ਵਿਭਾਗ ਅਧਿਆਪਕਾਂ ਦਾ ਭੰਬਲਭੂਸਾ ਦੂਰ ਕਰੇ
ਚੰਡੀਗੜ੍ਹ 14 ਜੁਲਾਈ 2024 (ਫਤਿਹ ਪੰਜਾਬ) ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲਾਂ 2008, 2012, 2016, 2021-22 ਵਿੱਚ ਤਰੱਕੀਆਂ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਸੀਨੀਅਰ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਲੈਕਚਰਾਰ ਬਣਾਉਣ ਨੂੰ ਦੇਰੀ ਨਾਲ ਪਰ ਦਰੁਸਤ ਫੈਸਲਾ ਐਲਾਨਦਿਆਂ ਕਿਹਾ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਸਵਾਗਤ ਯੋਗ ਹਨ।
ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਬਾਰੇ ਇੱਕ ਬਿਆਨ ਵਿੱਚ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ ਤਰੱਕੀਆਂ ਤੋਂ ਵਾਂਝੇ ਰਹਿ ਗਏ ਹਜ਼ਾਰਾਂ ਸੀਨੀਅਰ ਅਧਿਆਪਕਾਂ ਵਿੱਚੋਂ ਸਿਰਫ 688 ਅਧਿਆਪਕਾਂ ਨੂੰ ਪੱਤਰ ਨੰਬਰ 709051, ਮਿਤੀ 12/07/2024 ਰਾਹੀਂ ਤਰੱਕੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਮਹੀਨੇ ਜਾਰੀ ਕੀਤੇ ਗਏ ਪੱਤਰ ਅਨੁਸਾਰ ਤਰੱਕੀ ਤੋਂ ਵਾਂਝੇ ਰਹਿ ਗਏ (ਲੈਫਟ ਆਊਟ) ਅਧਿਆਪਕਾਂ ਨੂੰ ਮੌਕਾ ਦਿੰਦਿਆਂ ਆਪਣੀ ਤਰੱਕੀ ਲਈ 19 ਜੂਨ ਤੋਂ 21 ਜੂਨ ਤੱਕ ਕੇਸ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ। ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਆਪਣੇ ਕੇਸ ਦਫ਼ਤਰ ਨੂੰ ਭੇਜੇ ਸਨ, ਪਰ ਫਿਰ ਵੀ ਕੁਝ ਅਧਿਆਪਕ ਆਪਣੇ ਤਰੱਕੀ ਦੇ ਕੇਸ ਭੇਜਣ ਤੋਂ ਰਹਿ ਗਏ ਸਨ ਜਿਸ ਕਰਕੇ ਵਿਭਾਗ ਵੱਲੋਂ ਬਾਕੀ ਰਹਿ ਗਏ ਅਧਿਆਪਕਾਂ ਨੂੰ 22 ਜੁਲਾਈ ਤੱਕ ਕੇਸ ਭੇਜਣ ਦਾ ਇੱਕ ਹੋਰ ਮੌਕਾ ਦਿੱਤਾ ਹੋਇਆ ਹੈ।
ਉੱਨਾਂ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਇਸ ਸਮੇਂ ਦਰਮਿਆਨ ਹੀ ਵਿਭਾਗ ਵੱਲੋਂ ਇੱਕ ਦਮ ਅਚਾਨਕ ਤਰੱਕੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਜਿਸ ਕਰਕੇ ਅਨੇਕਾਂ ਅਧਿਆਪਕ, ਜਿੰਨ੍ਹਾਂ ਨੇ ਕੇਸ ਜਮ੍ਹਾਂ ਕਰਵਾ ਦਿੱਤੇ ਸਨ ਅਤੇ ਸੀਨੀਅਰ ਵੀ ਸਨ, ਫਿਰ ਤੋਂ ਤਰੱਕੀ ਤੋਂ ਵਾਂਝੇ ਰਹਿ ਗਏ ਹਨ। ਇਸ ਤੋਂ ਇਲਾਵਾ ਤਰੱਕੀ ਲਈ ਕੇਸ ਭੇਜਣ ਤੋਂ ਰਹਿ ਗਏ ਅਧਿਆਪਕ ਆਪਣੇ ਤਰੱਕੀ ਦੇ ਕੇਸ ਭੇਜਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਵਿਭਾਗ ਵੱਲੋਂ 12 ਜੁਲਾਈ ਨੂੰ ਤਰੱਕੀ ਕੀਤੇ ਅਧਿਆਪਕਾਂ ਨੂੰ 15 ਜੁਲਾਈ ਤੋਂ ਸਟੇਸ਼ਨ ਚੋਣ ਲਈ ਵੀ ਸੱਦ ਲਿਆ। ਮਗਰੋਂ ਸਟੇਸ਼ਨ ਚੋਣ ਦੇ ਇੰਨ੍ਹਾਂ ਹੁਕਮਾਂ ਉੱਤੇ 14 ਜੁਲਾਈ ਨੂੰ ਬਿਨਾਂ ਕਾਰਣ ਦੱਸੇ ਰੋਕ ਲਗਾ ਦਿੱਤੀ ਹੈ।
12 ਜੁਲਾਈ ਨੂੰ ਜਾਰੀ ਹੋਈ ਤਰੱਕੀ ਸੂਚੀ ਵਿੱਚ ਤਰੱਕੀ ਤੋਂ ਫਿਰ ਵਾਂਝੇ ਰਹਿ ਗਏ ਅਧਿਆਪਕਾਂ ਨਾਲ ਡੀ.ਟੀ.ਐੱਫ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਕਤ ਆਗੂਆਂ ਨੇ ਸਿੱਖਿਆ ਵਿਭਾਗ ਪੰਜਾਬ ਤੋਂ ਮੰਗ ਕੀਤੀ ਹੈ ਕਿ ਵਿਭਾਗ ਵੱਖ ਵੱਖ ਵਿਸ਼ਿਆਂ ਵਿੱਚ ਵੱਖ ਵੱਖ ਸ਼੍ਰੇਣੀਆਂ ਦੇ ਅਧਿਆਪਕਾਂ ਲਈ ਇੱਕ ਸੀਨੀਆਰਤਾ ਸੂਚੀ ਦਾ ਕੱਟ ਆਫ ਨੰਬਰ ਜਾਰੀ ਕਰੇ ਤਾਂ ਜੋ ਉਨ੍ਹਾਂ ਨੂੰ ਸਹੀ ਗਿਆਨ ਹੋ ਸਕੇ ਕਿ ਉਨ੍ਹਾਂ ਦਾ ਕੇਸ ਤਰੱਕੀ ਲਈ ਵਿਚਾਰਣਯੋਗ ਹੈ ਜਾਂ ਨਹੀਂ ਅਤੇ ਅਧਿਆਪਕਾਂ ਦਾ ਭੰਬਲਭੂਸਾ ਦੂਰ ਹੋ ਸਕੇ।