ਚੰਡੀਗੜ੍ਹ, 7 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ (AAP) ਦੇ ਸਾਬਕਾ ਵਿਧਾਇਕ ਅਤੇ ਮਾਨਵੀ ਅਧਿਕਾਰਾਂ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ (ਉਮਰ 69 ਸਾਲ) ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ।
ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਪਿਛਲੇ ਚਾਰ ਦਹਾਕਿਆਂ ਤੋਂ ਕਾਨੂੰਨੀ ਲੜਾਈ ਲੜ ਰਹੇ ਮਾਲਵਾ ਖੇਤਰ ਨਾਲ ਸੰਬੰਧਤ ਜੱਟ ਸਿੱਖ ਫੂਲਕਾ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਦੀ ਅਗਵਾਈ ਵਾਲੀ ਖੇਤਰੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ਬਣਾਉਣ ਦੀ ਤੱਤਕਾਲ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਵਿੱਚ ਹਾਲੀਆ ਸੁਧਾਰ ਇੱਕ ਸਕਾਰਾਤਮਕ ਵਿਕਾਸ ਹੈ, ਜਿਸ ਨਾਲ ਉਹਨਾਂ ਲੋਕਾਂ ਵਿਚ ਆਸ ਜਗੀ ਹੈ, ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਇੱਕ ਨਵੇਂ ਅਕਾਲੀ ਦਲ ਦੀ ਉਡੀਕ ਸੀ। ਪੰਜਾਬ ਨੂੰ ਵਿਲੱਖਣ ਚੁਣੌਤੀਆਂ ਦਾ ਹੱਲ ਕਰਨ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ। ਮੌਜੂਦਾ ਅਕਾਲੀ ਨੇਤਾਵਾਂ ਨੇ ਪਿਛਲੀਆਂ ਗਲਤੀਆਂ ਨੂੰ ਸਵੀਕਾਰਿਆ ਹੈ, ਜੋ ਭਰੋਸਾ ਦੁਬਾਰਾ ਬਣਾਉਣ ਅਤੇ ਮੈਂਬਰਸ਼ਿਪ ਵਧਾਉਣ ਦਾ ਨਵਾਂ ਮੌਕਾ ਪ੍ਰਦਾਨ ਕਰਦਾ ਹੈ।
ਫੂਲਕਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫਲ ਰਹੀ। ਯਾਦ ਰਹੇ ਕਿ ਬਾਦਲ 4 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਦਰਵਾਜ਼ੇ ’ਤੇ ਸੇਵਾ ਕਰਦਿਆਂ ਸਾਬਕਾ ਖਾਲਿਸਤਾਨੀ ਨਰਾਇਣ ਸਿੰਘ ਚੌਰਾ ਨੇ ਉਨ੍ਹਾਂ ’ਤੇ ਗੋਲੀ ਚਲਾਈ ਸੀ ਤਦ ਉਹ ਇੱਕ ਵੱਡੇ ਹਾਦਸੇ ਤੋਂ ਬਚ ਗਏ।
ਸਾਲ 2017 ਵਿੱਚ ਵਿਰੋਧੀ ਪਾਰਟੀ ਦੇ ਨੇਤਾ ਦੇ ਤੌਰ ਤੇ ਅਸਤੀਫਾ ਦੇਣ ਵਾਲੇ ਵਿਧਾਇਕ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਉਪਰੰਤ ਉਨ੍ਹਾਂ ਕਿਹਾ ਹੈ ਕਿ ਉਹ ਸਭ ਤੋਂ ਪਹਿਲਾਂ ਮੈਂਬਰ ਬਣਨ ਲਈ ਆਪਣਾ ਨਾਮ ਦਰਜ ਕਰਾਉਣਗੇ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਨੂੰਨ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ ਅਤੇ ਸਿੱਖ ਭਾਈਚਾਰੇ ਲਈ ਅਧਿਕਾਰਾਂ ਦੀ ਲੜਾਈ ਲੜ ਰਹੇ ਮਾਨਵੀ ਅਧਿਕਾਰਾਂ ਦੇ ਵਕੀਲ ਫੂਲਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਨ ਦੀ ਯੋਗਤਾ ਹੈ।
ਹਾਲਾਂਕਿ, ਉਨ੍ਹਾਂ ਸਪਸ਼ਟ ਕੀਤਾ, “ਮੈਂ ਪਾਰਟੀ ਵਿੱਚ ਕਿਸੇ ਵੀ ਪਦਵੀ ਦੀ ਮੰਗ ਨਹੀਂ ਕਰ ਰਿਹਾ ਅਤੇ ਨਾ ਹੀ ਚੋਣਾਂ ਲੜਨ ਦੀ ਯੋਜਨਾ ਹੈ। ਮੇਰਾ ਧਿਆਨ ਸਿਰਫ਼ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਅਤੇ ਇਸਦੀ ਪੁਰਾਤਨਤਾ ਮੁੜ ਕਾਇਮ ਕਰਨ ਲਈ ਹੈ।”
ਫੂਲਕਾ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਉਸ ਸਮੇਂ ਆਇਆ ਹੈ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਸਵੀਕਾਰ ਕੀਤਾ ਜਾਵੇ ਅਤੇ ਪਾਰਟੀ ਨੂੰ ਛੇ ਮਹੀਨਿਆਂ ਵਿੱਚ ਮੁੜ ਸੰਗਠਿਤ ਕਰਨ ਲਈ ਇੱਕ ਕਮੇਟੀ ਬਣਾਈ ਹੈ।