Skip to content

ਸੁਲਤਾਨਪੁਰ ਲੋਧੀ ਚ ਸਿਰਫ਼ 151 ਲੋਕ ਹੀ ਮੈਂਬਰ ਬਣੇ – ਮੋਹਾਲੀ ਚ ਸਭ ਤੋਂ ਵੱਧ 21,166 ਨੇ ਲਈ ਮੈਂਬਰਸ਼ਿਪ

ਅੰਮ੍ਰਿਤਸਰ, 5 ਜਨਵਰੀ (ਫਤਿਹ ਪੰਜਾਬ ਬਿਊਰੋ) ਸਾਲ 2019 ਦੇ ਮੁਕਾਬਲੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਹਿੱਸੇਦਾਰੀ ਨੂੰ ਦੁੱਗਣਾ ਕਰਨ ਦੇ ਦਾਅਵੇ ਪਿੱਛੋਂ 2027 ਦੀਆਂ ਅਗਾਮੀ ਅਸੰਬਲੀ ਚੋਣਾਂ ਲਈ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਆਪਣੀ ਸਿਆਸੀ ਪਕੜ ਵਧਾਉਣ ਦੇ ਮਿਥੇ ਟੀਚੇ ਲਈ ਜੋੜ-ਤੋੜ ਵਿੱਚ ਲੱਗੀ ਭਾਜਪਾ ਰਾਜ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਇੱਕ-ਇੱਕ ਹਜ਼ਾਰ ਮੈਂਬਰ ਵੀ ਨਹੀਂ ਬਣਾ ਸਕੀ।

ਪੰਜਾਬ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਸਬੰਧੀ ਪ੍ਰਾਪਤ ਅੰਕੜਿਆਂ ਮੁਤਾਬਿਕ 31 ਦਸੰਬਰ 2024 ਤੱਕ ਭਾਜਪਾ ਨੇ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 6.44 ਲੱਖ ਮੈਂਬਰਾਂ ਨੂੰ ਭਰਤੀ ਕੀਤਾ ਹੈ ਜਿਨ੍ਹਾਂ ਨੇ ਪਾਰਟੀ ਦੇ ਮੈਂਬਰ ਬਣਨ ਲਈ ਫਾਰਮ ਮੁਕੰਮਲ ਭਰੇ ਹਨ।ਭਾਜਪਾ ਦੀ ਇਹ ਮੈਂਬਰਸ਼ਿਪ ਮੁਹਿੰਮ ਪਿਛਲੇ ਸਾਲ 2 ਸਤੰਬਰ ਨੂੰ ਸ਼ੁਰੂ ਹੋਈ ਸੀ।

ਸਭ ਤੋਂ ਘੱਟ ਮੈਂਬਰਸ਼ਿਪ ਵਾਲੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਸਿਰਫ਼ 151 ਲੋਕਾਂ ਨੇ ਹੀ ਮੈਂਬਰ ਬਣਨ ਲਈ ਫਾਰਮ ਭਰੇ ਹਨ। ਚਾਰ ਹੋਰਨਾਂ ਹਲਕਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦਾ ਮਜੀਠਾ ਵਿਧਾਨ ਸਭਾ ਹਲਕਾ ਸ਼ਾਮਲ ਹੈ, ਜਿੱਥੇ ਸਿਰਫ਼ 334 ਮੈਂਬਰ ਬਣੇ ਹਨ। ਸ਼੍ਰੀ ਹਰਗੋਬਿੰਦਪੁਰ ਹਲਕੇ (ਗੁਰਦਾਸਪੁਰ) ਵਿੱਚ 426, ਰਾਏਕੋਟ (ਲੁਧਿਆਣਾ) ਵਿੱਚ 523 ਅਤੇ ਸ਼ਾਮਚੁਰਾਸੀ (ਹੁਸ਼ਿਆਰਪੁਰ) ਵਿੱਚ 525 ਵਿਅਕਤੀਆਂ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ।

ਰਾਜ ਦੇ 10 ਹੋਰ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਤੀ ਹਲਕਾ 2000 ਤੋਂ ਘੱਟ ਲੋਕਾਂ ਨੇ ਬਤੌਰ ਮੈਂਬਰਾਂ ਵਜੋਂ ਨਾਮ ਦਰਜ ਕਰਵਾਇਆ ਹੈ ਅਤੇ 22 ਹਲਕਿਆਂ ਵਿੱਚ 3,000 ਤੋਂ ਘੱਟ ਮੈਂਬਰ ਬਣੇ ਹਨ। ਇਸੇ ਤਰ੍ਹਾਂ 65 ਹਲਕਿਆਂ ਵਿੱਚ 5,000 ਤੋਂ ਘੱਟ ਮੈਂਬਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲਈ ਹੈ। ਵੇਰਵਿਆਂ ਅਨੁਸਾਰ 38 ਹਲਕਿਆਂ ਵਿਚ ਭਾਜਪਾ ਨੇ 4,999 ਤੋਂ ਵੱਧ ਮੈਂਬਰ ਭਰਤੀ ਕੀਤੇ ਹਨ। 

ਸਿਰਫ਼ 14 ਸ਼ਹਿਰੀ ਹਲਕਿਆਂ ਵਿੱਚ ਹੀ ਭਗਵਾ ਪਾਰਟੀ ਵਿੱਚ ਪ੍ਰਤੀ ਹਲਕਾ 10,000 ਤੋਂ ਵੱਧ ਮੈਂਬਰ ਭਰਤੀ ਹੋਏ ਹਨ। ਸਭ ਤੋਂ ਵੱਧ ਮੈਂਬਰਸ਼ਿਪ ਮੋਹਾਲੀ ਵਿੱਚੋਂ ਮਿਲੀ ਹੈ ਜਿੱਥੇ 21,166 ਵਿਅਕਤੀ ਪਾਰਟੀ ਦੇ ਮੁੱਢਲੇ ਮੈਂਬਰ ਬਣੇ ਹਨ। ਇਸ ਤੋਂ ਬਾਅਦ ਲੁਧਿਆਣਾ ਪੂਰਬੀ (19,518), ਪਟਿਆਲਾ (19,083), ਬਠਿੰਡਾ ਸ਼ਹਿਰੀ (18,178), ਅਤੇ ਜਲੰਧਰ ਉੱਤਰੀ (14,116) ਵਿੱਚ ਮੈਂਬਰ ਬਣੇ ਹਨ।

ਪਾਰਟੀ ਦੇ ਕੌਮੀ ਜਨਰਲ ਸਕੱਤਰ ਬੀ ਐਲ ਸੰਤੋਸ਼ ਅਤੇ ਕੌਮੀ ਮੀਤ ਪ੍ਰਧਾਨ ਰੇਖਾ ਵਰਮਾ ਨੂੰ ਪਾਰਟੀ ਵੱਲੋਂ ਪੰਜਾਬ ਵਿੱਚ ਮੈਂਬਰਸ਼ਿਪ ਮੁਹਿੰਮ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉੱਨਾਂ ਨੇ ਪਾਰਟੀ ਦੀ ਬੀਤੇ ਦਿਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਲੰਮੀ ਚਰਚਾ ਕਰਦਿਆਂ ਪਾਰਟੀ ਅਹੁਦੇਦਾਰਾਂ ਨੂੰ ਇਹ ਮੈਂਬਰਸ਼ਿਪ ਹੋਰ ਵਧਾਉਣ ਲਈ ਆਖਿਆ ਹੈ।

ਭਾਜਪਾ ਦੇ ਸੀਨੀਅਰ ਆਗੂ ਨੇ ਪੇਂਡੂ ਖੇਤਰਾਂ ਵਿੱਚ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਵਧਾਉਣ ਲਈ ਤਰਨਤਾਰਨ ਦੀ ਮਿਸਾਲ ਪਾਰਟੀ ਆਗੂਆਂ ਨੂੰ ਦਿੱਤੀ ਗਈ। ਮੈਂਬਰਸ਼ਿਪ ਦੇ ਅੰਕੜਿਆਂ ਅਨੁਸਾਰ ਤਰਨਤਾਰਨ ਵਿੱਚ 8,897 ਮੈਂਬਰਾਂ ਨੇ ਨਾਮ ਦਰਜ ਕਰਵਾਏ ਹਨ। 

ਉਨਾਂ ਦੱਸਿਆ ਕਿ ਪੰਜਾਬ ਭਾਜਪਾ ਵੱਲੋਂ ਸਰਗਰਮ ਮੈਂਬਰਾਂ ਦੀ ਪਹਿਲੀ ਸੂਚੀ 12 ਜਨਵਰੀ ਤੱਕ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ 4 ਅਤੇ 5 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਨ ਤੋਂ ਬਾਅਦ 21 ਜਨਵਰੀ ਨੂੰ ਦੂਜੀ ਸੂਚੀ ਜਾਰੀ ਕੀਤੀ ਜਾਵੇਗੀ।

error: Content is protected !!