ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਕੱਢੀ ਭੜਾਸ
ਨਵੀਂ ਦਿੱਲੀ 28 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਕੇਂਦਰ ਸਰਕਾਰ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅਜਿਹੇ ਕਿਸੇ ਸਥਾਨ ’ਤੇ ਕਰਨ ਦੀ ਉਨ੍ਹਾਂ ਦੇ ਪਰਿਵਾਰ ਦੀ ਅਪੀਲ ਨੂੰ ਅਸਵੀਕਾਰ ਕਰ ਦਿੱਤਾ ਹੈ, ਜਿੱਥੇ ਕੋਈ ਯਾਦਗਾਰ ਬਣਾਈ ਜਾ ਸਕੇ। ਇਸ ਕਰਕੇ ਉਨ੍ਹਾਂ ਦਾ ਅੰਤਿਮ ਸਸਕਾਰ ਰਾਜਧਾਨੀ ਦੇ ਨਿਗਮ ਬੋਧ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਜਿਸ ਕਰਕੇ ਮਨਮੋਹਨ ਸਿੰਘ ਦੇ ਸਸਕਾਰ ਅਤੇ ਸਮਾਧ ਵਾਲੀ ਜਗ੍ਹਾ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸੀ ਨੇਤਾ ਰਾਹੁਲ ਗਾਂਧੀ ਸਮੇਤ ਹੋਰ ਕਈ ਪਾਰਟੀਆਂ ਦੇ ਸੀਨੀਅਰ ਨੇਤਾ ਵੀ ਮੌਜੂਦ ਸਨ। ਸਸਕਾਰ ਦੌਰਾਨ ‘ਮਨਮੋਹਨ ਸਿੰਘ ਜ਼ਿੰਦਾਬਾਦ’ ਅਤੇ ‘ਜਦੋਂ ਤੱਕ ਸੂਰਜ ਤੇ ਚੰਦ ਰਹੇਗਾ, ਮਨਮੋਹਨ ਤੇਰਾ ਨਾਮ ਰਹੇਗਾ’ ਦੇ ਨਾਅਰੇ ਗੂੰਜਦੇ ਰਹੇ। ਕਈ ਵਿਦੇਸ਼ੀ ਨੇਤਾ ਵੀ ਸਸਕਾਰ ‘ਚ ਸ਼ਾਮਲ ਹੋਏ।
ਰਾਜਘਾਟ ‘ਤੇ ਸਸਕਾਰ ਨਾ ਕਰਨ ‘ਤੇ ਛਿੜਿਆ ਵਿਵਾਦ
ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਰਾਜਘਾਟ ‘ਤੇ ਮਨਮੋਹਨ ਸਿੰਘ ਦਾ ਸਸਕਾਰ ਨਾ ਕਰਨ ‘ਤੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੂੰ ਸੰਵੇਦਨਸ਼ੀਲ ਹੋ ਕੇ ਉਨ੍ਹਾਂ ਦੀ ਯਾਦਗਾਰ ਲਈ ਜਗ੍ਹਾ ਅਲਾਟ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੀ ਮੌਤ ‘ਤੇ ਵੀ ਜਗ੍ਹਾ ਅਲਾਟ ਕੀਤੀ ਗਈ ਸੀ, ਇਸ ਲਈ ਸਰਕਾਰ ਨੂੰ ਇੱਥੇ ਵੀ ਅਜਿਹਾ ਕਰਨਾ ਚਾਹੀਦਾ ਸੀ।
AAP ਪਾਰਟੀ ਸਿੱਖ ਕੌਮ ਦਾ ਅਪਮਾਨ ਕਰਾਰ ਦਿੱਤਾ
ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਸੰਸਦ ਮੈਂਬਰ ਨੇ ਕਿਹਾ ਕਿ ਮਨਮੋਹਨ ਸਿੰਘ ਜੀ ਦਾ ਸਸਕਾਰ ਰਾਜਘਾਟ ‘ਤੇ ਹੀ ਹੋਣਾ ਚਾਹੀਦਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਇਸ ਮੰਗ ਲਈ ਜਵਾਬ ਦੇਣਾ ਸਿੱਖ ਕੌਮ ਦਾ ਅਪਮਾਨ ਹੈ।
ਕਾਂਗਰਸ ਨੇ ਯਮੁਨਾ ਦੇ ਕੰਢੇ ‘ਤੇ ਯਾਦਗਾਰ ਲਈ ਮੰਗੀ ਹੈ ਜਗ੍ਹਾ
