ਭਾਜਪਾ ਦੀ ਗਾਰੰਟੀ ਕਾਗਜ਼ੀ – ਮਾਇਆਵਤੀ ਨੇ ਨਵਾਂਸ਼ਹਿਰ ‘ਚ ਰੈਲੀ ‘ਚ ਕਿਹਾ
ਨਵਾਂਸ਼ਹਿਰ : ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਪੰਜਾਬ ਦੇ ਨਵਾਂਸ਼ਹਿਰ ਵਿਖੇ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਅੱਜ ਦੀ ਜਨਸਭਾ ਵਿੱਚ ਇਕੱਠੀ ਹੋਈ ਭੀੜ ਦੇ ਜੋਸ਼ ਨੂੰ ਦੇਖ ਕੇ ਉਨ੍ਹਾਂ ਨੂੰ ਭਰੋਸਾ ਹੈ ਕਿ ਬਸਪਾ ਸ਼ਾਨਦਾਰ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਅਤੇ ਕਾਰਜ ਪ੍ਰਣਾਲੀ ਕਾਰਨ ਕਾਂਗਰਸ ਨੂੰ ਕੇਂਦਰ ਦੀ ਸੱਤਾ ਤੋਂ ਲਾਂਭੇ ਹੋਣਾ ਪਿਆ।
ਬਸਪਾ ਸੁਪਰੀਮੋ ਨੇ ਕਿਹਾ ਕਿ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦੀ ਕਹਿਣੀ ਅਤੇ ਕਰਨੀ ਵਿਚ ਵੱਡਾ ਅੰਤਰ ਹੋਣ ਕਾਰਨ ਲੱਗਦਾ ਹੈ ਕਿ ਇਸ ਵਾਰ ਭਾਜਪਾ ਦੀ ਸਰਕਾਰ ਵਿਚ ਵਾਪਸੀ ਆਸਾਨ ਨਹੀਂ ਹੋਵੇਗੀ। ਭਾਜਪਾ ‘ਤੇ ਹਮਲਾ ਕਰਦੇ ਹੋਏ ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਚੋਣਾਂ ਨਿਰਪੱਖ ਹੋਈਆਂ ਤੇ ਮਸ਼ੀਨਾਂ ਨਾਲ ਛੇੜਛਾੜ ਨਾ ਹੋਈ ਤਾਂ ਭਾਜਪਾ ਕੇਂਦਰ ‘ਚ ਨਹੀਂ ਆਵੇਗੀ।
ਭਾਜਪਾ ਦੀ ਗਾਰੰਟੀ ਕਾਗਜ਼ੀ
ਉਨਾਂ ਕਿਹਾ ਕਿ ਭਾਜਪਾ ਦੀ ਬਿਆਨਬਾਜ਼ੀ ਵਾਲੀ ਗਾਰੰਟੀ ਕੰਮ ਨਹੀਂ ਆਉਣ ਵਾਲੀ। ਹੁਣ ਦੇਸ਼ ਦੀ ਜਨਤਾ ਕਾਫੀ ਹੱਦ ਤੱਕ ਸਮਝ ਚੁੱਕੀ ਹੈ ਕਿ ਇਸ ਪਾਰਟੀ ਨੇ ਦੇਸ਼ ਦੇ ਗਰੀਬਾਂ, ਕਮਜ਼ੋਰਾਂ, ਮੱਧ ਵਰਗ ਨੂੰ ਦੂਜੇ ਕਿਰਤੀ ਲੋਕਾਂ ਨੂੰ ਅੱਛੇ ਦਿਨ ਦਿਖਾਉਣ ਦੇ ਜੋ ਲਾਲਚ ਦਿੱਤੇ ਹਨ, ਉਹ ਬੇਅਰਥ ਹਨ। ਉਨ੍ਹਾਂ ਦੀ ਗਾਰੰਟੀ ਕਾਗਜ਼ੀ ਹੈ ਤੇ ਜ਼ਮੀਨੀ ਹਕੀਕਤ ਵਜੋਂ ਕੁਝ ਵੀ ਨਹੀਂ ਹੈ।
ਵਿਰੋਧੀ ਪਾਰਟੀਆਂ ਨੂੰ ਹਰਾਉਣਾ ਹੋਵੇਗਾ
