ਅੰਮ੍ਰਿਤਸਰ 19 ਜਨਵਰੀ (ਫਤਿਹ ਪੰਜਾਬ ਬਿਊਰੋ) ਕੁਝ ਦਿਨ ਪਹਿਲਾਂ ਮਾਘੀ ਮੌਕੇ 14 ਜਨਵਰੀ ਨੂੰ ਨਵੀਂ ਬਣੀ ਰਾਜਨੀਤਿਕ ਪਾਰਟੀ – ਅਕਾਲੀ ਦਲ (ਵਾਰਿਸ ਪੰਜਾਬ ਦੇ) – ਦੇ ਬਾਨੀ ਮੈਂਬਰਾਂ ਵਿੱਚ ਨਰਾਜ਼ਗੀ ਹੋਣ ਕਾਰਨ ਪਾਰਟੀ ਬਣਨ ਤੋਂ ਪਹਿਲਾਂ ਹੀ ਫੁੱਟ ਪੈਣ ਦੀਆਂ ਕਨਸੋਆਂ ਮਿਲੀਆਂ ਹਨ ਪਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇੰਨਾਂ ਗੱਲਾਂ ਨੂੰ ਅਫਵਾਹਾਂ ਕਰਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੈ ਕਿ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਵਿੱਚੋਂ ਇੱਕ ਸਤਵੰਤ ਸਿੰਘ ਦਾ ਭਤੀਜਾ ਸੁਖਵਿੰਦਰ ਸਿੰਘ ਅਗਵਾਨ ਇਸ ਪਾਰਟੀ ਦੇ ਸੰਗਠਨਾਤਮਕ ਢਾਂਚੇ ਲਈ ਬਣਾਈਆਂ ਗਈਆਂ ਕਮੇਟੀਆਂ ਵਿੱਚ ਸ਼ਾਮਲ ਨਾ ਕੀਤੇ ਜਾਣ ‘ਤੇ ਖੁਸ਼ ਨਹੀਂ ਹਨ ਕਿਉਂਕਿ ਉਹ ਇਸ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨਾਲ ਚਲਦੇ ਆ ਰਹੇ ਹਨ ਤੇ ਸੰਸਦੀ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਸੀ।
ਇਸ ਸਬੰਧੀ ਜਦੋਂ ਇਸ ਨਵੀਂ ਬਣੀ ਪਾਰਟੀ ਦੀ ਲੀਡਰਸ਼ਿਪ ਨੇ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ‘ਤੇ ਮੱਥਾ ਟੇਕ ਕੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅਸ਼ੀਰਵਾਦ ਲਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਮੈਂਬਰਾਂ ਵਿੱਚ ਅਜਿਹੀ ਕਿਸੇ ਤਰ੍ਹਾਂ ਦੀ ਫੁੱਟ ਦੀਆਂ ਅਫਵਾਹਾਂ ਤੋਂ ਇਨਕਾਰ ਕੀਤਾ ਪਰ ਦਰਬਾਰ ਸਾਹਿਬ ਦੀ ਇਸ ਫੇਰੀ ਦੌਰਾਨ ਉਹ ਦੋਵੇਂ ਉਨ੍ਹਾਂ ਨਾਲ ਨਜ਼ਰ ਨਹੀਂ ਸਨ ਆਏ।