ਸਿੱਧੂ ਨੇ ਪੇਸ਼ੇਵਰ ਤਰੀਕੇ ਨਾਲ ਪੇਚੀਦਾ ਕੇਸਾਂ ਨੂੰ ਵੀ ਸਹਿਜਤਾ ਨਾਲ ਕੀਤਾ ਹੱਲ-ਗੌਰਵ ਯਾਦਵ
ਚੰਡੀਗੜ੍ਹ, 29 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਦੀ 37 ਸਾਲਾਂ ਦੀ ਸ਼ਾਨਦਾਰ ਪੁਲਿਸ ਸੇਵਾ ਬਦਲੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇੱਕ ਰਾਜ ਪੱਧਰੀ ਬੈਠਕ ਮੌਕੇ ਕੇਕ ਕੱਟਕੇ ਸਨਮਾਨਤ ਕੀਤਾ।
ਇਸ ਮੌਕੇ 2008 ਬੈਚ ਦੇ ਆਈਪੀਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ ਕਿ ਮਨਦੀਪ ਸਿੰਘ ਸਿੱਧੂ ਨੇ ਆਪਣੀ ਸੇਵਾ ਦੌਰਾਨ ਆਪਣੀ ਕਾਬਲੀਅਤ, ਪੇਸ਼ੇਵਰ ਪਹੁੰਚ ਨਾਲ ਪੇਚੀਦਾ ਮਾਮਲਿਆਂ ਨੂੰ ਵੀ ਸਹਿਜਤਾ ਨਾਲ ਹੱਲ ਕਰਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ।
ਗੌਰਵ ਯਾਦਵ ਨੇ ਕਿਹਾ ਕਿ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਆਪਣੇ ਨਾਲ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਇੱਕ ਟੀਮ ਦੀ ਤਰ੍ਹਾਂ ਨਾਲ ਲੈਕੇ ਚੱਲਦੇ ਸਨ, ਜਿਸਦੇ ਕਿ ਸ਼ਾਨਦਾਰ ਸਿੱਟੇ ਨਿਕਲੇ ਅਤੇ ਪੰਜਾਬ ਪੁਲਿਸ ਦਾ ਅਕਸ ਲੋਕ ਪੱਖੀ ਬਣਕੇ ਸਾਹਮਣੇ ਆਇਆ।ਉਨ੍ਹਾਂ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਾਈਕਲ ਰੈਲੀਆਂ ਕਰਵਾਈਆਂ ਤੇ ਨਵੇਂ ਰਿਕਾਰਡ ਕਾਇਮ ਕੀਤੇ ਅਤੇ ਆਪਣੀ ਕਾਰਜਸ਼ੈਲੀ ਨਾਲ ਬੇਗਾਨਿਆਂ ਨੂੰ ਵੀ ਆਪਣਾ ਬਣਾਇਆ।
ਡੀ.ਜੀ.ਪੀ. ਨੇ ਹੋਰ ਕਿਹਾ ਕਿ ਸਿੱਧੂ ਨੇ ਆਪਣੇ ਕਰੀਅਰ ਦੌਰਾਨ ਕਈ ਜ਼ਿਲ੍ਹਿਆਂ ਦੇ ਐਸ.ਐਸ.ਪੀ., ਲੁਧਿਆਣਾ ਵਿੱਚ ਕਮਿਸ਼ਨਰ ਆਫ਼ ਪੁਲਿਸ ਅਤੇ ਪਟਿਆਲਾ ਵਿੱਚ ਡਿਪਟੀ ਇੰਸਪੈਕਟਰ ਜਨਰਲ ਵਰਗੀਆਂ ਪਦਵੀਆਂ ਸੰਭਾਲਦੇ ਹੋਏ, ਜਿੱਥੇ ਆਮ ਲੋਕਾਂ ਨਾਲ ਨੇੜਤਾ ਬਣਾਈ ਤੇ ਉਥੇ ਹੀ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਵੀ ਹਮੇਸ਼ਾ ਨਿਜੀ ਰਾਬਤਾ ਕੀਤਾ, ਜਿਸ ਨਾਲ ਪੰਜਾਬ ‘ਚ ਕਾਨੂੰਨ ਵਿਵਸਥਾ ਅਤੇ ਸਮਾਜਿਕ ਵਿਕਾਸ ਲਈ ਉਨ੍ਹਾਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਰਾਜ ਪੱਧਰੀ ਬੈਠਕ ਮੌਕੇ ਚੰਡੀਗੜ੍ਹ ਵਿਖੇ ਪੰਜਾਬ ਭਰ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਡੀ.