Skip to content

ਸ਼ਗਨ ਸਕੀਮ ਲਈ ਰਜਿਸਟਰਡ ਮੈਰਿਜ ਸਰਟੀਫੀਕੇਟ ਦੀ ਸ਼ਰਤ ਵੀ ਖਤਮ

ਚੰਡੀਗੜ੍ਹ, 7 ਫਰਵਰੀ 2025 ਫ਼ਤਿਹ ਪੰਜਾਬ ਬਿਉਰੋ) ਪੰਜਾਬ ਵਿੱਚ ਕਿਰਤੀਆਂ ਦੀ ਭਲਾਈ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ Punjab Labour Welfare Board ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਦਿੱਤੀ ਜਾਂਦੀ Scholarship ਵਜੀਫਾ ਸਕੀਮ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਬਾਰੇ ਕਿਰਤ ਭਵਨ ਵਿਖੇ ਹੋਈ ਬੋਰਡ ਦੀ 55ਵੀਂ ਮੀਟਿੰਗ ਵਿੱਚ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਸ਼ਰਤ ਨੂੰ ਖਤਮ ਕਰਨ ਦਾ ਫੈਸਲਾ ਲਿਆ।
ਇਹ ਵੀ ਫੈਸਲਾ ਕੀਤਾ ਕਿ ਅਜਿਹੇ ਲਾਭਪਾਤਰੀ ਬੱਚਿਆਂ ਦੀ ਪੜ੍ਹਾਈ ਲਈ ਹੁਣ ਕਿਰਤੀਆਂ ਵੱਲੋਂ ਵਜੀਫਾ ਸਕੀਮ ਦਾ ਲਾਭ ਅੰਸ਼ਦਾਨ ਕਰਨ ਦੀ ਮਿਤੀ ਤੋਂ ਹੀ ਲਿਆ ਜਾ ਸਕੇਗਾ। ਪੰਜਾਬ ਲੇਬਰ ਵੈਲਫੇਅਰ ਬੋਰਡ ਦੀਆਂ ਸਕੀਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਕਰੋੜ ਰੁਪਏ ਦਾ ਸਾਲਾਨਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਕਿਰਤੀਆਂ ਦੀ ਕੰਮ ਵਾਲੀ ਥਾਂ ‘ਤੇ ਕੈਂਪ ਲਗਾਉਣ ਲਈ ਵੀ ਇੱਕ ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ।
ਸੌਂਦ ਨੇ ਦੱਸਿਆ ਕਿ ਬੋਰਡ ਅਧੀਨ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫੀਕੇਟ ਦੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਹੁਣ ਕਿਰਤੀ ਵਿਆਹ ਵਾਲੀ ਧਾਰਮਿਕ ਥਾਂ ਅਤੇ ਵਿਆਹ ਕਰਵਾਉਣ ਵਾਲੇ ਧਾਰਮਿਕ ਵਿਅਕਤੀ ਦੀਆਂ ਫੋਟੋਆਂ ਲਗਾ ਦੇ ਸ਼ਗਨ ਸਕੀਮ ਦਾ ਲਾਭ ਲੈ ਸਕਣਗੇ। ਇਸ ਫੈਸਲੇ ਨਾਲ ਕਿਰਤੀਆਂ ਨੂੰ ਰਜਿਸਟਰਡ ਮੈਰਿਜ ਸਰਟੀਫੀਕੇਟ ਲੈਣ ਲਈ ਪ੍ਰੇਸ਼ਾਨੀ ਨਹੀ ਝੱਲਣੀ ਪਵੇਗੀ।
ਕਿਰਤ ਮੰਤਰੀ ਵੱਲੋਂ ਇਹ ਵੀ ਆਦੇਸ਼ ਦਿੱਤਾ ਗਿਆ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕਰਨੀ ਯਕੀਨੀ ਬਣਾਈ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਫੰਡ ਦੀ ਅੰਸ਼ਦਾਨ ਦੀ ਰਕਮ ਨੂੰ 1 ਅਪ੍ਰੈਲ 2025 ਤੋਂ ਵਧਾਇਆ ਜਾਵੇ ਤਾਂ ਜੋ ਬੋਰਡ ਦੀ ਆਰਥਿਕ ਸਥਿਤੀ ਹੋਰ ਬੇਹਤਰ ਹੋ ਸਕੇ।
ਇਸ ਮੀਟਿੰਗ ਵਿੱਚ ਕਿਰਤ ਸਕੱਤਰ ਮਨਵੇਸ਼ ਸਿੰਘ ਸਿੱਧੂ, ਕਿਰਤ ਕਮਿਸ਼ਨਰ ਰਾਜੀਵ ਕੁਮਾਰ ਗੁਪਤਾ, ਜੁਆਇੰਟ ਡਾਇਰੈਕਟਰ ਆਫ ਫੈਕਟਰੀਜ਼ ਨਰਿੰਦਰ ਸਿੰਘ, ਸਹਾਇਕ ਵੈਲਫੇਅਰ ਕਮਿਸ਼ਨਰ ਗੌਰਵ ਪੁਰੀ, ਜੁਆਇੰਟ ਡਾਇਰੈਕਟਰ ਕੰਨੂ ਥਿੰਦ ਅਤੇ ਓਦਯੋਗ, ਵਿੱਤ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

error: Content is protected !!