ED ਵੱਲੋਂ ਭੁੱਲਰ ਤੇ ਕ੍ਰਿਸ਼ਨਾਨੂ ਦੀਆਂ ਗ਼ੈਰਕਾਨੂੰਨੀ ਤੇ ਬੇਨਾਮੀ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ

ਮੁਅੱਤਲ ਪੁਲਿਸ ਅਧਿਕਾਰੀ ‘ਤੇ ਰਿਸ਼ਵਤਖੋਰੀ ਤੇ ਨਿਆਂਇਕ ਪ੍ਰਭਾਵ ਪਾਉਣ ਦਾ ਦੋਸ਼

ਅਗਲੀ ਜਾਂਚ IAS, IPS ਤੇ ਪ੍ਰਾਪਰਟੀ ਡੀਲਰਾਂ ਦੇ ਨੈੱਟਵਰਕ ਨੂੰ ਖੰਗਾਲੇਗੀ

ਚੰਡੀਗੜ੍ਹ, 4 ਦਸੰਬਰ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਹਿਯੋਗੀ ਕ੍ਰਿਸ਼ਨਾਨੂ ਸ਼ਾਰਦਾ ਨਾਲ ਸਬੰਧਤ ਭ੍ਰਿਸ਼ਟਾਚਾਰ ਦਾ ਮਾਮਲਾ ਬੁੱਧਵਾਰ ਨੂੰ ਇੱਕ ਫੈਸਲਾਕੁੰਨ ਪੜਾਅ ‘ਤੇ ਪਹੁੰਚ ਗਿਆ ਕਿਉਂਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਮਿਥੇ ਸਮੇਂ ਦੇ ਅੰਦਰ ਹੀ ਪੰਜਾਹ ਦਿਨ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਆਪਣੀ 300 ਪੰਨਿਆਂ ਦੀ ਚਾਰਜਸ਼ੀਟ (ਚਲਾਨ) ਦਾਇਰ ਕੀਤੀ ਹੈ ਜਿਸ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚ ਕਥਿਤ ਰਿਸ਼ਵਤਖੋਰੀ, ਨਿਆਂਇਕ ਦਖਲਅੰਦਾਜ਼ੀ ਅਤੇ ਅਣਦੱਸੀ ਜਾਇਦਾਦ ਖਰੀਦਣ ਸਬੰਧੀ ਪੂਰੀ ਰੂਪਰੇਖਾ ਦਰਸਾਈ ਗਈ ਹੈ।
ਦੱਸ ਦੇਈਏ ਕਿ ਭੁੱਲਰ ਅਤੇ ਕ੍ਰਿਸ਼ਨਾਨੂ ਨੂੰ 16 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਦੇ ਇੱਕ ਕਬਾੜ ਡੀਲਰ ਆਕਾਸ਼ ਬੱਤਾ ਦੁਆਰਾ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਸ ਅਧਿਕਾਰੀ ਨੇ ਸਰਹਿੰਦ ਥਾਣੇ ਵਿੱਚ ਦਰਜ ਇੱਕ ਐਫਆਈਆਰ “ਨਿਪਟਾਉਣ” ਅਤੇ ਉਸਦੇ ਕਾਰੋਬਾਰ ਨੂੰ ਜ਼ਬਰਦਸਤੀ ਕਾਰਵਾਈ ਤੋਂ ਬਚਾਉਣ ਲਈ ਸ਼ਾਰਦਾ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਅਤੇ ਮਹੀਨਾਵਾਰ ਭੁਗਤਾਨ ਦੀ ਮੰਗ ਕੀਤੀ ਸੀ। ਸੀਬੀਆਈ ਨੇ ਭੁੱਲਰ ਦੀ ਚੰਡੀਗੜ੍ਹ ਰਿਹਾਇਸ਼ ਅਤੇ ਸਮਰਾਲਾ ਵਿਖੇ ਮਹਿਲ ਫਾਰਮ ਹਾਊਸ ‘ਤੇ ਛਾਪਿਆਂ ਦੌਰਾਨ, ₹7.36 ਕਰੋੜ ਨਕਦ, ₹2.32 ਕਰੋੜ ਤੋਂ ਵੱਧ ਦੇ ਗਹਿਣੇ, ਲਗਜ਼ਰੀ ਸਮਾਨ, ਉੱਚ ਪੱਧਰੀ ਵਾਹਨ, ਜਾਇਦਾਦ ਦੇ ਦਸਤਾਵੇਜ਼, ਵਿਦੇਸ਼ੀ ਸ਼ਰਾਬ, ਅਸਲਾ ਤੇ ਕਾਰਤੂਸਾਂ ਤੋਂ ਇਲਾਵਾ ਵਿਆਪਕ ਬੈਂਕ ਰਿਕਾਰਡ ਸਮੇਤ ਲਾਕਰਾਂ ਦੀਆਂ ਚਾਬੀਆਂ ਵੀ ਜ਼ਬਤ ਕੀਤੀਆਂ ਸਨ।