ਆਈ.ਜੀ. ਸਿੱਧੂ ਨੂੰ ਵਧਾਈ ਦਿੱਤੀ। ਮਨਦੀਪ ਸਿੰਘ ਸਿੱਧੂ ਨੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਅੱਜ ਦੀ ਇਸ਼ ਸ਼ਾਨਦਾਰ ਯਾਦਗਾਰ ਸੇਵਾ ਮੁਕਤੀ ਪਾਰਟੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹਮੇਸ਼ਾ ਰਾਹ ਦਸੇਰਾ ਬਣਕੇ ਸਹਿਯੋਗ ਦਿੱਤਾ ਅਤੇ ਜੂਨੀਅਰ ਅਧਿਕਾਰੀਆਂ ਤੇ ਮੁਲਾਜਮਾਂ ਨੇ ਵੀ ਕਦੇ ਨਾਹ ਨਹੀਂ ਕੀਤੀ ਤੇ ਉਨ੍ਹਾਂ ਦੀ ਬਾਂਹ ਬਣਕੇ ਪੁਲਿਸਿੰਗ ਕਰਨ ਵਿੱਚ ਆਪਣਾ ਯੋਗਦਾਨ ਪਾਇਆ।
ਜਿਕਰਯੋਗ ਹੈ ਕਿ ਨਸ਼ਾ ਵਿਰੋਧੀ ਉਪਰਾਲਿਆਂ ਤੋਂ ਇਲਾਵਾ, ਸਿੱਧੂ ਨੇ ਸਿੱਖਿਆ ਦੇ ਪ੍ਰਸਾਰ ਲਈ ਵੀ ਯੋਗਦਾਨ ਦਿੱਤਾ ਹੈ, 4,800 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਫੀਸ ਭਰਨ ਲਈ ਆਰਥਿਕ ਸਹਾਇਤਾ ਦਿੱਤੀ ਅਤੇ ਯੁਵਕਾਂ ਲਈ ਸਕੇਟਿੰਗ ਅਤੇ ਬਾਕਸਿੰਗ ਦੀਆਂ ਸਹੂਲਤਾਂ ਵਿੱਚ ਵਾਧਾ ਕੀਤਾ। ਉਨ੍ਹਾਂ ਦੀ ਬੇਮਿਸਾਲ ਸੇਵਾ ਨੂੰ ਕਈ ਪ੍ਰਸਿੱਧ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿੱਚ ਰਾਸ਼ਟਰਪਤੀ ਪੁਲਿਸ ਪਦਕ ਵਿਸ਼ਿਸ਼ਟ ਸੇਵਾ ਲਈ, ਮੁੱਖ ਮੰਤਰੀ ਪਦਕ, ਪ੍ਰਕ੍ਰਮ ਪਦਕ (ਅਤਿਵਾਦੀਆਂ ਦੇ ਖਿਲਾਫ ਕਾਰਵਾਈ ਦੌਰਾਨ ਘਾਇਲ ਹੋਣ ਲਈ, ਕਠਿਨ ਸੇਵਾ ਮੈਡਲ, ਡੀ.ਜੀ.ਪੀ. ਪ੍ਰਸ਼ੰਸਾ ਚਿੰਨ੍ਹ ਅਤੇ ਸਮਾਜਿਕ ਸੇਵਾ ਲਈ ਵਿਸ਼ੇਸ਼ ਸਨਮਾਨ ਸ਼ਾਮਲ ਹਨ।
ਲੁਧਿਆਣਾ ਕਮਿਸ਼ਨਰ ਵਜੋਂ ਉਨ੍ਹਾਂ ਨੇ ਅਨੇਕ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਦੀ ਅਗਵਾਈ ਕੀਤੀ, ਜਿਸ ਵਿੱਚ ਇੱਕ ਸਾਬਕਾ ਐਸ.ਆਈ. ਦੇ ਪਰਿਵਾਰ ਦੇ ਟ੍ਰਿਪਲ ਮਰਡਰ ਅਤੇ 8.49 ਕਰੋੜ ਰੁਪਏ ਦੀ ਲੁੱਟ ਸ਼ਾਮਿਲ ਹੈ। ਉਨ੍ਹਾਂ ਨੇ ਔਨਲਾਈਨ ਠੱਗੀ ਮਾਮਲੇ ਵਿੱਚ 25 ਲੱਖ ਰੁਪਏ ਦੀ ਬਰਾਮਦਗੀ ਕਰਵਾਈ। ਏ.