ਫ਼ਿਰੋਜ਼ਪੁਰ, 7 ਫ਼ਰਵਰੀ 2025 (ਫਤਹਿ ਪੰਜਾਬ ਬਿਊਰੋ) — ਚਾਰ ਸਾਲ ਤੋਂ ਫਰਾਰ ਬਲਾਤਕਾਰ ਦੇ ਦੋਸ਼ੀ ਫ਼ਿਰੋਜ਼ਪੁਰ ਦੇ ਵਪਾਰੀ ਵਰਿੰਦਰ ਪਾਲ ਸਿੰਘ ਉਰਫ਼ ਵੀ.ਪੀ. ਸਿੰਘ ਉਰਫ਼ ਵੀਪੀ ਹਾਂਡਾ ਦੀ ਗ੍ਰਿਫ਼ਤਾਰੀ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਅਤੇ ਗ੍ਰਹਿ ਸਕੱਤਰ ਨੂੰ 11 ਫ਼ਰਵਰੀ ਨੂੰ ਅਦਾਲਤ ’ਚ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਆਦੇਸ਼ ਦੇ ਹਫ਼ਤੇ ਦੇ ਅੰਦਰ ਹੀ ਦੋਸ਼ੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਦੱਸ ਦੇਈਏ ਕਿ ਵੀ.ਪੀ. ਸਿੰਘ ’ਤੇ 10 ਅਕਤੂਬਰ 2020 ਨੂੰ ਇੱਥੋਂ ਦੇ ਕੁਲਗੜ੍ਹੀ ਥਾਣੇ ’ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 376, 511, 354, 304-A ਅਤੇ 506 ਅਤੇ ਜਾਣਕਾਰੀ ਤਕਨਾਲੋਜੀ ਕਾਨੂੰਨ ਦੀ ਧਾਰਾ 67-A ਅਧੀਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਉਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ।
ਦੱਸ ਦੇਈਏ ਕਿ ਬੀਤੀ 30 ਜਨਵਰੀ ਨੂੰ ਉੱਚ ਅਦਾਲਤ ਨੇ ਆਦੇਸ਼ ਜਾਰੀ ਕਰਕੇ ਕਿਹਾ ਕਿ ਜੇਕਰ ਦੋਸ਼ੀ ਅਜੇ ਵੀ ਫ਼ਰਾਰ ਰਹਿੰਦਾ ਹੈ ਤਾਂ ਅਗਲੀ ਸੁਣਵਾਈ ਮੌਕੇ ਪੰਜਾਬ ਦੇ DGP ਅਤੇ ਗ੍ਰਹਿ ਸਕੱਤਰ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਹਾਜ਼ਰ ਹੋਣਾ ਪਵੇਗਾ। ਪਤਾ ਲੱਗਾ ਹੈ ਕਿ ਉਕਤ ਵੀਪੀ ਸਿੰਘ ਦੇ ਕਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਮੇਤ ਸਿਆਸੀ ਆਗੂਆਂ ਨਾਲ ਨਿੱਘੇ ਸਬੰਧ ਹਨ ਅਤੇ ਉਸਦਾ ਕਹਿਣਾ ਹੈ ਕਿ ਉਸਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਅਤੇ ਬਲਾਤਕਾਰ ਦੇ ਦੋਸ਼ ਝੂਠੇ ਹਨ।
ਬੀਤੇ ਕੱਲ ਆਤਮ ਸਮਰਪਣ ਕਰਨ ਤੋਂ ਬਾਅਦ ਦੋਸ਼ੀ ਨੂੰ ਪਹਿਲਾਂ ਸਥਾਨਕ ਮੈਜਿਸਟ੍ਰੇਟ ਅਮਨਦੀਪ ਕੌਰ ਰਾਠੌਰ ਦੀ ਅਦਾਲਤ ’ਚ ਪੇਸ਼ ਕਰਦੇ ਸਮੇਂ ਪੁਲਿਸ ਨੇ 7 ਦਿਨਾਂ ਰਿਮਾਂਡ ਦੀ ਮੰਗ ਕੀਤੀ ਪਰ ਦੋਸ਼ੀ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇਹ ਸਿਰਫ਼ ਅਦਾਲਤੀ ਕਾਰਵਾਈ ਲਈ ਹਾਜ਼ਰੀ ਨੂੰ ਯਕੀਨੀ ਬਣਾਉਣ ਦਾ ਮਾਮਲਾ ਹੈ ਇਸ ਲਈ ਰਿਮਾਂਡ ਦੀ ਬਿਲਕੁਲ ਲੋੜ ਨਹੀਂ। ਪਰ ਅਦਾਲਤ ਨੇ ਦੋਸ਼ੀ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਇਸ ਕੇਸ ਬਾਰੇ ਹੋਰ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