ਪੰਜ ਏਜੰਸੀਆਂ ਵੱਲੋਂ ਭੁੱਲਰ ਵਿਰੁੱਧ ਪੰਜ ਕੇਸ ਦਰਜ, ਆਮਦਨ ਕਰ ਵਿਭਾਗ ਦਾ ਕੇਸ ਜਾਂਚ ਤੋਂ ਬਾਅਦ

ਚੰਡੀਗੜ੍ਹ, 12 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁਅੱਤਲ ਕੀਤੇ ਰੋਪੜ ਰੇਂਜ ਪੰਜਾਬ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਤਹਿਤ ਰਸਮੀ ਤੌਰ ‘ਤੇ ਕੇਸ ਦਰਜ ਕਰ ਲਿਆ ਹੈ ਜਿਸ ਨਾਲ ਹਾਈ-ਪ੍ਰੋਫਾਈਲ ਭ੍ਰਿਸ਼ਟਾਚਾਰ ਘੁਟਾਲੇ ਦੀ ਜਾਂਚ ਹੋਰ ਤੇਜ਼ ਹੋ ਗਈ ਹੈ ਜਿਸਨੇ ਪਹਿਲਾਂ ਹੀ ਰਾਜ ਦੀ ਨੌਕਰਸ਼ਾਹੀ, ਨਿਆਂਪਾਲਿਕਾ ਅਤੇ ਰਾਜਨੀਤਿਕ ਹਲਕਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਈਡੀ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਸਾਰੇ ਵਿੱਤੀ ਅਤੇ ਡਿਜੀਟਲ ਸਬੂਤ ਪ੍ਰਾਪਤ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਹੈ ਜਿਸਨੇ ਅਕਤੂਬਰ ਮਹੀਨੇ ਭੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ।

ਬੈਂਕਾਂ ਨੂੰ ਭੁੱਲਰ ਤੇ ਪਰਿਵਾਰ ਦੇ ਖਾਤੇ ਫ੍ਰੀਜ਼ ਕਰਨ ਲਈ ਕਿਹਾ
ਮੁਕੱਦਮਾ ਦਰਜ ਹੋਣ ਤੋਂ ਬਾਅਦ ਈਡੀ ਨੇ ਕਈ ਬੈਂਕਾਂ ਨੂੰ ਪੱਤਰ ਲਿਖ ਕੇ ਭੁੱਲਰ, ਉਸਦੀ ਪਤਨੀ, ਬੱਚਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੁਆਰਾ ਪਿਛਲੇ ਸਮੇਂ ਦੌਰਾਨ ਕੀਤੇ ਗਏ ਲੈਣ-ਦੇਣ ਦੇ ਪੂਰੇ ਰਿਕਾਰਡ ਦੀ ਮੰਗ ਕੀਤੀ ਹੈ। ਏਜੰਸੀ ਨੇ ਬੈਂਕ ਸਟੇਟਮੈਂਟਾਂ, ਕੇਵਾਈਸੀ ਦਸਤਾਵੇਜ਼, ਲਾਕਰ ਇਨਵੈਂਟਰੀਆਂ ਅਤੇ ਫੰਡ ਟ੍ਰਾਂਸਫਰ ਦੇ ਵੇਰਵਿਆਂ ਦੀ ਮੰਗ ਵੀ ਕੀਤੀ ਹੈ ਜਿਸ ਵਿੱਚ ਬਾਹਰ ਪੈਸੇ ਭੇਜਣ, ਜਮ੍ਹਾਂ ਰਕਮਾਂ, ਫਿਕਸਡ-ਡਿਪਾਜ਼ਿਟ ਰਾਸ਼ੀ ਅਤੇ ਸ਼ੱਕੀ ਫਰਮਾਂ ਨਾਲ ਜੁੜੇ ਨਿਵੇਸ਼ ਸ਼ਾਮਲ ਹਨ ਜਿਨ੍ਹਾਂ ਵਿੱਚ ਪਰਿਵਾਰ ਦੀ ਅਸਿੱਧੀ ਹਿੱਸੇਦਾਰੀ ਹੋਣ ਦਾ ਸ਼ੱਕ ਹੈ।
ਸੂਤਰਾਂ ਮੁਤਾਬਿਕ ਕਈ ਬੈਂਕ ਖਾਤਿਆਂ ਨੂੰ ਪਹਿਲਾਂ ਹੀ ਅਸਾਧਾਰਨ ਨਕਦ ਜਮ੍ਹਾਂ ਰਕਮਾਂ, ਢਾਂਚਾਗਤ ਨਿਕਾਸੀ ਅਤੇ ਲੇਅਰਿੰਗ ਪੈਟਰਨਾਂ ਲਈ ਫ੍ਰੀਜ ਕਰਕੇ ਸੂਚੀਬੱਧ ਕਰ ਦਿੱਤਾ ਸੀ ਜੋ ਗੈਰ-ਕਾਨੂੰਨੀ ਕਮਾਈ ਦੀ ਸੰਭਾਵਿਤ ਲਾਂਡਰਿੰਗ ਨੂੰ ਦਰਸਾਉਂਦੇ ਹਨ। ਏਜੰਸੀ ਡੀਮੈਟ ਹੋਲਡਿੰਗਜ਼, ਮਿਉਚੁਅਲ ਫੰਡ, ਬੀਮਾ ਬਾਂਡ ਅਤੇ ਕਰਜ਼ੇ ਵਾਲੇ ਖਾਤਿਆਂ ਦਾ ਵੀ ਵਿਸ਼ਲੇਸ਼ਣ ਕਰ ਰਹੀ ਹੈ ਜੋ ਕਥਿਤ ਤੌਰ ‘ਤੇ ਫੰਡਾਂ ਦੇ ਸਰੋਤ ਨੂੰ ਛੁਪਾਉਣ ਲਈ ਵਰਤੇ ਜਾਂਦੇ ਹਨ।