ਚਲਾਨ ਚ ਭ੍ਰਿਸ਼ਟਾਚਾਰ ਤੇ ਗੈਰ-ਕਾਨੂੰਨੀ ਅਮੀਰੀ ਹੋਈ ਉਜਾਗਰ
ਇਹ ਚਲਾਨ (ਦੋਸ਼ ਪੱਤਰ) ਸੀਬੀਆਈ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1)(ਬੀ) ਅਤੇ 13(2) ਦੇ ਤਹਿਤ ਸਰਕਾਰੀ ਨੌਕਰੀ ਵਿੱਚ ਰਹਿੰਦਿਆਂ ਅਪਰਾਧਿਕ ਦੁਰਾਚਾਰ ਅਤੇ ਗੈਰ-ਕਾਨੂੰਨੀ ਕੰਮਾਂ ਰਾਹੀਂ ਅਮੀਰ ਬਣਨ ਵਿਰੁੱਧ ਦਾਇਰ ਕੀਤਾ ਗਿਆ ਹੈ। ਜਾਂਚਕਰਤਾਵਾਂ ਨੇ ਦੋ ਜ਼ਬਤ ਕੀਤੇ ਮੋਬਾਈਲ ਫੋਨਾਂ ਦੇ ਫੋਰੈਂਸਿਕ ਰਿਕਾਰਡ ਵੀ ਸ਼ਾਮਲ ਕੀਤੇ ਹਨ ਜਿਨ੍ਹਾਂ ਵਿੱਚ ਅਜਿਹੇ ਚੈਟ ਵੀ ਸ਼ਾਮਲ ਹਨ ਜੋ ਨਿਆਂਇਕ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਅਤੇ ਅਦਾਲਤੀ ਫੈਸਲਿਆਂ ਵਿੱਚ ਹੇਰਾਫੇਰੀ ਕਰਨ ਦੀਆਂ ਕੋਸ਼ਿਸ਼ਾਂ ਦਾ ਸੁਝਾਅ ਦਿੰਦੇ ਹਨ।
ਦਸਤਾਵੇਜ਼ ਵਿੱਚ ਸ਼ਾਰਦਾ ਦੇ ਘਰ ਤੋਂ ਬਰਾਮਦ ਹੋਈ ਡਾਇਰੀ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਨੌਕਰਸ਼ਾਹਾਂ, ਪੁਲਿਸ ਅਧਿਕਾਰੀਆਂ ਅਤੇ ਬੈਂਕ ਵੇਰਵਿਆਂ ਦੇ ਨਾਮ ਦਰਜ ਹਨ ਹਾਲਾਂਕਿ ਇਸ ਪੜਾਅ ‘ਤੇ ਇਹ ਨਾਮ ਚਾਰਜਸ਼ੀਟ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ।

