ਫ਼ਰੀਦਕੋਟ 11 ਮਈ 2024 (ਫਤਿਹ ਪੰਜਾਬ) ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਫਿਲਮੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਹੈ। ਇੱਕ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਰਾਖਵੇਂ ਲੋਕ ਸਭਾ ਫਰੀਦਕੋਟ ਹਲਕੇ (Faridkot Lok Sabha) ਲਈ ਕਰਮਜੀਤ ਅਨਮੋਲ (Karamjit Anmol) ਯੋਗ ਨਹੀਂ ਹੈ ਕਿਉਂਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਨਹੀਂ ਹੈ। ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨੇ ਆਪਣੇ ਇਸ ਦਾਅਵੇ ਦੀ ਪੜਤਾਲ ਲਈ ਡੀਸੀ-ਕਮ- ਰਿਟਰਨਿੰਗ ਅਫਸਰ ਫਰੀਦਕੋਟ ਨੂੰ ਸ਼ਿਕਾਇਤ ਕੀਤੀ ਹੈ।

ਫਰੀਦਕੋਟ ਲੋਕ ਸਭਾ (SC) ਰਾਖਵਾਂ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ SC ਸਰਟੀਫਿਕੇਟ ਨੂੰ ਲੈ ਕੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨੇ ਸਵਾਲ ਚੁੱਕੇ ਹਨ। 

ਦੱਸ ਦਈਏ ਕਿ ਅਵਤਾਰ ਸਿੰਘ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ, ਐਸ.ਸੀ./ਬੀ.ਸੀ. ਮਹਾਂ ਪੰਚਾਇਤ ਪੰਜਾਬ ਦਾ ਸਪੋਕਸਪਰਸਨ ਹੈ। ਉਸ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਕਰਮਜੀਤ ਅਨਮੋਲ ਦੇ (SC) ਸਰਟੀਫਿਕੇਟ ਦੀ ਪੜਤਾਲ ਕਰਨ ਲਈ ਮੰਗ ਪੱਤਰ ਦਿੱਤਾ ਹੈ ਅਤੇ ਸਰਟੀਫਿਕੇਟ ਦੀ ਇੱਕ ਤਸਦੀਕਸ਼ੁਦਾ ਕਾਪੀ ਦੀ ਵੀ ਮੰਗ ਕੀਤੀ ਹੈ।

ਅਵਤਾਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਰਟੀਫਿਕੇਟ ਦੇ ਜਾਅਲੀ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ‘ਚ ਲਿਖਿਆ ਹੈ ਕਿ ਕਰਮਜੀਤ ਸਿੰਘ ਅਨਮੋਲ ਪੁੱਤਰ ਸਾਧੂ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਪਰ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਨਹੀਂ ਹੈ ਅਤੇ ਉਸ ਨੇ ਨਾਮਜ਼ਦਗੀ ਲਈ ਐਸ.ਸੀ. ਕੈਟਾਗਿਰੀ ਦਾ ਜਾਅਲੀ ਸਰਟੀਫਿਕੇਟ ਜਮ੍ਹਾਂ ਕਰਵਾਇਆ ਹੈ।

ਅਵਤਾਰ ਸਿੰਘ ਨੇ ਆਪਣੇ ਮੰਗ ਪੱਤਰ ਨਾਲ ਇੱਕ ਐਸ.ਸੀ. ਕੈਟਾਗਿਰੀ ਨਾਲ ਸਬੰਧਤ ਜਾਤੀਆਂ ਦੀ ਸੂਚੀ ਵੀ ਨਾਲ ਨੱਥੀ ਕੀਤੀ ਹੈ।

Skip to content