ਚੰਡੀਗੜ੍ਹ 18 ਜੂਨ 2024 (ਫਤਿਹ ਪੰਜਾਬ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐਨਡੀਪੀਐਸ ਕੇਸ ਦੀ ਜਾਂਚ ਕਰ ਰਹੀ SIT ਐਸਆਈਟੀ ਵੱਲੋਂ ਭੇਜੇ ਸੰਮਨਾਂ ਦੇ ਸਨਮੁੱਖ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹੁਣ ਮਜੀਠੀਆ ਨੂੰ 8 ਜੁਲਾਈ ਤੱਕ DIG ਹਰਚਰਨ ਭੁੱਲਰ ਦੀ ਨਿਗਰਾਨੀ ਹੇਠਲੀ ਇਸ ਐਸਆਈਟੀ ਅੱਗੇ ਪੇਸ਼ ਨਹੀਂ ਹੋਣਾ ਪਵੇਗਾ।
ਜਾਣਕਾਰੀ ਅਨੁਸਾਰ SIT ਨੇ ਮਜੀਠੀਆ ਨੂੰ ਅੱਜ 18 ਜੂਨ ਨੂੰ ਪਟਿਆਲੇ ਪੇਸ਼ ਹੋਣ ਲਈ ਸੰਮਨ ਭੇਜੇ ਸਨ, ਜਿਸ ਨੂੰ ਅਕਾਲੀ ਆਗੂ ਵੱਲੋਂ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਗਈ ਸੀ। ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ‘ਚ ਮਜੀਠੀਆ ਵੱਲੋਂ ਪੇਸ਼ ਸੀਨਅਰ ਵਕੀਲ ਅਸ਼ੋਕ ਅਗਰਵਾਲ ਅਦਾਲਤ ਨੂੰ ਦੱਸਿਆ ਕਿ ਅਕਾਲੀ ਆਗੂ ਨੂੰ SIT ਵੱਲੋਂ ਭੇਜੇ ਗਏ ਸੰਮਨ ਪੂਰੀ ਤਰ੍ਹਾਂ ਗਲਤ ਹਨ ਤੇ ਉਨ੍ਹਾਂ ਨੂੰ ਜਾਣ ਬੁੱਝ ਕੇ ਵਾਰ-ਵਾਰ ਬੁਲਾਇਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਦੇ ਵਕੀਲ ਨੇ ਐਸਆਈਟੀ ਮੁਖੀ ਦੀ ਤਰਫੋਂ ਹਾਈਕੋਰਟ ਨੂੰ ਦੱਸਿਆ ਕਿ ਮਜੀਠੀਆ ਤੋਂ ਮੰਗੀ ਗਈ ਜਾਣਕਾਰੀ 25 ਜੂਨ ਤੱਕ ਦਿੱਤੀ ਜਾ ਸਕਦੀ ਹੈ। ਜਦੋਂ ਮਜੀਠੀਆ ਦੇ ਵਕੀਲ ਨੇ ਇਸ ‘ਤੇ ਵੀ ਸਵਾਲ ਉਠਾਏ ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਮਜੀਠੀਆ 8 ਜੁਲਾਈ ਤੋਂ ਬਾਅਦ ਪੇਸ਼ ਹੋ ਸਕਦੇ ਹਨ।
ਸਰਕਾਰੀ ਵਕੀਲ ਦੇ ਇਸ ਬਿਆਨ ਨੂੰ ਰਿਕਾਰਡ ‘ਤੇ ਲੈਂਦਿਆਂ ਹਾਈਕੋਰਟ ਨੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਉਦੋਂ ਤੱਕ ਮਜੀਠੀਆ ਨੂੰ ਐਸਆਈਟੀ ਜਾਂਚ ਵਿੱਚ ਹਿੱਸਾ ਲੈਣ ਤੋਂ ਛੋਟ ਦਿੱਤੀ ਗਈ ਹੈ।
ਦੱਸ ਦੇਈਏ ਕਿ 20 ਦਸੰਬਰ 2021 ਨੂੰ ਐਨਡੀਪੀਐਸ ਐਕਟ ਤਹਿਤ ਤਤਕਾਲੀ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਕਰਵਾਇਆ ਸੀ ਤੇ ਮਜੀਠੀਆ ਨੂੰ ਬਾਅਦ ਵਿੱਚ ਇਸ ਮੁਕੱਦਮੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।