ਵਿਦੇਸ਼ ਬੈਠੇ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਹਰ ਹੀਲਾ ਵਰਤਾਂਗੇ : ਸਿੱਟ ਮੈਂਬਰ ਵਰੁਣ ਸ਼ਰਮਾ
ਕੱਲ੍ਹ ਫੇਰ ਹੋਵੇਗੀ ਮਜੀਠੀਆ ਤੋਂ ਪਟਿਆਲੇ ਚ ਪੁੱਛਗਿੱਛ
ਪਟਿਆਲਾ, 17 ਮਾਰਚ 2025 (ਫਤਿਹ ਪੰਜਾਬ ਬਿਊਰੋ) ਚਰਚਿਤ ਡਰੱਗਜ ਤਸਕਰੀ ਮਾਮਲੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨ ਵਾਲੀ ਸਿਟ ਨੇ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਉਣ ਕਾਰਨ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਵਿਦੇਸ਼ਾਂ ਵਿੱਚ ਹੋਏ ਵਿੱਤੀ ਲੈਣ ਦੇਣ ਨੂੰ ਵੀ ਸ਼ਾਮਲ ਕੀਤਾ ਹੈ।
ਸਿੱਟ ਦੇ ਮੈਂਬਰ ਤੇ ਆਈ.ਪੀ.ਐਸ ਅਫਸਰ ਵਰੁਣ ਸ਼ਰਮਾ ਨੇ ਅੱਜ ਸ਼ਾਮ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਡਰੱਗਜ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਗਏ ਹਨ ਅਤੇ ਇਹ ਪੁੱਛਗਿੱਛ 18 ਮਾਰਚ ਨੂੰ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਚਾਰ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਵਿਦੇਸ਼ਾਂ ਵਿੱਚ ਹਨ, ਜਿਨ੍ਹਾਂ ਨੂੰ ਤਫਤੀਸ਼ ਵਿੱਚ ਸ਼ਾਮਲ ਕਰਵਾਉਣ ਤੇ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਕਰਵਾਉਣ ਲਈ ਸਿਟ ਵਲੋਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਬਲੂ ਕਾਰਨਰ ਨੋਟਿਸ ਸਮੇਤ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਨਾਮਜਦ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਫਰਮਾਂ ਦੀਆਂ ਸ਼ੱਕੀ ਵਿੱਤੀ ਲੈਣ-ਦੇਣ ਦੇ ਸੂਤਰ ਸਿਟ ਨੇ ਲੱਭੇ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਦਾ ਇਹ ਮਾਮਲਾ ਹੈ, ਉਸ ਸਮੇਂ ਇਨ੍ਹਾਂ ਫਰਮਾਂ ਵਿੱਚ ਵੱਡੀ ਮਾਤਰਾ ਵਿੱਚ ਕੈਸ਼ ਜਮ੍ਹਾਂ ਹੋਇਆ ਹੈ ਅਤੇ ਬਾਹਰੀ ਮੁਲਕਾਂ ਦੀਆਂ ਕੰਪਨੀਆਂ ਨਾਲ ਵੀ ਟਰਾਂਜੈਕਸ਼ਨਜ ਹੋਈਆਂ ਹਨ। ਇਨਸ ਲੈਣ ਦੇਣ ਬਾਰੇ ਤੇ ਨਗਦੀ ਜਮ੍ਹਾਂ ਹੋਣ ਬਾਰੇ ਸਮੇਤ ਇਨ੍ਹਾਂ ਵਿੱਚ ਵਿਤੀ ਸਰੋਤਾਂ ਵਿੱਚ ਹੋਏ ਇੱਕ-ਦੰਮ ਹੋਏ ਵਾਧੇ ਬਾਰੇ ਵੀ ਸਿਟ ਵਲੋਂ ਸਵਾਲ ਜਵਾਬ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਹੋਰ ਸਵਾਲ ਜਵਾਬ ਕਰਨ ਬਾਰੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ 18 ਮਾਰਚ ਨੂੰ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਹਰੇਕ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਦੀ ਬੜੀ ਸੰਜੀਦਗੀ ਤੇ ਡੁੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਹੈ ਅਤੇ ਇਸ ਕੇਸ ਵਿੱਚ ਵੀ ਸਿਟ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।