ਐੱਸ.ਆਈ. ਹਰਜੀਤ ਸਿੰਘ ਦਾ ਹੱਥ ਕੱਟਣ ਵਾਲੇ ਨਿਹੰਗਾਂ ਨੂੰ ਦਿਲੇਰੀ ਨਾਲ ਗ੍ਰਿਫਤਾਰੀ। ਇਸ ਘਟਨਾ ਦੇ ਸਮਰਥਨ ਵਿੱਚ ਸਾਰੇ ਭਾਰਤ ਦੇ ਪੁਲਿਸ ਅਧਿਕਾਰੀਆਂ ਨੇ “ਮੈਂ ਵੀ ਹਰਜੀਤ ਸਿੰਘ” ਨਾਂ ਦੀ ਪੱਟੀ ਪਾਈ ਸੀ। ਉਨ੍ਹਾਂ ਨੇ ਭਾਰਤ ਦਾ ਸਭ ਤੋਂ ਵੱਡਾ ਬੈਂਕ ਡਾਕਾ (9 ਕਰੋੜ ਰੁਪਏ) ਜੋ ਲੁਧਿਆਣਾ ਵਿੱਚ ਹੋਇਆ, ਇਸਦੀ ਮੁੱਖ ਦੋਸ਼ੀ ਡਾਕੂ ਹਸੀਨਾ ਅਤੇ ਹੋਰ ਦੋਸ਼ੀਆਂ ਨੂੰ ਰਿਕਾਰਡ ਸਮੇਂ ਵਿੱਚ ਗ੍ਰਿਫਤਾਰ ਕੀਤਾ।ਇੱਕ ਸਾਲ ਤੋਂ ਵੱਧ ਸਮੇਂ ਤੋਂ ਧਰਨੇ ‘ਤੇ ਬੈਠੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀ ਕਾਨੂਨੀ ਅਤੇ ਸ਼ਾਂਤਮਈ ਤਰੀਕੇ ਨਾਲ ਖਨੌਰੀ ਬਾਰਡਰ ਤੋਂ ਵਾਪਸੀ ਕਰਵਾਈ।ਉਨ੍ਹਾਂ ਦੀ ਅਗਵਾਈ ਨੇ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਦੀ ਕਾਬਲੀਅਤ ਦਿਖਾਈ।
ਪਟਿਆਲਾ ਰੇਂਜ ਦੇ ਡੀ.ਆਈ.ਜੀ. ਵਜੋਂ, ਸਿੱਧੂ ਨਸ਼ਾ ਵਿਰੋਧੀ ਮੁਹਿੰਮ ਅਤੇ ਕਾਨੂੰਨ ਪ੍ਰਵਰਤੀ ਦੀ ਯੋਜਨਾ ਤਹਿਤ, ਨਾਗਰਿਕਾਂ ਨਾਲ ਸਿੱਧਾ ਸੰਪਰਕ ਬਣਾਉਣ ‘ਤੇ ਜ਼ੋਰ ਦੇ ਰਹੇ ਹਨ। ਉਹ ਸਮੀਖਿਆ ਮੀਟਿੰਗਾਂ, ਨਸ਼ਾ ਮੁਕਤੀ ਕੈਂਪਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਨਿਯਮਤ ਕਾਨੂੰਨੀ ਕਾਰਵਾਈ ਨੂੰ ਆਪਣਾ ਕੇਂਦਰੀ ਉਦੇਸ਼ ਬਣਾਉਣ ਦੀ ਨੀਤੀ ਅਪਣਾਏ ਹੋਏ ਹਨ।
ਮਨਦੀਪ ਸਿੰਘ ਸਿੱਧੂ ਦੀ ਯਾਤਰਾ ਇੱਕ ਅਜਿਹੀ ਉਦਾਹਰਨ ਹੈ, ਜੋ ਰਿਵਾਇਤੀ ਪੁਲਿਸਿੰਗ ਅਤੇ ਨਵੀਨਤਮ ਸਮਾਜਿਕ ਉਪਰਾਲਿਆਂ ਦੀ ਮਿਲੀ-ਝੁਲੀ ਝਲਕ ਦਿੰਦੀ ਹੈ। ਨਸ਼ਾ ਵਿਰੋਧ, ਸਿੱਖਿਆ ਅਤੇ ਖੇਡਾਂ ਵਿੱਚ ਉਨ੍ਹਾਂ ਦਾ ਯੋਗਦਾਨ ਅਣਗਿਣਤ ਜ਼ਿੰਦਗੀਆਂ ਨੂੰ ਛੂਹ ਰਿਹਾ ਹੈ।ਉਨ੍ਹਾਂ ਦੀ ਸੇਵਾ ਕਾਰਜਕਾਲ ਉਨ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ ਨੂੰ ਪ੍ਰਗਟ ਕਰਦੀ ਹੈ ਅਤੇ ਦਿਖਾਉਂਦੀ ਹੈ ਕਿ ਪੁਲਿਸ ਲੀਡਰਸ਼ਿਪ ਕਿਵੇਂ ਸਮਾਜ ਨੂੰ ਬਿਹਤਰ ਬਣਾ ਸਕਦੀ ਹੈ।