Skip to content

ਨਵੰਬਰ ਵਿੱਚ 1994 ਬੈਚ ਦੇ ਅਧਿਕਾਰੀਆਂ ਦੀ ਤਰੱਕੀ ਲਈ ਸ਼ੁਰੂ ਹੋਈ ਸੀ ਪ੍ਰਕਿਰਿਆ

ਚੰਡੀਗੜ੍ਹ 15 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਅੱਠ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ADGP) ਨੂੰ ਬਤੌਰ ਡਾਇਰੈਕਟਰ ਜਨਰਲ ਆਫ ਪੁਲਿਸ (DGP) ਦੇ ਰੈਂਕ ਵਿੱਚ ਤਰੱਕੀ ਦੇਣ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ ਜਿਸ ਕਰਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਭਵਿੱਖ ਵਿੱਚ ਤਰੱਕੀ ’ਤੇ ਸਵਾਲ ਖੜ੍ਹੇ ਹੋਏ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਪਹਿਲਾਂ ਹੀ 15 ਡੀਜੀਪੀ ਹਨ। ਜੇਕਰ ਇਨ੍ਹਾਂ 8 ਅਧਿਕਾਰੀਆਂ ਨੂੰ ਤਰੱਕੀ ਮਿਲਦੀ ਹੈ ਤਾਂ ਇਹ ਗਿਣਤੀ ਵੱਧ ਕੇ 23 ਹੋ ਜਾਵੇਗੀ ਜੋ ਕਿ ਇੱਕ ਰਿਕਾਰਡ ਹੋਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫਾਈਲ ਉੱਤੇ ਪ੍ਰੇਖਣ ਲਾਉਂਦਿਆਂ ਮੁੱਖ ਸਕੱਤਰ ਨੇ ਰਾਜ ਦੇ ਗ੍ਰਹਿ ਵਿਭਾਗ ਨੂੰ ਪੁੱਛਿਆ ਹੈ ਕਿ ਪੰਜਾਬ ਵਿੱਚ ਡੀਜੀਪੀ ਦੇ ਕਿੰਨੇ ਅਹੁਦੇ ਹੋ ਸਕਦੇ ਹਨ ? ਉਨ੍ਹਾਂ ਵਿਭਾਗ ਵੱਲੋਂ ਤਰੱਕੀ ਦੇ ਸਬੰਧ ਵਿੱਚ ਪੇਸ਼ ਕੀਤੀਆਂ ਦੋ ਵਿਰੋਧਭਰੀਆਂ ਨਿਯਮਾਵਲੀਆਂ ਉੱਤੇ ਵੀ ਸਵਾਲ ਚੁੱਕੇ ਹਨ।

ਯਾਦ ਰਹੇ ਕਿ ਗ੍ਰਹਿ ਵਿਭਾਗ ਨੇ 1994 ਬੈਚ ਦੇ 8 ਏਡੀਜੀਪੀਜ਼ ਨੂੰ ਡੀਜੀਪੀ ਦੇ ਰੈਂਕ ’ਤੇ ਤਰੱਕੀ ਦੇਣ ਦੀ ਪ੍ਰਕਿਰਿਆ ਪਿਛਲੇ ਮਹੀਨੇ ਨਵੰਬਰ ਵਿੱਚ ਸ਼ੁਰੂ ਕੀਤੀ ਸੀ। ਪੰਜਾਬ ਵਿੱਚ ਤਰੱਕੀ ਨਿਯਮਾਂ ਮੁਤਾਬਿਕ ਜਿਹੜੇ ਪੁਲਿਸ ਅਧਿਕਾਰੀ 30 ਸਾਲ ਦੀ ਸੇਵਾ ਪੂਰੀ ਕਰ ਲੈਂਦੇ ਹਨ, ਉਹ ਡੀਜੀਪੀ, 25 ਸਾਲ ਪੂਰੇ ਕਰਨ ਵਾਲੇ ਏਡੀਜੀਪੀ ਅਤੇ 18 ਸਾਲ ਪੂਰੇ ਕਰਨ ਵਾਲੇ ਆਈਜੀ ਬਣਨ ਦੇ ਯੋਗ ਹੋ ਜਾਂਦੇ ਹਨ।

ਸੂਤਰਾਂ ਅਨੁਸਾਰ ਸਾਰੇ ਰਾਜਾਂ ਵਿੱਚ ਇਹ ਰੁਝਾਨ ਬਣ ਗਿਆ ਹੈ ਕਿ 30 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਅਤੇ ਉਹ ਰੈਂਕ ਤੋਂ ਇਲਾਵਾ, ਅਧਿਕਾਰੀ ਤਨਖਾਹ, ਹੋਰ ਭੱਤੇ ਅਤੇ ਸਹੂਲਤਾਂ ਦੇ ਹੱਕਦਾਰ ਹੋ ਜਾਂਦੇ ਹਨ।

