ਚੰਡੀਗੜ੍ਹ 24 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਬਾਰ ਐਸੋਸੀਏਸ਼ਨ ਚੋਣਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ, ਪੰਜਾਬ ਅਤੇ ਹਰਿਆਣਾ ਦੀ ਸਟੇਟ ਬਾਰ ਕੌਂਸਲ ਨੇ ਚੋਣਾਂ ਲੜ ਰਹੇ ਉਮੀਦਵਾਰਾਂ (ਵਕੀਲਾਂ) ਵੱਲੋਂ ਵੋਟਾਂ ਮੰਗਣ ਲਈ ਕੀਤੀਆਂ ਜਾਂਦੀਆਂ ਫਜ਼ੂਲ ਦਾਅਵਤਾਂ ਅਤੇ ਪ੍ਰਚਾਰ ਸਮਾਗਮਾਂ ਦੌਰਾਨ ‘ਅਸ਼ਲੀਲ ਸਮਾਗਮ’ ਜਾਂ ਸ਼ਰਾਬ ਪਾਰਟੀਆਂ ਅਯੋਜਿਤ ਕਰਨ ਵਿਰੁੱਧ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।
ਪਤਾ ਲੱਗਿਆ ਹੈ ਕਿ ਬਾਰ ਕੌਂਸਲ ਵੱਲੋਂ ਇਸ ਸਬੰਧੀ ਕੁਝ ਜੁਬਾਨੀ ਸ਼ਿਕਾਇਤਾਂ ਮਿਲਣ ਅਤੇ ਅਜਿਹੀ ਇੱਕ ਵੀਡੀਓ ਨਸ਼ਰ ਹੋਣ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਹਨ ਜਿੱਥੇ ਇੱਕ ਬਾਰ ਬਾਡੀ ਲਈ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਸਾਥੀ ਵਕੀਲ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਰਾਤ ਨੂੰ ਆਰਕੈਸਟਰਾ ਡਾਂਸਰ ਪ੍ਰੋਗਰਾਮ ਵੀ ਕਰਵਾਇਆ ਸੀ।
ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੀ ਚੋਣ 28 ਫਰਵਰੀ ਨੂੰ ਹੋਣੀ ਹੈ।
ਇਸ ਖੇਤਰ ਦੀ ਵਕੀਲਾਂ ਦੀ ਸਰਵਉੱਚ ਰੈਗੂਲੇਟਰੀ ਸੰਸਥਾ, ਸਟੇਟ ਬਾਰ ਕੌਂਸਲ, ਨੇ ਇੱਕ ਸੰਦੇਸ਼ ਰਾਹੀਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿਰੁੱਧ ਚੇਤਾਵਨੀ ਦਿੱਤੀ ਹੈ ਜਿਸ ਵਿੱਚ ਸ਼ਰਾਬ ਪਾਰਟੀਆਂ ਕਰਨੀਆਂ ਅਤੇ ਤੋਹਫ਼ੇ ਦੇਣਾ ਆਦਿ ਸ਼ਾਮਲ ਹੈ। ਬਾਰ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋ ਸਕਦੀ ਹੈ ਕਿਉਂਕਿ ਇਸ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ। ਇਸ ਕਦਮ ਦਾ ਉਦੇਸ਼ ਵਕੀਲ ਭਾਈਚਾਰੇ ਦੀ ਚੋਣ ਪ੍ਰਕਿਰਿਆ ਵਿੱਚ ਸ਼ਿਸ਼ਟਾਚਾਰ ਅਤੇ ਅਖੰਡਤਾ ਨੂੰ ਬਣਾਏ ਰੱਖਣਾ ਹੈ।
ਪੰਜਾਬ ਅਤੇ ਹਰਿਆਣਾ ਦੀ ਸਟੇਟ ਬਾਰ ਕੌਂਸਲ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ “ਅਸੀਂ ਚੋਣ ਪ੍ਰਕਿਰਿਆ ਦੌਰਾਨ ਪਵਿੱਤਰਤਾ, ਨਿਰਪੱਖਤਾ, ਪਾਰਦਰਸ਼ਤਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਇਹ ਨਿਰਦੇਸ਼ ਜਾਰੀ ਕੀਤੇ ਹਨ।ਇਸ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਨਿਗਰਾਨੀ ਟੀਮ ਦੀ ਤਾਇਨਾਤੀ ਲਈ ਵੀ ਕਿਹਾ ਹੈ।”
ਬਾਰ ਦਾ ਕਹਿਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਜੇਕਰ ਕੋਈ ਉਮੀਦਵਾਰ, ਉਸਦਾ ਸਮਰਥਕ, ਜਾਣਕਾਰ ਵਿਅਕਤੀ ਜਾਂ ਸਬੰਧਤ ਗਰੁੱਪ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ‘ਤੇ ਐਡਵੋਕੇਟ ਐਕਟ, 1961 ਸਮੇਤ ਬਾਰ ਕੌਂਸਲ ਨਿਯਮਾਂ ਦੇ ਸੰਬੰਧਿਤ ਉਪਬੰਧਾਂ ਅਤੇ ਦੇਸ਼ ਦੇ ਕਾਨੂੰਨ ਦੇ ਤਹਿਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।