ਚੰਡੀਗੜ੍ਹ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਅਪੀਲ ਤੋਂ ਕੁਝ ਦਿਨ ਬਾਅਦ ਭਾਰਤੀ ਕਿਸਾਨ ਯੂਨੀਅਨ (ਬੀਕੇਯੂ-ਏਕਤਾ ਉਗਰਾਹਾਂ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕੇਂਦਰ ਦੀ ਸੱਤਾਧਾਰੀ ਸਰਕਾਰ SKM ਤੇ ਕਿਸਾਨ ਯੂਨੀਅਨਾਂ ਵਿੱਚ ਫੁੱਟ ਨੂੰ ਹੱਲਾਸ਼ੇਰੀ ਦਿੰਦੀ ਹੈ।
ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਯੂਨੀਅਨਾਂ ਦਾ ਸਮਰਥਨ ਨਾ ਕਰਨ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ SKM ਨੇਤਾਵਾਂ ਵਿੱਚ ਸ਼ਾਮਲ ਉਗਰਾਹਾਂ ਨੇ ਕਿਹਾ ਕਿ ‘ਏਕਤਾ’ ਯਤਨਾਂ ਲਈ ਤੀਜੇ ਦੌਰ ਦੀ ਗੱਲਬਾਤ ਸੰਬੰਧੀ ਐਸਕੇਐਮ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਤੋਂ ਉਨ੍ਹਾਂ ਨੂੰ ਕੋਈ ਬਹੁਤਾ ਉਸਾਰੂ ਜਵਾਬ ਨਹੀਂ ਮਿਲਿਆ।
ਉਗਰਾਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ “ਸਰਕਾਰ ਨੇ 14 ਫਰਵਰੀ ਨੂੰ ਗੱਲਬਾਤ ਲਈ ਸਿਰਫ ਐਸਕੇਐਮ (ਗੈਰ-ਰਾਜਨੀਤਿਕ) ਅਤੇ ਕੇਐਮਐਮ ਨੂੰ ਦਿੱਤਾ ਸੱਦਾ ਇਹ ਦਰਸਾਉਂਦਾ ਹੈ ਕਿ ਉਹ ਯੂਨੀਅਨਾਂ ਨੂੰ ਵੰਡਣਾ ਚਾਹੁੰਦੇ ਹਨ। ਅਸੀਂ ਮੀਟਿੰਗ ਦੇ ਨਤੀਜੇ ਦੀ ਉਡੀਕ ਕਰਾਂਗੇ। ਅਸਲ ਵਿੱਚ ਜੇਕਰ ਸਰਕਾਰ ਕਿਸੇ ਹੱਲ ਦੀ ਉਮੀਦ ਕਰ ਰਹੀ ਹੈ ਤਾਂ ਉਸਨੂੰ ਗੱਲਬਾਤ ਲਈ ਸਾਰੇ ਮੰਚਾਂ ਦੇ ਪ੍ਰਤੀਨਿਧੀਆਂ ਨੂੰ ਸੱਦਾ ਦੇਣਾ ਚਾਹੀਦਾ ਸੀ।”
ਐਸਕੇਐਮ (ਆਲ ਇੰਡੀਆ) ਵਿੱਚ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ ਅਤੇ ਰਾਕੇਸ਼ ਟਿਕੈਤ ਆਦਿ ਪ੍ਰਮੁੱਖ ਨੇਤਾ ਹਨ ਜਿਨ੍ਹਾਂ ਨੇ ਸਾਲ 2021 ਵਿੱਚ ਤਿੰਨ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਇੱਕ ਸਾਲ ਲੰਬਾ ਅੰਦੋਲਨ ਚਲਾਇਆ ਸੀ।
ਐਸਕੇਐਮ (ਗੈਰ-ਰਾਜਨੀਤਿਕ) ਦੇ ਨੇਤਾ ਸੁਖਜੀਤ ਸਿੰਘ ਹਰਦੋ ਝੰਡੇ ਨੇ ਕਿਹਾ ਹੈ ਕਿ ‘ਏਕਤਾ’ ਸ਼ਰਤਾਂ ਲਗਾ ਕੇ ਨਹੀਂ ਹੋ ਸਕਦੀ। ਇਸ ਬਾਰੇ ਉਗਰਾਹਾਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਇੱਕ ਦੂਜੇ ਵਿਰੁੱਧ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨਾਂ ਦੁਹਰਾਇਆ ਕਿ ‘ਏਕਤਾ’ ਕੁਝ ਸਿਧਾਂਤਾਂ ‘ਤੇ ਹੀ ਬਣਾਈ ਜਾ ਸਕਦੀ ਹੈ। “ਸਿਧਾਂਤਾਂ ਅਨੁਸਾਰ, ਮੇਰਾ ਮਤਲਬ ਹੈ ਕਿ ਅੰਦੋਲਨ ਧਰਮ ਨਿਰਪੱਖ ਅਤੇ ਕਿਸੇ ਵੀ ਰਾਜਨੀਤਿਕ ਦਖਲਅੰਦਾਜ਼ੀ ਤੋਂ ਦੂਰ ਹੋਵੇ। ਅੰਦੋਲਨ ਕਿਸੇ ਖਾਸ ਸੂਬੇ ਦੇ ਕਿਸਾਨਾਂ ਦੁਆਰਾ ਨਹੀਂ ਚਲਾਇਆ ਜਾਣਾ ਚਾਹੀਦਾ ਸਗੋਂ ਇਸ ਵਿੱਚ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਦੀ ਬਰਾਬਰ ਸ਼ਮੂਲੀਅਤ ਅਤੇ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ।”
ਉਨ੍ਹਾਂ ਅੱਗੇ ਕਿਹਾ, “‘ਏਕਤਾ’ ਤੋਂ ਸਾਡਾ ਮਤਲਬ ਹੈ ਕਿ SKM ਆਗੂਆਂ ਦੇ ਫੈਸਲੇ ਸਾਰੀਆਂ ਕਿਸਾਨ ਯੂਨੀਅਨਾਂ ਲਈ ਪਾਬੰਦ ਹੋਣਗੇ। ਕਿਸੇ ਨੂੰ ਵੀ ਮਨਮਾਨੇ ਫੈਸਲੇ ਲੈਣ ਜਾਂ ਵੱਖਰੇ ਤੌਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਨਹੀਂ ਹੋਵੇਗੀ।”