ਚੰਡੀਗੜ੍ਹ, 14 ਅਗਸਤ, 2025 (ਫਤਿਹ ਪੰਜਾਬ ਬਿਊਰੋ) – ਭਾਜਪਾ ਨੇ ਤਰਨਤਾਰਨ ਉਪ-ਚੋਣ ਲਈ ਭੱਠਾ ਮਾਲਕ ਹਰਜੀਤ ਸਿੰਘ ਸੰਧੂ (40 ਸਾਲ) ਨੂੰ ਉਮੀਦਵਾਰ ਐਲਾਨਿਆ ਹੈ। ਸਾਲ 2022 ਵਿੱਚ ਉਹ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਾ ਇਹ ਆਗੂ ਇਸ ਸਮੇਂ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੈ।
ਦੱਸ ਦੇਈਏ ਹੈ ਕਿ ਸਾਲ 2022 ਵਿੱਚ ਹੋਈਆਂ ਆਮ ਵਿਧਾਨ ਸਭਾ ਚੋਣਾਂ ਵਿੱਚ ਤਰਨਤਾਰਨ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਨਵਰੀਤ ਸਿੰਘ ਹੁੰਦਲ ਨੂੰ ਸਿਰਫ਼ 1176 ਵੋਟਾਂ ਮਿਲੀਆਂ ਸਨ।
ਜ਼ਿਕਰਯੋਗ ਹੈ ਕਿ ਸਾਲ 2007 ਵਿੱਚ ਯੂਥ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਰਜੀਤ ਸਿੰਘ ਨੇ 2009 ਤੋਂ 2012 ਤੱਕ ਸਰਕਲ ਪ੍ਰਧਾਨ, 2012 ਤੋਂ 2015 ਤੱਕ ਜ਼ਿਲ੍ਹਾ ਜਨਰਲ ਸਕੱਤਰ ਅਤੇ 2015 ਤੋਂ 2019 ਤੱਕ ਸੂਬਾ ਜਨਰਲ ਸਕੱਤਰ ਜਦਕਿ 2019 ਤੋਂ 2021 ਤੱਕ ਯੂਥ ਅਕਾਲੀ ਦਲ ਦੇ ਸੂਬਾ-ਉਪ ਪ੍ਰਧਾਨ ਵਜੋਂ ਵੀ ਕੰਮ ਕੀਤਾ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਹਰਜੀਤ ਸਿੰਘ ਸੰਧੂ ਦ੍ਰਿੜਤਾ ਨਾਲ ਭਾਜਪਾ ਦੇ ਹੱਕ ਵਿੱਚ ਡਟੇ ਰਹੇ ਅਤੇ ਚੋਣਾਂ ਵਿੱਚ ਭਗਵਾ ਪਾਰਟੀ ਲਈ ਸਰਗਰਮੀ ਨਾਲ ਪ੍ਰਚਾਰ ਕੀਤਾ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਅਜ਼ਾਦ ਗਰੁੱਪ ਨਾਲ ਸਬੰਧਿਤ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਪਿੱਛੋਂ ਉਨ੍ਹਾਂ ਨੂੰ ਤਰਨਤਾਰਨ ਉਪ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਹ ਚੋਣ ‘ਆਪ’ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਹੋ ਰਹੀ ਹੈ ਜਿਨ੍ਹਾਂ ਨੇ ਸਾਲ 2022 ਵਿੱਚ 52,935 ਵੋਟਾਂ ਨਾਲ ਇਹ ਸੀਟ ਜਿੱਤੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਹਰਾਇਆ ਸੀ। ਤਿੰਨ ਵਾਰ ਵਿਧਾਇਕ ਰਹੇ ਸੰਧੂ ਪਿਛਲੇ ਦਿਨੀ ‘ਆਪ’ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਉਪ ਚੋਣ ਲਈ ਆਪ ਪਾਰਟੀ ਦੇ ਉਮੀਦਵਾਰ ਹਨ।
ਇਸ ਵੇਲੇ ਪ੍ਰਮੁੱਖ ਪਾਰਟੀਆਂ ਨੇ ਇਸ ਉਪ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਕਾਂਗਰਸ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।

error: Content is protected !!