Skip to content

ਬਸਪਾ ਵਲੋਂ ਟਿਕਟ ਰੋਕੇ ਜਾਣ ‘ਤੇ ਸੰਭਾਵੀ ਉਮੀਦਵਾਰ ਉਡੰਤਰੂ ਹੋਇਆ – ਰਣਧੀਰ ਸਿੰਘ ਬੈਨੀਵਾਲ

ਚੰਡੀਗੜ੍ਹ, 8 ਮਈ 2024 (ਫਤਿਹ ਪੰਜਾਬ) ਪੰਜਾਬ ਅੰਦਰ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵੱਡਾ ਝਟਕਾ ਲੱਗਿਆ ਹੈ। ਹੁਸ਼‍ਿਆਰਪੁਰ ਲੋਕ ਸਭਾ ਹਲਕੇ ਤੋਂ  ਬਸਪਾ ਉਮੀਦਵਾਰ ਰਾਕੇਸ਼ ਸੁਮਨ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ‘ਚ ਸ਼ਾਮਿਲ ਕਰਵਾਇਆ।

ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਕੇਸ਼ ਸੁਮਨ ਦਾ ਆਮ ਆਦਮੀ ਪਾਰਟੀ ਵਿਚ ਜਾਣਾ ਮੰਦਭਾਗਾ ਹੈ। ਬੀਤੇ ਕੱਲ ਬਹੁਜਨ ਸਮਾਜ ਪਾਰਟੀ ਵਲੋਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਨੁਸਾਰ ਪੰਜਾਬ ਦੀਆਂ 12 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕ ਸੀਟ ਲਈ ਭਾਵ ਕੁੱਲ 13 ਟਿਕਟਾਂ ਸੰਭਾਵੀ ਉਮੀਦਵਾਰਾਂ ਨੂੰ ਜਾਰੀ ਕਰ ਦਿੱਤੀ ਗਈ ਸੀ ਅਤੇ ਸਿਰਫ ਇਕ ਟਿਕਟ ਹੁਸ਼ਿਆਰਪੁਰ ਦੇ ਸੰਭਾਵੀ ਉਮੀਦਵਾਰ ਰਕੇਸ਼ ਸੁਮਨ ਦਾ ਰੋਕਿਆ ਗਿਆ ਸੀ। 

ਬੈਨੀਵਾਲ ਨੇ ਕਿਹਾ ਕਿ ਸੰਭਾਵੀ ਉਮੀਦਵਾਰ ਰਕੇਸ਼ ਸੁਮਨ ਦਾ ਟਿਕਟ ਰੋਕੇ ਜਾਣ ਪਿੱਛੇ ਬਹੁਤ ਵੱਡਾ ਤਕਨੀਕੀ ਕਾਰਨ ਸੀ, ਜਿਸ ਤਹਿਤ ਉਨ੍ਹਾਂ ਦੀ ਵੋਟ ਸੂਚੀ ਵਾਲੀ ਤਸਦੀਕਸ਼ੁਦਾ ਵੋਟ ਦੀ ਕੋਈ ਕਾਪੀ ਨਹੀਂ ਸੀ। ਜਾਂਚ ਵਿਚ ਪਤਾ ਲੱਗਾ ਕਿ ਰਕੇਸ਼ ਸੁਮਨ ਦੀ ਵੋਟ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀਭੁਗਤ ਨਾਲ ਕੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਅਗਾਮੀ ਦਿਨਾਂ ਵਿਚ ਹੁਸ਼ਿਆਰਪੁਰ ਲੋਕ ਸਭਾ ਤੋਂ ਮਜ਼ਬੂਤ ਉਮੀਦਵਾਰ ਦੇਵੇਗੀ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪੂਰੀ ਤਾਕਤ ਝੋਕੇਗੀ। ਅਗਲਾ ਸੰਭਾਵੀ ਉਮੀਦਵਾਰ ਉਡੰਤਰੂ ਨਹੀਂ ਹੋ ਸਕਦਾ।

error: Content is protected !!