ਵਿਦੇਸ਼ ਪੈਸੇ ਭੇਜਣਾ ਜਾਂਚ ਅਧੀਨ
ਈਡੀ ਦੀ ਜਾਂਚ ਦਾ ਇੱਕ ਮੁੱਖ ਕੇਂਦਰ ਭੁੱਲਰ ਦਾ ਵਿਦੇਸ਼ੀ ਰੀਅਲ ਅਸਟੇਟ, ਹੋਟਲਾਂ ਅਤੇ ਵਪਾਰਕ ਕਾਰੋਬਾਰਾਂ ਵਿੱਚ ਸ਼ੱਕੀ ਨਿਵੇਸ਼ ਹੈ। ਸੀਬੀਆਈ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਅੱਤਲ ਡੀਆਈਜੀ ਨੇ ਦੁਬਈ ਅਤੇ ਕੈਨੇਡਾ ਵਿੱਚ ਜਾਇਦਾਦਾਂ ਖਰੀਦਣ ਲਈ ਗੈਰ-ਕਾਨੂੰਨੀ ਕਮਾਈ ਨੂੰ ਬਾਹਰ ਭੇਜਿਆ ਜਿਸ ਵਿੱਚ ਕਥਿਤ ਤੌਰ ‘ਤੇ ਉਸਦੇ ਯੂਏਈ ਵਿੱਚ ਰਹਿੰਦੇ ਭਤੀਜੇ ਵੱਲੋਂ ਕਿਰਾਏ ‘ਤੇ ਲੈ ਕੇ ਚਲਾਏ ਜਾ ਰਹੇ ਦੁਬਈ ਵਿੱਚ ਹੋਟਲ ਵੀ ਸ਼ਾਮਲ ਹਨ।
ਈਡੀ ਹੁਣ ਵਾਇਰ ਟ੍ਰਾਂਸਫਰ, ਹਵਾਲਾ ਰੂਟ, ਵਿਦੇਸ਼ਾਂ ਵਿੱਚ ਸ਼ੈੱਲ ਕੰਪਨੀਆਂ ਅਤੇ ਵਿਦੇਸ਼ਾਂ ਵਿੱਚ ਖਰੀਦੀਆਂ ਜਾਇਦਾਦਾਂ ਨੂੰ ਘੋਖਣ ਲਈ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਯੂਏਈ ਅਤੇ ਕੈਨੇਡਾ ਮੁਲਕਾਂ ਨਾਲ ਭਾਰਤ ਦੀ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐਮਐਲਏਟੀ) ਢਾਂਚੇ ਦੇ ਤਹਿਤ ਜਾਣਕਾਰੀ ਲਈ ਪੱਤਰ ਵੀ ਤਿਆਰ ਕੀਤੇ ਗਏ ਦੱਸੇ ਜਾ ਰਹੇ ਹਨ।

