ਲੁਧਿਆਣਾ, 10 ਜਨਵਰੀ, 2025 (ਫਤਿਹ ਪੰਜਾਬ ਬਿਉਰੋ) ਟਾਟਾ ਗਰੁੱਪ ਦੀ ਕੰਪਨੀ ਏਅਰ ਇੰਡੀਆ ਵੱਲੋਂ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦੇ ਚਾਲੂ ਹੋਣ ਪਿੱਛੋਂ ਇੱਥੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਸਬੰਧੀ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੀ ਪ੍ਰਵਾਨਗੀ ਉਪਰੰਤ ਸਾਰੀਆਂ ਲੋੜੀਂਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਹੋਣ ਤੋਂ ਬਾਅਦ ਭਵਿੱਖ ਵਿੱਚ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀ ਤਜਵੀਜ਼ ਹੈ।
ਇਸ ਬਾਰੇ ਏਅਰ ਇੰਡੀਆ ਦੇ ਗਰੁੱਪ ਹੈੱਡ – ਜੀਆਰਸੀ ਅਤੇ ਕਾਰਪੋਰੇਟ ਅਫੇਅਰਜ਼ ਪੀ ਬਾਲਾਜੀ ਨੇ 8 ਜਨਵਰੀ, 2025 ਦੇ ਆਪਣੇ ਪੱਤਰ ਰਾਹੀਂ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇਸ ਸਬੰਧੀ ਸੂਚਿਤ ਕੀਤਾ ਹੈ। ਏਅਰ ਇੰਡੀਆ ਦੇ ਅਧਿਕਾਰੀ ਨੇ ਇਸ ਪੱਤਰ ਵਿੱਚ ਕਿਹਾ ਕਿ “ਇਹ ਉਡਾਣ ਨਵਾਂ ਵਿਕਾਸ ਵਪਾਰ ਅਤੇ ਸੈਰ-ਸਪਾਟਾ ਖੇਤਰ ਦੋਵਾਂ ਨੂੰ ਲਾਭ ਪਹੁੰਚਾਉਣ ਵਾਲੇ ਪੰਜਾਬ ਨਾਲ ਸੰਪਰਕ ਨੂੰ ਵਧਾਉਣ ਦੇ ਸਾਡੇ ਯਤਨਾਂ ਵਿੱਚ ਇੱਕ ਦਿਲਚਸਪ ਮੀਲ ਪੱਥਰ ਹੈ।”

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇੱਕ ਬਿਆਨ ਵਿੱਚ ਅਰੋੜਾ ਨੇ ਦੱਸਿਆ ਕਿ ਉੱਨਾਂ ਨੇ 6 ਦਸੰਬਰ ਨੂੰ ਨਟਰਾਜਨ ਚੰਦਰਸ਼ੇਖਰਨ, ਚੇਅਰਮੈਨ, ਟਾਟਾ ਸੰਨਜ਼ ਐਂਡ ਏਅਰ ਇੰਡੀਆ, ਨਾਲ ਹੋਈ ਗੱਲਬਾਤ ਦੇ ਸੰਦਰਭ ਵਿੱਚ ਹਲਵਾਰਾ ਤੋਂ ਫਲਾਈਟਾਂ ਚਲਾਉਣ ਬਾਰੇ ਜਲਦੀ ਪੁਸ਼ਟੀ ਕਰਨ ਲਈ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ 14 ਅਗਸਤ, 2024 ਨੂੰ ਗੁੜਗਾਓਂ ਵਿੱਚ ਇੱਕ ਉੱਚ-ਪੱਧਰੀ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਕੰਪਨੀ ਵੱਲੋਂ ਕਾਰਤੀਕੇ ਭੱਟ, ਮੋਇਨ, ਪੀਯੂਸ਼ ਖਰਬੰਦਾ, ਸ਼ਸ਼ੀ ਚੇਤੀਆ ਨੇ ਸ਼ਿਰਕਤ ਕੀਤੀ ਸੀ।
ਇਸ ਤੋਂ ਬਾਅਦ ਏਅਰ ਇੰਡੀਆ ਦੀ ਟੀਮ ਨੇ 29 ਅਗਸਤ, 2024 ਨੂੰ ਉਡਾਣਾਂ ਦੀ ਸੰਭਾਵਨਾ ਦਾ ਅਧਿਐਨ ਕਰਨ ਲਈ ਉਦਯੋਗਾਂ ਅਤੇ ਵੱਖ-ਵੱਖ ਸਥਾਨਕ ਸਮੂਹਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਲੁਧਿਆਣਾ ਦਾ ਦੌਰਾ ਵੀ ਕੀਤਾ ਅਤੇ ਖਾਸ ਤੌਰ ‘ਤੇ ਅੰਤਰਰਾਸ਼ਟਰੀ ਅਤੇ ਉਦਯੋਗ ਜਗਤ ਨਾਲ ਸਬੰਧਤ ਯਾਤਰੀਆਂ ਲਈ ਦਿੱਲੀ ਹਲਵਾਰਾ ਰੂਟ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਵੇਖੀਆਂ। ਇਹ ਉਡਾਣ ਪੰਜਾਬ ਦੇ ਪੂਰੇ ਮਾਲਵਾ ਖੇਤਰ ਵਿੱਚ ਸੇਵਾ ਕਰੇਗੀ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਉਡਾਣਾਂ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਏਅਰ ਇੰਡੀਆ ਦੀ ਪੁਸ਼ਟੀ ਲੋਕਾਂ ਵਿੱਚ ਭਰੋਸਾ ਲਿਆਵੇਗੀ।
ਸਾਹਨੇਵਾਲ ਦਾ ਘਰੇਲੂ ਹਵਾਈ ਅੱਡਾ
ਦੱਸ ਦੇਈਏ ਕਿ ਪਹਿਲਾਂ ਲੁਧਿਆਣਾ ਨੇੜੇ 130 ਏਕੜ ਵਿੱਚ ਕਸਬਾ ਸਾਹਨੇਵਾਲ ਵਿਖੇ ਮੌਜੂਦ ਘਰੇਲੂ ਹਵਾਈ ਅੱਡੇ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਈਆਂ ਸਨ ਪਰ ਉੱਨਾਂ ਦੇ ਲਾਭਕਾਰੀ ਨਾ ਹੋਣ ਕਾਰਨ ਸਮਾਂ ਪਾ ਕੇ ਉਹ ਬੰਦ ਹੋ ਗਈਆਂ ਸਨ। ਇੱਥੋਂ ਹੁਣ ‘ਫਲਾਈਬਿਗ’ ਨਾਮ ਦੀ (S9-306 ਅਤੇ S9-307) ਇਕਲੌਤੀ ਏਅਰਲਾਈਨ ਚਲਦੀ ਹੈ ਜੋ ਲੁਧਿਆਣਾ ਤੋਂ ਦਿਲੀ ਦੇ ਬਾਹਰਵਾਰ ਨੋਇਡਾ ਨੇੜੇ ਨਵੇਂ ਬਣੇ ਹਿੰਡਨ ਏਅਰਪੋਰਟ ਤੱਕ ਹਫ਼ਤੇ ਵਿੱਚ ਸਿਰਫ਼ ਪੰਜ ਦਿਨ ਜਾਣ-ਆਉਣ ਲਈ ਇੱਕ ਉਡਾਣ ਚਲਾਉਂਦੀ ਹੈ। ਸ਼ਨੀਵਾਰ ਤੇ ਐਤਵਾਰ ਨੂੰ ਕੋਈ ਫਲਾਈਟ ਨਹੀਂ ਹੁੰਦੀ।
