋਈ ਅਜਿਹਾ ਬਣਿਆ ਹੈ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਬ੍ਹ ਤੋਂ ਬਾਅਦ ਮੁੱਖ ਮੰਤਰੀ ਸਾਬ੍ਹ ਬਣੇ ਹਨ, ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਹੈ।
ਆਪ’ ਵਿਧਾਇਕ ਖਿਲਾਫ ਸਿੱਖ ਪਰੰਪਰਾਵਾਂ ਖਿਲਾਫ ਹੋਵੇਗੀ ਕਾਰਵਾਈ
ਉਧਰ, ਇਸ ਵੀਡੀਓ ਦੇ ਵਾਇਰਲ ਹੋਣ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਨੇ ਵੀ ਸਖਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਹੈ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਰਦਾਸ ਦੇ ਸ਼ਬਦਾਂ ਦੀ ਅਜਿਹੀ ਗਲਤ ਵਿਆਖਿਆ ਕਰਨ ਬਾਰੇ ਜਾਂਚ ਕਰਵਾਈ ਜਾ ਰਹੀ ਹੈ ਅਤੇ ਜੇਕਰ ਸਹੀ ਪਾਈ ਜਾਂਦੀ ਹੈ ਤਾਂ ਇਸ ਆਪ ਵਿਧਾਇਕ ਖਿਲਾਫ ਸਿੱਖ ਪਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।