ਕਾਂਗਰਸ ਨੇ ਕੇਂਦਰ ਸਰਕਾਰ ਤੋਂ ਦਿੱਲੀ ਵਿੱਚ ਯਮੁਨਾ ਦੇ ਕਿਨਾਰੇ ਸਾਬਕਾ ਪ੍ਰਧਾਨ ਮੰਤਰੀ ਦੇ ਸਸਕਾਰ ਲਈ ਰਾਜਘਾਟ ਵਿਖੇ ਜਗ੍ਹਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਸੀ, ਜਿੱਥੇ ਦੇਸ਼ ਦੇ ਬਾਕੀ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਯਾਦਗਾਰੀ ਥਾਵਾਂ ਹਨ ਅਤੇ ਉਥੇ ਯਾਦਗਾਰੀ ਸਥਾਨ ਵੀ ਬਣਾਉਣ ਦੀ ਮੰਗ ਕੀਤੀ ਹੈ ਪਰ ਕੇਂਦਰ ਨੇ ਕਿਹਾ ਕਿ ਇਸ ਕੰਮ ਵਿੱਚ ਸਮਾਂ ਲੱਗਦਾ ਹੈ, ਇਸ ਲਈ ਨਿਗਮ ਬੋਧ ਘਾਟ ‘ਤੇ ਹੀ ਸਸਕਾਰ ਕੀਤਾ ਜਾਣਾ ਜਾਵੇ।
ਇੱਕ ਮਹਾਨ ਨੇਤਾ ਦਾ ਅਨਾਦਰ – ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ’ਤੇ ਇੱਕ ਪੋਸਟ ’ਚ ਲਿਖਿਆ, ‘‘ਇਹ ਨਿੰਦਣਯੋਗ ਹੈ ਕਿ ਕੇਂਦਰ ਸਰਕਾਰ ਨੇ ਡਾ. ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਕਿਸੇ ਅਜਿਹੇ ਸਥਾਨ ’ਤੇ ਕਰਨ ਦੀ ਉਨ੍ਹਾਂ ਦੇ ਪਰਿਵਾਰ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿੱਥੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਨ ਲਈ ਉਨ੍ਹਾਂ ਦੀ ਢੁੱਕਵੀਂ ਅਤੇ ਇਤਿਹਾਸਕ ਯਾਦਗਾਰ ਬਣਾਈ ਜਾ ਸਕੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਥਾਨ ਰਾਜਘਾਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਹ ਅਤੀਤ ’ਚ ਅਪਣਾਈ ਗਈ ਸਥਾਪਤ ਪਰੰਪਰਾ ਤੋਂ ਉਲਟ ਹੋਵੇਗਾ।’’ ਬਾਦਲ ਨੇ ਕਿਹਾ ਕਿ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਸਰਕਾਰ ਇੱਕ ਮਹਾਨ ਨੇਤਾ ਪ੍ਰਤੀ ਇੰਨਾ ਅਨਾਦਰ ਕਿਉਂ ਦਿਖਾ ਰਹੀ ਹੈ, ਜੋ ਪ੍ਰਧਾਨ ਮੰਤਰੀ ਅਹੁਦੇ ’ਤੇ ਪਹੁੰਚਣ ਵਾਲੇ ਸਿੱਖ ਭਾਈਚਾਰੇ ਦੇ ਇਕਲੌਤੇ ਮੈਂਬਰ ਹਨ।
ਸੁਖਬੀਰ ਬਾਦਲ ਨੇ ਲਿਖਿਆ ਕਿ ਫਿਲਹਾਲ ਅੰਤਿਮ ਸੰਸਕਾਰ ਨਿਗਮ ਬੋਧ ਘਾਟ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਕਾਂਗਰਸ ਨਾਲ ਸਾਡੇ ਸਿਆਸੀ ਮੱਤਭੇਦ ਹੋਣ ਦੇ ਬਾਵਜੂਦ ਅਸੀਂ ਹਮੇਸ਼ਾ ਡਾ. ਮਨਮੋਹਨ ਸਿੰਘ ਦਾ ਬਹੁਤ ਸਨਮਾਨ ਕੀਤਾ ਹੈ ਕਿਉਂਕਿ ਉਹ ਰਾਜਨੀਤੀ ਅਤੇ ਸਿਆਸੀ ਸਬੰਧਾਂ ਤੋਂ ਪਰ੍ਹੇ ਹਨ। ਉਹ ਪੂਰੇ ਦੇਸ਼ ਦੇ ਹਨ।’’ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ‘ਸਰਕਾਰ ਦੇ ਇਸ ਨਿੰਦਣਯੋਗ ਫ਼ੈਸਲੇ ਨੂੰ ਬਦਲਣ ਲਈ ਨਿੱਜੀ ਦਖ਼ਲ ਦੇਣ।’