ਈਡੀ ਵੱਲੋਂ ਗ਼ੈਰਕਾਨੂੰਨੀ ਜਾਇਦਾਦਾਂ ਦੀ ਕੁਰਕੀ ਦੀ ਸੰਭਾਵਨਾ
ਚਾਰਜਸ਼ੀਟ ਦਾਇਰ ਕਰਨ ਦੇ ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਹੁਣ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਦੇ ਤਹਿਤ ਜਾਂਚ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਈਡੀ ਪਹਿਲਾਂ ਹੀ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਚੁੱਕਾ ਹੈ ਅਤੇ ਭੁੱਲਰ ਅਤੇ ਸ਼ਾਰਦਾ ਦੁਆਰਾ ਬੈਂਕ ਖਾਤਿਆਂ ਵਿੱਚ ਕੀਤੇ ਗਏ ਲੈਣ-ਦੇਣ, ਬੇਨਾਮੀ ਲੈਣ-ਦੇਣ ਅਤੇ ਵਿਦੇਸ਼ੀ ਨਿਵੇਸ਼ਾਂ ਦੀ ਜਾਂਚ ਕਰ ਰਿਹਾ ਹੈ।
ਕੇਂਦਰੀ ਏਜੰਸੀ ਸੰਭਾਵਤ ਤੌਰ ‘ਤੇ ਰਿਸ਼ਵਤਖੋਰੀ ਅਤੇ ਗੈਰ-ਕਾਨੂੰਨੀ ਫੰਡਾਂ ਰਾਹੀਂ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਕੁਰਕ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਦੁਬਈ ਅਤੇ ਕੈਨੇਡਾ ਵਿੱਚ ਖਰੀਦੀਆਂ ਜਾਇਦਾਦਾਂ ਸ਼ਾਮਲ ਹਨ। ਅੰਤਿਮ ਕੁਰਕੀਆਂ ਸੀਬੀਆਈ ਦੇ ਸਬੂਤਾਂ ਅਤੇ ਛਾਪਿਆਂ ਦੌਰਾਨ ਪ੍ਰਾਪਤ ਵਿੱਤੀ ਬਿਆਨਾਂ ‘ਤੇ ਅਧਾਰਤ ਹੋਣਗੀਆਂ।

ਜਾਂਚ ਅਧੀਨ ਅਧਿਕਾਰੀਆਂ ਦਾ ਨੈੱਟਵਰਕ
ਪਤਾ ਲੱਗਾ ਹੈ ਕਿ ਭੁੱਲਰ ਨੇ ਪੰਜ ਦਿਨਾਂ ਦੇ ਰਿਮਾਂਡ ਦੌਰਾਨ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਪੰਜਾਬ ਦੇ ਕਈ ਅਧਿਕਾਰੀਆਂ ਨੇ ਪਟਿਆਲਾ ਸਥਿਤ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਰਿਸ਼ਵਤਖੋਰੀ ਦੇ ਪੈਸਿਆਂ ਦਾ ਨਿਵੇਸ਼ ਕੀਤਾ ਹੈ ਜਿਸ ਪਿੱਛੋਂ ਸੀਬੀਆਈ ਨੇ ਕਈ ਥਾਈਂ ਛਾਪੇਮਾਰੀ ਕੀਤੀ ਸੀ ਅਤੇ ਸ਼ੱਕੀ ਜਾਇਦਾਦ ਸੌਦਿਆਂ ਨਾਲ ਜੁੜੇ 10 ਆਈਪੀਐਸ ਅਤੇ 4 ਆਈਏਐਸ ਸਮੇਤ ਕੁੱਲ 14 ਅਧਿਕਾਰੀਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚੋਂ ਅੱਠ ਆਈਪੀਐਸ ਅਧਿਕਾਰੀ ਇਸ ਸਮੇਂ ਖੇਤਰ ਵਿੱਚ ਅਹੁਦਿਆਂ ‘ਤੇ ਤਾਇਨਾਤ ਹਨ।
ਬਾਅਦ ਵਿੱਚ ਪਟਿਆਲਾ ਅਤੇ ਲੁਧਿਆਣਾ ਵਿੱਚ ਛਾਪੇਮਾਰੀ ਦੌਰਾਨ ਅਜਿਹੇ ਦਸਤਾਵੇਜ਼ ਬਰਾਮਦ ਹੋਏ ਜੋ ਸੀਨੀਅਰ ਅਧਿਕਾਰੀਆਂ ਦੁਆਰਾ ਰੀਅਲ ਅਸਟੇਟ ਚੈਨਲਾਂ ਰਾਹੀਂ ਫੰਡਾਂ ਨੂੰ ਰੂਟ ਕਰਨ ਲਈ ਵਰਤੇ ਜਾਂਦੇ ਕਥਿਤ ਨਿਵੇਸ਼ ਨੂੰ ਉਜਾਗਰ ਕਰਦੇ ਹਨ।

