ਚੰਡੀਗੜ੍ਹ 18 ਜੂਨ 2024 (ਫਤਿਹ ਪੰਜਾਬ) ਬਰਨਾਲਾ ਤੋਂ ਆਪ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਮਗਰੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। 

ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਬਰਨਾਲਾ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ। ਅਜਿਹੇ ‘ਚ ਉਨ੍ਹਾਂ ਦੀ ਸੀਟ ‘ਤੇ ਵੀ ਉਪ ਚੋਣ ਹੋਵੇਗੀ।

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 2024 ਦੌਰਾਨ ਗੁਰਦਾਸਪੁਰ ਹਲਕੇ ਤੋਂ ਜਿੱਤੇ ਕਾਂਗਰਸ ਦੇ MLA ਸੁਖਜਿੰਦਰ ਸਿੰਘ ਰੰਧਾਵਾ ਅਤੇ ਲੁਧਿਆਣਾ ਹਲਕੇ ਤੋਂ ਜੇਤੂ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਰਮਵਾਰ ਡੇਰਾ ਬਾਬਾ ਨਾਨਕ ਵਿਧਾਨ ਸਭਾ ਤੇ ਗਿੱਦੜਬਾਹਾ ਹਲਕਿਆਂ ਤੋਂ ਆਪਣੀ ਵਿਧਾਇਕੀ ਛੱਡ ਦਿੱਤੀ ਹੈ। ਉਧਰ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਜਿੱਤਣ ਵਾਲੇ ਪੰਜਾਬ ਵਿਧਾਨ ਸਭਾ ਦੇ 3 ਮੌਜੂਦਾ ਵਿਧਾਇਕਾਂ ਨੂੰ 20 ਜੂਨ ਤੋਂ ਪਹਿਲਾਂ ਅਸਤੀਫਾ ਦੇਣਾ ਪੈਣਾ ਸੀ ਕਿਉਂਕਿ ਸਮਕਾਲੀ ਮੈਂਬਰਸ਼ਿਪ ਨਿਯਮਾਂ ਦੀ ਮਨਾਹੀ ਦੇ ਨਿਯਮ 2 ਦੇ ਤਹਿਤ ਇਹ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ।

ਨਿਯਮ ਕੀ ਕਹਿੰਦੇ ਨੇ

ਸਮਕਾਲੀ ਮੈਂਬਰਸ਼ਿਪ ਨਿਯਮ, 1950 ਦੀ ਮਨਾਹੀ ਦੀ ਵਿਵਸਥਾ ਦੇ ਅਨੁਸਾਰ, ਜੋ ਕਿ ਭਾਰਤੀ ਸੰਵਿਧਾਨ ਦੀ ਧਾਰਾ 101 ਦੀ ਧਾਰਾ (2) ਅਤੇ ਧਾਰਾ 190 ਦੀ ਧਾਰਾ (2) ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਬਣਾਏ ਗਏ ਹਨ, ਹਰ ਉਸ ਮੈਂਬਰ ਨੂੰ 14 ਦਿਨਾਂ ਦੇ ਅੰਦਰ ਵਿਧਾਨ ਸਭਾ ਸੀਟ ਤੋਂ ਆਪਣਾ ਅਸਤੀਫਾ ਦੇਣਾ ਪੈਂਦਾ ਹੈ। ਨਹੀਂ ਤਾਂ, ਵਿਧਾਨ ਸਭਾ ਅਤੇ ਸੰਸਦ ਦੋਵਾਂ ਦਾ ਮੈਂਬਰ ਹੋਣ ਵਾਲਾ ਵਿਅਕਤੀ ਲੋਕ ਸਭਾ ਦੀ ਮੈਂਬਰਸ਼ਿਪ ਗੁਆ ਦੇਵੇਗਾ।

Skip to content