ਚੰਡੀਗੜ੍ਹ 3 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਾਰ ਸਾਲਾਂ ਤੋਂ ਭਗੌੜੇ ਚੱਲ ਰਹੇ ਬਲਾਤਕਾਰ ਦੇ ਦੋਸ਼ੀ ਫਿਰੋਜ਼ਪੁਰ ਦੇ ਇੱਕ ਵਪਾਰੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਨਾ ਕਰਨ ਦੀ ਸੂਰਤ ਵਿੱਚ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਅਤੇ ਰਾਜ ਦੇ ਗ੍ਰਹਿ ਸਕੱਤਰ ਨੂੰ 11 ਫਰਵਰੀ ਨੂੰ ਅਦਾਲਤ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਜਿਕਰਯੋਗ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਕਾਰੋਬਾਰੀ ਵਰਿੰਦਰ ਪਾਲ ਸਿੰਘ ਉਰਫ ਵੀਪੀ ਸਿੰਘ ਉਰਫ ਵੀਪੀ ਹਾਂਡਾ ਵਿਰੁੱਧ 10 ਅਕਤੂਬਰ, 2020 ਨੂੰ ਫਿਰੋਜ਼ਪੁਰ ਦੇ ਕੁਲਗੜ੍ਹੀ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਉਸ ‘ਤੇ ਆਈਪੀਸੀ ਦੀ ਧਾਰਾ 376, 354, 304-ਏ, 506 ਅਤੇ ਸੂਚਨਾ ਤਕਨਾਲੋਜੀ ਕਾਨੂੰਨ ਦੀ ਧਾਰਾ 67A ਤਹਿਤ ਦੋਸ਼ ਲਗਾਏ ਗਏ ਸਨ ਪਰ ਵੀਪੀ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਸਦੀ ਅਗਾਊਂ ਜ਼ਮਾਨਤ 28 ਅਕਤੂਬਰ, 2020 ਨੂੰ ਸੈਸ਼ਨ ਅਦਾਲਤ ਫਿਰੋਜ਼ਪੁਰ, ਫਿਰ 12 ਨਵੰਬਰ, 2020 ਨੂੰ ਹਾਈ ਕੋਰਟ ਅਤੇ 5 ਫਰਵਰੀ, 2021 ਨੂੰ ਸੁਪਰੀਮ ਕੋਰਟ ਤੋਂ ਖਾਰਜ ਹੋ ਚੁੱਕੀ ਹੈ ਜਿਸ ਪਿੱਛੋਂ ਫਿਰੋਜ਼ਪੁਰ ਦੀ ਇੱਕ ਅਦਾਲਤ ਨੇ ਉਸਨੂੰ 24 ਮਾਰਚ, 2022 ਤੋਂ ਭਗੌੜਾ ਅਪਰਾਧੀ ਐਲਾਨਿਆ ਹੋਇਆ ਹੈ।
ਇਸ ਪਿੱਛੋਂ 15 ਨਵੰਬਰ, 2022 ਨੂੰ ਉਸ ਵੱਲੋਂ ਦਾਇਰ ਅਰਜ਼ੀ ਵਿੱਚ ਆਤਮ ਸਮਰਪਣ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਫਿਰੋਜ਼ਪੁਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਹੁਕਮ ਰੱਦ ਕਰ ਦਿੱਤਾ ਸੀ ਅਤੇ ਉਸਨੂੰ ਜਾਂਚ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਉਸਨੇ ਆਤਮ ਸਮਰਪਣ ਨਾ ਕੀਤਾ ਜਿਸ ਕਰਕੇ ਅਦਾਲਤ ਵੱਲੋਂ ਉਸਨੂੰ ਦੁਬਾਰਾ ਭਗੌੜਾ ਅਪਰਾਧੀ ਐਲਾਨ ਦਿੱਤਾ ਗਿਆ।
ਉਸਨੇ ਜ਼ਮਾਨਤ ਪ੍ਰਾਪਤ ਕਰਨ ਲਈ ਦੂਜੇ ਦੌਰ ਦੀ ਮੁਕੱਦਮੇਬਾਜ਼ੀ ਨੂੰ ਵੀ ਤਰਜੀਹ ਦਿੱਤੀ ਪਰ 13 ਜਨਵਰੀ, 2023 ਨੂੰ ਹਾਈ ਕੋਰਟ ਤੋਂ ਪਟੀਸ਼ਨ ਵਾਪਸ ਲੈ ਲਈ ਗਈ।