ਕ੍ਰਿਸ਼ਨਾਨੂ ਦੇ ਕਰੀਬੀ 50 ਅਧਿਕਾਰੀ
ਇਸ ਦੌਰਾਨ ਭੁੱਲਰ ਦੇ ਵਿਚੋਲੇ ਕ੍ਰਿਸ਼ਨਾਨੂ ਸ਼ਾਰਦਾ ਦੇ ਮੋਬਾਈਲ ਫੋਨ ਦੇ ਡਿਜੀਟਲ ਵਿਸ਼ਲੇਸ਼ਣ ਤੋਂ ਲਗਭਗ 50 ਅਧਿਕਾਰੀਆਂ ਨਾਲ ਸਬੰਧ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਆਈਏਐਸ ਅਤੇ ਆਈਪੀਐਸ ਅਧਿਕਾਰੀ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਥਿਤ ਤੌਰ ‘ਤੇ ਉਸਨੂੰ ਜਾਂਚ ਨੂੰ ਪ੍ਰਭਾਵਿਤ ਕਰਨ, ਪੋਸਟਿੰਗ ਸੁਰੱਖਿਅਤ ਕਰਨ, ਹਥਿਆਰਾਂ ਦੇ ਲਾਇਸੈਂਸ ਪ੍ਰਾਪਤ ਕਰਨ ਜਾਂ ਐਫਆਈਆਰ ਦਰਜ ਕਰਨ ਜਾਂ ਰੱਦ ਕਰਨ ਲਈ ਵਰਤਿਆ ਸੀ। ਹੁਣ ਇਹ ਮੁਕੱਦਮਾ ਪੰਜਾਬ ਦੀ ਸਭ ਤੋਂ ਵੱਡੀਆਂ ਭ੍ਰਿਸ਼ਟਾਚਾਰ ਜਾਂਚਾਂ ਵਿੱਚੋਂ ਇੱਕ ਬਣ ਕੇ ਚਰਚਿਤ ਹੋਇਆ ਹੈ।
ਦੱਸ ਦੇਈਏ ਕਿ ਦੋਵੇਂ ਮੁਲਜ਼ਮ ਭੁੱਲਰ ਅਤੇ ਸ਼ਾਰਦਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਪਿੱਛੋਂ ਵੀਰਵਾਰ ਨੂੰ ਸੀਬੀਆਈ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਦਾ ਨਿਆਂਇਕ ਰਿਮਾਂਡ ਹੋਰ ਵਧਾ ਦਿੱਤਾ ਜਾਵੇਗਾ। ਦੋਵਾਂ ਨੂੰ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਕੀਤਾ ਗਿਆ ਹੈ।