ਇੱਥੇ ਆਪਾ-ਵਿਰੋਧੀ ਨਿਯਮਾਵਲੀ ਹੈ ਕਿਉਂਕਿ ਭਾਰਤ ਸਰਕਾਰ ਦੇ ਅਮਲਾ ਵਿਭਾਗ ਦੇ ਪ੍ਰਾਵਧਾਨਾਂ ਅਤੇ ਨੋਟੀਫਿਕੇਸ਼ਨ ਅਨੁਸਾਰ, ਪੰਜਾਬ ਵਿੱਚ ਡੀਜੀਪੀਜ਼ ਦੇ ਸਿਰਫ ਦੋ ਮਨਜ਼ੂਰਸ਼ੁਦਾ ਅਹੁਦੇ ਹਨ। ਦਸ ਦੇਈਏ ਕਿ ਸਾਲ 2010 ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ ਇੱਕ ਡੀਜੀਪੀ (ਪੁਲਿਸ ਫੋਰਸ ਦੇ ਮੁਖੀ) ਅਤੇ ਇੱਕ ਹੋਮ ਗਾਰਡਜ ਅਤੇ ਸਿਵਿਲ ਡਿਫੈਂਸ ਲਈ ਹੋ ਸਕਦਾ ਹੈ। ਪਰ ਕੇਂਦਰ ਦੇ ਆਈਪੀਐਸ ਕੈਡਰ ਨਿਯਮ ਰਾਜ ਸਰਕਾਰ ਨੂੰ ਵੱਧ ਤੋਂ ਵੱਧ ਦੋ ਸਾਲਾਂ ਲਈ ਅਸਥਾਈ ਰੂਪ ਵਿੱਚ ਹੋਰ ਅਹੁਦੇ ਬਣਾਉਣ ਦੀ ਆਗਿਆ ਦਿੰਦੇ ਹਨ। ਇਸੇ ਕਰਕੇ ਮੁੱਖ ਸਕੱਤਰ ਨੇ ਇੰਨਾਂ ਤਰੱਕੀਆਂ ਦੇ ਸਬੰਧ ਵਿੱਚ ਡੀਜੀਪੀਜ ਦੇ ਹੋਰ ਅਹੁਦੇ ਬਣਾਉਣ ਉੱਤੇ ਸਵਾਲ ਚੁੱਕੇ ਹਨ। 

ਡੀਜੀਪੀ ਰੈਂਕ ਵਾਲੇ 15 ਅਧਿਕਾਰੀ

ਇਸ ਮੌਕੇ ਪੰਜਾਬ ਪੁਲਿਸ ਵਿੱਚ ਆਈਪੀਐਸ ਅਧਿਕਾਰੀਆਂ ਦੀ ਗ੍ਰੇਡੇਸ਼ਨ ਸੂਚੀ ਮੁਤਾਬਕ, 15 ਆਈਪੀਐਸ ਅਧਿਕਾਰੀ ਡੀਜੀਪੀ ਦੇ ਰੈਂਕ ’ਤੇ ਹਨ। ਇਨ੍ਹਾਂ ਵਿੱਚੋਂ ਪਰਾਗ ਜੈਨ (ਐਡੀਸ਼ਨਲ ਸਕੱਤਰ) ਅਤੇ ਹਰਪ੍ਰੀਤ ਸਿੱਧੂ ਕੇਂਦਰੀ ਡੈਪਿਊਟੇਸ਼ਨ ’ਤੇ ਹਨ। ਬਾਕੀ ਵਿੱਚ ਗੌਰਵ ਯਾਦਵ ਪੁਲਿਸ ਫੋਰਸ ਦੇ ਮੁਖੀ ਹਨ, ਜਦੋਂ ਕਿ ਪ੍ਰਮੋਦ ਕੁਮਾਰ, ਸੰਜੀਵ ਕਾਲਰਾ, ਸ਼ਰਦ ਸੱਤਿਆ ਚੌਹਾਨ, ਕੁਲਦੀਪ ਸਿੰਘ, ਗੁਰਪ੍ਰੀਤ ਦਿਓ, ਵਰਿੰਦਰ ਕੁਮਾਰ, ਇਸ਼ਵਰ ਸਿੰਘ, ਜਿਤੇੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ, ਆਰਐਨ ਢੋਕੇ ਅਤੇ ਅਰਪਿਤ ਸ਼ੁਕਲਾ ਡੀਜੀਪੀ ਰੈਂਕ ਰੱਖਦੇ ਹਨ।

ਤਰੱਕੀਆਂ ਲੈਣ ਵਾਲੇ ਅਧਿਕਾਰੀ

ਗ੍ਰਹਿ ਵਿਭਾਗ ਨੇ 1994 ਬੈਚ ਦੇ ਆਈਪੀਐਸ ਅਧਿਕਾਰੀਆਂ ਵਿੱਚ ਡਾ. ਨਰੇਸ਼ ਕੁਮਾਰ, ਰਾਮ ਸਿੰਘ, ਐਸਐਸ ਸ਼੍ਰੀਵਾਸਤਵ, ਵੀ. ਨੀਰਜਾ, ਅਮਰਦੀਪ ਸਿੰਘ ਰਾਏ, ਪਰਵੀਨ ਕੁਮਾਰ ਸਿਨਹਾ, ਬੀ ਚੰਦਰ ਸ਼ੇਖਰ ਅਤੇ ਅਨੀਤਾ ਪੁੰਜ ਦੀ ਤਰੱਕੀ ਲਈ ਮੁੱਖ ਸਕੱਤਰ ਨੂੰ ਫਾਈਲ ਭੇਜੀ ਸੀ। ਇਹ ਵੀ ਪਤਾ ਲੱਗਾ ਹੈ ਕਿ ਸੰਬੰਧਿਤ ਆਈਪੀਐਸ ਅਧਿਕਾਰੀਆਂ ਨੇ ਮੁੱਖ ਸਕੱਤਰ ਨਾਲ ਮਿਲ ਕੇ ਆਪਣੀਆਂ ਤਰੱਕੀਆਂ ਦੇ ਮਾਮਲੇ ਉਪਰ ਸਪਸ਼ਟੀਕਰਨ ਦਿੱਤਾ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਇਸ ਸਬੰਧੀ ਇੱਕ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਤਰੱਕੀ ਪ੍ਰਕਿਰਿਆ ਵਿੱਚ ਐਸੀ ਰੁਕਾਵਟ ਆਈ ਹੈ।

error: Content is protected !!