ਅਦਾਲਤ ਨੇ ਇਹ ਹੁਕਮ 30 ਜਨਵਰੀ ਨੂੰ ਵੱਖ-ਵੱਖ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਪਾਸ ਕੀਤਾ ਜਿਸ ਵਿੱਚ ਇੱਕ ਪਟੀਸ਼ਨ ਪੀੜਤ ਵੱਲੋਂ ਵੀ ਦਾਇਰ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਦੀ ਨਾਕਾਮੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਕਤ ਦੋਸ਼ੀ ਦੀਆਂ ਵੀ ਕੁਝ ਪਟੀਸ਼ਨਾਂ ਤੇ ਵੀ ਸੁਣਵਾਈ ਕੀਤੀ ਗਈ ਜਿਸ ਵਿੱਚ ਉਸ ਨੇ ਆਪਣੀ ਜਾਇਦਾਦ ਦੀ ਕੁਰਕੀ ਸਮੇਤ ਵੱਖ-ਵੱਖ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਹੈ।
ਹਾਈ ਕੋਰਟ ਵਿੱਚ ਦਾਖਲ ਤਾਜ਼ਾ ਜਾਂਚ ਰਿਪੋਰਟ ਅਨੁਸਾਰ ਉਸਦੇ ਤਿੰਨ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ ਅਤੇ ਲੁਧਿਆਣਾ ਦੇ ਭੂਖੜੀ ਕਲਾਂ ਪਿੰਡ ਵਿੱਚ ਲਗਭਗ 4 ਏਕੜ ਜ਼ਮੀਨ 28 ਜਨਵਰੀ, 2025 ਨੂੰ ਇੱਕ ਅਦਾਲਤ ਦੁਆਰਾ ਕੁਰਕ ਕਰ ਦਿੱਤੀ ਗਈ ਹੈ। ਪੁਲਿਸ ਨੇ 3 ਦਸੰਬਰ, 2024 ਨੂੰ ਅਖਬਾਰਾਂ ਵਿੱਚ ਉਸਦੀ ਫੋਟੋ ਦੇ ਨਾਲ ਨੋਟਿਸ ਵੀ ਪ੍ਰਕਾਸ਼ਿਤ ਕੀਤਾ ਸੀ ਤਾਂ ਜੋ ਉਸਦੇ ਠਿਕਾਣੇ ਦਾ ਪਤਾ ਲਗਾਇਆ ਜਾ ਸਕੇ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਫਿਰੋਜ਼ਪੁਰ ਪੁਲਿਸ ਅਨੁਸਾਰ ਉਸ ਦੀਆਂ ਸੰਭਾਵੀ ਲੁਕਣਗਾਹਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਐਸਪੀ (ਜਾਂਚ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਦੋ ਟੀਮਾਂ ਇਸ ਕੇਸ ਦੀ ਜਾਂਚ ਕਰ ਰਹੀਆਂ ਹਨ।
ਜਿਕਰਯੋਗ ਹੈ ਕਿ ਬੀਤੇ 19 ਦਸੰਬਰ ਨੂੰ ਉੱਚ ਅਦਾਲਤ ਦੇ ਇੱਕ ਕੋਆਰਡੀਨੇਟ ਬੈਂਚ ਨੇ ਐਸਐਸਪੀ ਅਤੇ ਡੀਆਈਜੀ ਫਿਰੋਜ਼ਪੁਰ ਨੂੰ ਵੀ ਤਲਬ ਕੀਤਾ ਸੀ ਅਤੇ ਅਦਾਲਤ ਨੇ ਹੁਕਮ ਦੀ ਇੱਕ ਕਾਪੀ ਡੀਜੀਪੀ ਨੂੰ ਵੀ ਭੇਜੀ ਸੀ ਪਰ ਪੁਲਿਸ ਅਜੇ ਤੱਕ ਵੀ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੀ ਹੈ।
ਅਦਾਲਤ ਨੇ ਕਿਹਾ ਕਿ “ਇਹ ਬਹੁਤ ਹੀ ਅਫ਼ਸੋਸਜਨਕ ਸਥਿਤੀ ਹੈ ਕਿ ਸਾਲ 2020 ਵਿੱਚ ਐਫਆਈਆਰ ਦਰਜ ਹੋਣ ਤੋਂ 4 ਸਾਲ ਅਤੇ 4 ਮਹੀਨੇ ਬਾਅਦ ਵੀ ਸਰਕਾਰੀ ਮਸ਼ੀਨਰੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਮਰੱਥ ਹੈ। ਉੱਚ ਅਦਾਲਤਾਂ ਵੱਲੋਂ ਉਸ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਚਾਰ ਵਾਰ ਰੱਦ ਕਰਨ ਦੇ ਬਾਵਜੂਦ ਅਤੇ ਦੋਸ਼ੀ ਨੂੰ ਭਗੌੜਾ ਐਲਾਨਿਆ ਚੁੱਕਾ ਹੈ।”
ਅਦਾਲਤ ਨੇ ਕਿਹਾ ਕਿ ਚਾਰ ਸਾਲ ਚਾਰ ਮਹੀਨਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਪੁਲਿਸ ਵੱਲੋਂ ਹਰ ਸੁਣਵਾਈ ‘ਤੇ ਇਹੀ ਭਰੋਸਾ ਦਿੱਤਾ ਜਾਂਦਾ ਹੈ ਕਿ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।