ਭੁੱਲਰ ਖਿਲਾਫ 4 ਕੇਸ ਦਰਜ, ਦੋ ਹੋਰ ਮੁਕੱਦਮੇ ਵੀ ਹੋ ਸਕਦੇ ਨੇ ਦਰਜ

ਮੁਅੱਤਲ ਡੀਆਈਜੀ ਭੁੱਲਰ ਪੰਜਾਬ ਵਿੱਚ ਸੇਵਾ ਨਿਭਾਅ ਰਹੇ ਆਈਪੀਐਸ ਅਧਿਕਾਰੀਆਂ ਦੁਆਰਾ ਦਰਪੇਸ਼ ਸਭ ਤੋਂ ਵੱਡੇ ਕਾਨੂੰਨੀ ਮੁਕੱਦਮਿਆਂ ਵਿੱਚੋਂ ਵੱਡੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਦੱਸ ਦੇਈਏ ਕਿ ਉਸਦੇ ਵਿਰੁੱਧ ਪਹਿਲਾਂ ਹੀ ਚਾਰ ਵੱਡੇ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਦੋ ਹੋਰ ਪੜਤਾਲਾਂ ਚੱਲ ਰਹੀਆਂ ਹਨ। ਉਹ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਰਿਸ਼ਵਤਖੋਰੀ ਦਾ ਕੇਸ, ਸੀਬੀਆਈ ਵੱਲੋਂ ਇੱਕ ਹੋਰ ਵੱਖਰਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ (ਡੀਏ) ਦਾ ਕੇਸ, ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਇੱਕ ਹੋਰ ਡੀਏ ਕੇਸ ਅਤੇ ਸਮਰਾਲਾ ਪੁਲਿਸ ਦੁਆਰਾ ਉਸਦੇ ਫਾਰਮ ਹਾਊਸ ਤੋਂ ਵਾਧੂ ਸ਼ਰਾਬ ਜ਼ਬਤ ਕੀਤੇ ਜਾਣ ਤੋਂ ਬਾਅਦ ਦਰਜ ਕੀਤੇ ਗਏ ਆਬਕਾਰੀ ਕਾਨੂੰਨ ਦੇ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਚਾਰ ਸਰਗਰਮ ਕੇਸਾਂ ਤੋਂ ਇਲਾਵਾ ਈਡੀ ਅਤੇ ਆਮਦਨ ਕਰ ਵਿਭਾਗ ਨੇ ਸ਼ੱਕੀ ਮਨੀ ਲਾਂਡਰਿੰਗ, ਵਿਦੇਸ਼ੀ ਨਿਵੇਸ਼, ਬੇਨਾਮੀ ਲੈਣ-ਦੇਣ ਅਤੇ ਵੱਡੇ ਪੱਧਰ ‘ਤੇ ਟੈਕਸ ਚੋਰੀ ਦੀਆਂ ਸਮਾਨਾਂਤਰ ਪੜਤਾਲਾਂ ਸ਼ੁਰੂ ਕੀਤੀਆਂ ਹੋਈਆਂ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਭੁੱਲਰ ਜਲਦੀ ਹੀ ਪੁਲਿਸ ਤੇ ਕੇਂਦਰੀ ਏਜੰਸੀਆਂ ਵਿੱਚ ਘੱਟੋ-ਘੱਟ ਛੇ ਤੋਂ ਸੱਤ ਕੇਸਾਂ ਦਾ ਸਾਹਮਣਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਭੁੱਲਰ ਵਿਰੁੱਧ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਹੈ ਜਦਕਿ ਚੰਡੀਗੜ੍ਹ ਦੇ ਸੈਕਟਰ 40 ਵਿੱਚ ਉਸਦੇ ਆਲੀਸ਼ਾਨ ਘਰ ਤੋਂ ਸੀਬੀਆਈ ਵੱਲੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਸ਼ਰਾਬ ਸਮੇਤ ਹਥਿਆਰ ਅਤੇ ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ ਸਨ।

error: Content is protected !!