ਨਵੀਂ ਦਿੱਲੀ 10 ਮਈ 2024 (ਫਤਿਹ ਪੰਜਾਬ) ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੇ ਅੱਜ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਯੂਪੀ ਦੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਆਈਪੀਸੀ ਦੀ ਧਾਰਾ 354 ਅਤੇ 354-ਏ ਤਹਿਤ ਦੋਸ਼ ਆਇਦ ਕੀਤੇ ਹਨ।
ਜਿਕਰਯੋਗ ਹੈ ਕਿ ਬ੍ਰਿਜ ਭੂਸ਼ਣ ‘ਤੇ ਇਕ ਔਰਤ ਪਹਿਲਵਾਨ ਦੀ ਇੱਜ਼ਤ ਦਾ ਅਪਮਾਨ ਕਰਨ ਦਾ ਦੋਸ਼ ਹੈ। ਅਦਾਲਤ ਨੂੰ ਬ੍ਰਿਜ ਭੂਸ਼ਣ ਖਿਲਾਫ ਦੋਸ਼ ਤੈਅ ਕਰਨ ਲਈ ਕਾਫੀ ਸਮੱਗਰੀ ਮਿਲੀ ਹੈ। ਅਦਾਲਤ ਨੇ ਕਿਹਾ ਕਿ ਹਰੇਕ ਪੀੜਤ ਦੇ ਸਬੰਧ ਵਿੱਚ ਧਾਰਾ 354 ਅਤੇ 354-ਏ ਦੇ ਤਹਿਤ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਆਇਦ ਕੀਤੇ ਗਏ ਸਨ।
ਅਦਾਲਤ ਦਾ ਕਹਿਣਾ ਹੈ ਕਿ ਬ੍ਰਿਜ ਭੂਸ਼ਣ ਨੂੰ ਛੇਵੇਂ ਪਹਿਲਵਾਨ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਬੀਤੀ 15 ਜੂਨ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਵਿਰੁੱਧ ਧਾਰਾ 354, 354 ਏ, 354 ਡੀ ਅਤੇ ਧਾਰਾ 506 ਦੇ ਤਹਿਤ ਕੇਸ ਦਰਜ ਕੀਤਾ ਸੀ। ਉਪਰੰਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਪੁਲਿਸ ਨੇ ਇਸ ਮੁਕੱਦਮੇ ਵਿੱਚ ਡਬਲਿਊ.ਐੱਫ.ਆਈ. (WFI) ਦੇ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਦੋਸ਼ੀ ਠਹਿਰਾਇਆ ਸੀ।
ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋਸ਼ ਤੈਅ ਕਰਨ ਦੇ ਆਦੇਸ਼ ‘ਤੇ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਨੇ ਕਿਹਾ ਕਿ ਅੱਜ ਅਦਾਲਤ ਨੇ ਦੋਸ਼ ਆਇਦ ਕਰਨ ਬਾਰੇ ਆਪਣਾ ਫੈਸਲਾ ਸੁਣਾਉਂਦੇ ਹੋਏ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ 354ਏ, 506 ਆਈ.ਪੀ.ਸੀ. ਦੇ ਜੁਰਮ ਲਈ ਚਾਰਜ ਕਰਨ ਦਾ ਹੁਕਮ ਦਿੱਤਾ ਹੈ, ਜਦੋਂ ਕਿ ਸਹਿ-ਮੁਲਜ਼ਮ ਵਿਨੋਦ ਤੋਮਰ ਨੂੰ 506 ਦੇ ਜੁਰਮ ਲਈ ਚਾਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ।