ਸੀਬੀਆਈ ਲੈ ਸਕਦੀ ਹੈ ਰਿਮਾਂਡ : ਉੱਚ ਅਦਾਲਤ ਨੇ ਰਿਸ਼ਤੇਦਾਰ ਜੱਜ ਦਾ ਕੀਤਾ ਤਬਾਦਲਾ

ਚੰਡੀਗੜ੍ਹ, 24 ਅਕਤੂਬਰ, 2025 (ਫਤਿਹ ਪੰਜਾਬ ਬਿਊਰੋ) – ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਾਂਚ ਹੋਰ ਤੇਜ ਕਰ ਦਿੱਤੀ ਹੈ ਜਿਸ ਤਹਿਤ ਸੀਬੀਆਈ ਨੇ ਉਸ ਦੇ ਚੰਡੀਗੜ੍ਹ ਸੈਕਟਰ 40 ਸਥਿਤ ਬਹੁ-ਮੰਜ਼ਿਲਾ ਘਰ ਦੇ ਕੋਨੇ-ਕੋਨੇ ਨੂੰ ਨਾਪਿਆ, ਘਰ ਵਿੱਚ ਮੌਜੂਦ ਕੀਮਤੀ ਚੀਜ਼ਾਂ ਦੀ ਸੂਚੀ ਬਣਾਈ ਤੇ ਪੂਰੀ ਵੀਡੀਓ ਬਣਾਈ ਗਈ ਹੈ।

ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਭੁੱਲਰ ਦੇ ਕੁੜਮ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਦਾ ਤਬਾਦਲਾ ਜਲੰਧਰ ਕਰ ਦਿੱਤਾ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਹਾਈ ਕੋਰਟ ਵਿੱਚ ਬਤੌਰ ਰਜਿਸਟਰਾਰ ਵਿਜੀਲੈਂਸ ਤਾਇਨਾਤ ਸਨ ਅਤੇ ਹੁਣ ਉਨ੍ਹਾਂ ਦਾ ਜਲੰਧਰ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਪ੍ਰਜਾਈਡਿੰਗ ਅਫ਼ਸਰ ਉਦਯੋਗਿਕ ਟ੍ਰਿਬਿਊਨਲ ਵਜੋਂ ਤਬਾਦਲਾ ਕੀਤਾ ਗਿਆ ਹੈ। ਮੁੱਖ ਜੱਜ ਅਤੇ ਹੋਰ ਜੱਜਾਂ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਜੱਜ ਲਾਂਬਾ ਆਪਣੀ ਮੌਜੂਦਾ ਜ਼ਿੰਮੇਵਾਰੀ ਤੁਰੰਤ ਛੱਡ ਕੇ ਨਵੀਂ ਤਾਇਨਾਤੀ ਦਾ ਪ੍ਰਬੰਧ ਤੁਰੰਤ ਸੰਭਾਲ ਲੈਣ। ਹਾਲਾਂਕਿ ਕਿਹਾ ਗਿਆ ਹੈ ਕਿ ਇਹ ਤਬਾਦਲਾ ਪ੍ਰਸ਼ਾਸਕੀ ਰੁਟੀਨ ਦਾ ਹਿੱਸਾ ਹੈ।
ਸੀਬੀਆਈ ਨੇ 23 ਅਕਤੂਬਰ ਨੂੰ ਭੁੱਲਰ ਦੇ ਘਰ ਦੀ ਤਲਾਸ਼ੀ ਦੌਰਾਨ ਹਰ ਪਾਸੇ ਦਾ ਮਾਪ ਲੈ ਕੇ ਘਰੇਲੂ ਸਮਾਨ, ਕੀਮਤੀ ਵਸਤਾਂ ਅਤੇ ਦਸਤਾਵੇਜ਼ਾਂ ਦੀ ਵਿਸਥਾਰ ਲਿਸਟ ਤਿਆਰ ਕੀਤੀ ਹੈ। ਇਹ ਕਾਰਵਾਈ ਅਦਾਲਤ ਵੱਲੋਂ ਪ੍ਰਾਪਤ ਵਾਰੰਟ ਦੇ ਅਧਾਰ ‘ਤੇ ਕੀਤੀ ਗਈ ਤੇ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਪਤਾ ਲੱਗਿਆ ਹੈ ਕਿ ਘਰ ਦੇ ਹਰ ਕਮਰੇ ਅਤੇ ਵਸਤੂ ਦਾ ਵੇਰਵਾ ਇਕੱਠਾ ਕਰਕੇ ਉਸਦੀ ਕੀਮਤ ਅਤੇ ਖਰੀਦ ਮਿਤੀ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਆਮਦਨ ਤੇ ਖਰਚ ਵਿੱਚਲੇ ਫਰਕ ਦਾ ਪਤਾ ਲਾਇਆ ਜਾ ਸਕੇ।
ਇਸ ਤੋਂ ਇੱਕ ਦਿਨ ਪਹਿਲਾਂ, ਸੀਬੀਆਈ ਨੇ ਭੁੱਲਰ ਦੇ ਸੀਲ ਕੀਤੇ ਬੈਂਕ ਲਾਕਰ ਖੋਲ੍ਹ ਕੇ 82 ਗ੍ਰਾਮ ਸੋਨਾ, ਹੀਰਿਆਂ ਦੇ ਗਹਿਣੇ, ਜਾਇਦਾਦਾਂ ਦੇ ਕਾਗਜ਼ ਆਦਿ ਬਰਾਮਦ ਕੀਤੇ ਸਨ। ਇਹ ਸਭ ਸਬੂਤ ਉਸ ਖ਼ਿਲਾਫ਼ ਇੱਕ ਨਵੇਂ ਬੇਹਿਸਾਬ ਜਾਇਦਾਦ ਬਣਾਉਣ (ਵਿਰੁੱਧ ਮੁਕੱਦਮਾ ਦਰਜ ਕਰਨ ਦਾ ਆਧਾਰ ਬਣ ਸਕਦੇ ਹਨ। ਭੁੱਲਰ ਇਸ ਤੋਂ ਪਹਿਲਾਂ ਦੋ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਵਿੱਚ ਇੱਕ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਸੀਬੀਆਈ ਵੱਲੋਂ ਦਰਜ ਕੇਸ ਅਤੇ ਦੂਜਾ ਪੰਜਾਬ ਆਬਕਾਰੀ ਕਾਨੂੰਨ ਹੇਠ ਸਮਰਾਲਾ ਪੁਲਿਸ ਵੱਲੋਂ ਬਿਨਾ ਪ੍ਰਵਾਨਗੀ ਤੋਂ ਸ਼ਰਾਬ ਸਟੋਰ ਕਰਨ ਖਿਲਾਫ਼ ਦਰਜ ਕੀਤਾ ਕੇਸ ਸ਼ਾਮਲ ਹੈ। ਹੁਣ ਇਹ ਸੰਭਾਵਨਾ ਹੈ ਕਿ ਆਉਂਦੇ ਦਿਨਾਂ ਵਿੱਚ ਉਸ ਖ਼ਿਲਾਫ਼ ਤੀਜਾ ਮੁਕੱਦਮਾ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਵੀ ਦਰਜ ਹੋ ਸਕਦਾ ਹੈ। ਇਸ ਲਈ ਸੰਭਵ ਹੈ ਕਿ ਵਿਸ਼ੇਸ਼ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਭੁੱਲਰ ਨੂੰ ਜੇਲ੍ਹ ਵਿੱਚੋਂ ਬਾਹਰ ਲਿਆਂਦਾ ਜਾਵੇ ਤੇ ਉਸ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇ। ਜਾਂਚ ਏਜੰਸੀ ਕੋਲ ਉਸ ਵੱਲੋਂ ਵਿੱਤੀ ਲੈਣ-ਦੇਣ ਕਰਨ, ਬੇਨਾਮੀ ਜਾਇਦਾਦਾਂ ਬਣਾਉਣ ਅਤੇ ਨਿਵੇਸ਼ ਕਰਨ ਬਾਰੇ ਵੀ ਨਵੇਂ ਸਬੂਤ ਪ੍ਰਾਪਤ ਹੋਏ ਹਨ। ਉਧਰ ਆਮਦਨ ਕਰ ਵਿਭਾਗ ਨੇ ਪਹਿਲੇ ਦਿਨ ਤੋਂ ਹੀ ਸੀਬੀਆਈ ਦੀ ਬੇਨਤੀ ਉੱਪਰ ਆਪਣੀ ਕਾਰਵਾਈ ਆਰੰਭੀ ਹੋਈ ਹੈ।
ਦੱਸ ਦੇਈਏ ਕਿ 2007 ਬੈਚ ਦਾ ਇਹ ਪੁਲਿਸ ਅਧਿਕਾਰੀ 16 ਅਕਤੂਬਰ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਦਾ ਵਿਚੋਲੀਆ ਨਾਭਾ ਨਿਵਾਸੀ ਕ੍ਰਿਸ਼ਨੂ ਸ਼ਰਦਾ ਚੰਡੀਗੜ੍ਹ ਦੇ ਸੈਕਟਰ 21 ਵਿੱਚ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਆਕਾਸ਼ ਬੱਤਾ ਤੋਂ ਅੱਠ ਲੱਖ ਰੁਪਏ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਇਸ ਤੋਂ ਬਾਅਦ ਹੋਈ ਫੋਨ ਕਾਲ ਪਿੱਛੋਂ ਸੀਬੀਆਈ ਨੇ ਭੁੱਲਰ ਨੂੰ ਮੋਹਾਲੀ ਦੇ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਉਸ ਦੇ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਸੀ। ਦੋਵੇਂ ਇਸ ਵੇਲੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿੱਚ ਬੰਦ ਹਨ।
ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ, ਐਕਸਾਈਜ਼ ਐਕਟ ਦੀ ਉਲੰਘਣਾ ਅਤੇ ਬਿਹਸਾਬ ਸੰਪਤੀ ਬਣਾਉਣ ਨਾਲ ਸਬੰਧਤ ਤਿੰਨ ਮੁਕੱਦਮੇ ਦਰਜ ਹੋਣ ਪਿੱਛੋਂ ਇਹ ਕਾਰਵਾਈ ਹੁਣ ਤੱਕ ਪੰਜਾਬ ਪੁਲਿਸ ਦੇ ਕਿਸੇ ਸੀਨੀਅਰ ਅਧਿਕਾਰੀ ਵਿਰੁੱਧ ਹੋਈ ਸਭ ਤੋਂ ਵੱਡੀ ਬਹੁ-ਵਿਭਾਗੀ ਕਾਰਵਾਈ ਹੋਵੇਗੀ। ਇੱਕ ਰਿਸ਼ਵਤ ਲੈਣ ਦੇ ਮਾਮਲੇ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਵਧ ਕੇ ਹੁਣ ਗੈਰ ਕਾਨੂੰਨੀ ਦੌਲਤ, ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਸਿਆਸੀ ਪ੍ਰਭਾਵ ਰੱਖਣ ਦੇ ਵਿਆਪਕ ਜਾਲ ਤੱਕ ਪਹੁੰਚ ਗਿਆ ਹੈ।

error: Content is protected !!