ਮਾਇਆਵਤੀ ਨੇ ਕਿਹਾ ਕਿ ਸਾਡਾ ਉਦੇਸ਼ ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੇਂਦਰ ‘ਚ ਸੱਤਾ ਵਿੱਚ ਆਉਣ ਤੋਂ ਰੋਕਣਾ ਹੈ, ਜਿਨ੍ਹਾਂ ਦੀ ਕਹਿਣੀ ਅਤੇ ਕਰਨੀ ‘ਚ ਅੰਤਰ ਹੈ ਜਿਸ ਨੂੰ ਲੋਕਾਂ ਨੇ ਸਾਲਾਂ ਤੋਂ ਅਜ਼ਮਾ ਲਿਆ ਹੈ। ਇਸ ਕਰਕੇ ਤੁਸੀਂ ਆਪਣੇ ਸੂਬੇ ਅਤੇ ਦੇਸ਼ ਦੇ ਹਿੱਤ ਵਿੱਚ ਆਪਣੀ ਵੋਟ ਸਿਰਫ ਬਹੁਜਨ ਸਮਾਜ ਪਾਰਟੀ ਨੂੰ ਹੀ ਪਾਓ ਅਤੇ ਲੁਭਾਉਣੇ ਚੋਣ ਮਨੋਰਥ ਪੱਤਰਾਂ ਦਾ ਸ਼ਿਕਾਰ ਨਾ ਹੋਵੋ।
ਭਾਜਪਾ ਤੋਂ ਗੁੰਮਰਾਹ ਨਾ ਹੋਵੋ
ਮਾਇਆਵਤੀ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇ ਲੋਕ ਗਰੀਬ ਲੋਕਾਂ ਨੂੰ ਕਹਿੰਦੇ ਹਨ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਤੁਹਾਨੂੰ ਮੁਫਤ ਰਾਸ਼ਨ ਦਿੱਤਾ ਹੈ, ਇਸ ਲਈ ਤੁਸੀਂ ਵੋਟ ਪਾਓ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੁਹਾਨੂੰ ਦਿੱਤਾ ਗਿਆ ਮੁਫਤ ਰਾਸ਼ਨ ਸਰਕਾਰ ਦਾ ਤੋਹਫਾ ਨਹੀਂ ਹੈ ਸਗੋਂ ਇਸ ਦੇਸ਼ ਦੇ ਲੋਕ ਹੀ ਕੇਂਦਰ ਸਰਕਾਰ ਨੂੰ ਟੈਕਸ ਦਿੰਦੇ ਹਨ। ਤੁਹਾਨੂੰ ਟੈਕਸਾਂ ਦੇ ਪੈਸੇ ਨਾਲ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ। ਤੁਸੀਂ ਭਾਜਪਾ ਅਤੇ ਆਰਐਸਐਸ ਦਾ ਲੂਣ ਨਹੀਂ ਖਾ ਰਹੇ ਹੋ, ਤੁਸੀਂ ਆਪਣਾ ਲੂਣ ਖਾ ਰਹੇ ਹੋ। ਇਸ ਲਈ ਤੁਸੀਂ ਉਨ੍ਹਾਂ ਦੁਆਰਾ ਗੁੰਮਰਾਹ ਨਾ ਕਰੋ।
ਜੇ ਸਾਡੀ ਸਰਕਾਰ ਬਣੀ ਤਾਂ...
ਮਾਇਆਵਤੀ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਰੀਬਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਛੋਟੇ ਵਪਾਰੀਆਂ ਅਤੇ ਹੋਰ ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਦਲਿਤਾਂ, ਆਦਿਵਾਸੀਆਂ, ਪੱਛੜੀਆਂ ਸ਼੍ਰੇਣੀਆਂ, ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਸੁਰੱਖਿਆ ਲਈ ਵੀ ਪ੍ਰਭਾਵੀ ਕਦਮ ਚੁੱਕੇ ਜਾਣਗੇ। ਸਰਕਾਰ ਸਾਰੇ ਲੋਕਾਂ ਦੀ ਭਲਾਈ ਅਤੇ ਸਾਰੇ ਲੋਕਾਂ ਦੀ ਖੁਸ਼ਹਾਲੀ ਦੀਆਂ ਨੀਤੀਆਂ ‘ਤੇ ਚੱਲੇਗੀ।