ਚੰਡੀਗੜ੍ਹ, 28 ਮਾਰਚ 2025 (ਫਤਿਹ ਪੰਜਾਬ ਬਿਊਰੋ) ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪੁਲਿਸ ਪਾਰਟੀ ਵੱਲੋਂ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ਨੂੰ ਪੰਜਾਬ ਸਰਕਾਰ ਨੇ ਬਦਲ ਦਿੱਤਾ ਹੈ। ਏਡੀਜੀਪੀ ਏਐੱਸ ਰਾਏ ਨੂੰ ਏਡੀਜੀਪੀ ਐੱਸਪੀਐੱਸ ਪਰਮਾਰ ਦੀ ਥਾਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵੀਰਵਾਰ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਜੋਂ ਤਾਇਨਾਤ ਕੀਤਾ ਗਿਆ ਸੀ।
ਬਾਕੀ ਦੋ ਹੋਰ ਐੱਸਆਈਟੀ ਮੈਂਬਰ ਐੱਸਐੱਸਪੀ ਸੰਦੀਪ ਮਲਿਕ ਅਤੇ ਐੱਸਪੀ ਮਨਪ੍ਰੀਤ ਸਿੰਘ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਇਹ ਜਾਂਚ ਟੀਮ ਵਿੱਚ ਚੌਥਾ ਬਦਲਾਅ ਹੈ। ਪਹਿਲਾਂ ਤਿੰਨ ਜਾਂਚ ਟੀਮਾਂ ਬਣਾਈਆਂ ਗਈਆਂ ਸਨ। ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ’ਤੇ ਹਮਲਾ ਕਰਨ ਦੇ ਦੋਸ਼ ਵਿੱਚ 12 ਪੁਲਿਸ ਮੁਲਾਜ਼ਮਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਰਨਲ ਬਾਠ ਵੱਲੋਂ ਮੁਕੱਦਮੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵੀ ਸੁਣਵਾਈ ਚੱਲ ਰਹੀ ਹੈ।