ਵਿਦੇਸ਼ੀ ਦੌਰਿਆਂ ਤੇ ਵਾਧੂ ਖਰਚਿਆਂ ਦੀ ਜਾਂਚ
ਸੂਤਰਾਂ ਅਨੁਸਾਰ ਈਡੀ ਨੇ ਪਿਛਲੇ ਕਈ ਸਾਲਾਂ ਦੌਰਾਨ ਭੁੱਲਰ ਅਤੇ ਉਸਦੇ ਪਰਿਵਾਰ ਵੱਲੋਂ ਕੀਤੇ ਗਏ ਦਰਜਨਾਂ ਵਿਦੇਸ਼ੀ ਦੌਰਿਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਯਾਤਰਾ ਰਿਕਾਰਡ ਮੁਤਾਬਿਕ ਯੂਏਈ, ਯੂਕੇ, ਥਾਈਲੈਂਡ, ਇਟਲੀ, ਆਸਟ੍ਰੇਲੀਆ ਅਤੇ ਕੈਨੇਡਾ ਦੇ ਦੌਰਿਆਂ ਬਾਰੇ ਮੰਨਣਾ ਹੈ ਕਿ ਇਹ ਫੇਰੀਆਂ ਵਿੱਤੀ ਲੈਣ-ਦੇਣ, ਜਾਇਦਾਦ ਦੀ ਭਾਲ ਕਰਨ ਜਾਂ ਵਿਦੇਸ਼ੀ ਸਹਿਯੋਗੀਆਂ ਨਾਲ ਮੀਟਿੰਗਾਂ ਸਬੰਧੀ ਜੁੜੇ ਹੋਏ ਸਨ।
ਏਜੰਸੀ ਇਸ ਗੱਲ ਦੀ ਵੀ ਪੁਸ਼ਟੀ ਕਰ ਰਹੀ ਹੈ ਕਿ ਕੀ ਇਹਨਾਂ ਯਾਤਰਾਵਾਂ ਦੌਰਾਨ ਹੋਏ ਖਰਚੇ ਅਣਦੱਸੇ ਖਾਤਿਆਂ ਰਾਹੀਂ ਅਦਾ ਕੀਤੇ ਗਏ ਸਨ ਜਾਂ ਮਨੀ ਲਾਂਡਰਿੰਗ ਤਹਿਤ ਅਤੇ ਕੀ ਭੁੱਲਰ ਨੇ ਵਿਦੇਸ਼ੀ ਦੌਰਿਆਂ ਮੌਕੇ ਬਾਹਰ ਫੰਡ ਭੇਜਣ ਜਾਂ ਵਿਦੇਸ਼ਾਂ ਵਿੱਚ ਜਾਇਦਾਦ ਸਮਝੌਤਿਆਂ ‘ਤੇ ਦਸਤਖਤ ਕਰਨ ਲਈ ਕਵਰ ਵਜੋਂ ਵਰਤਿਆ ਸੀ।

ਸੀਬੀਆਈ ਦੇ ਸਬੂਤਾਂ ਪਿੱਛੋਂ ਈਡੀ ਦੀ ਚੱਲੀ ਜਾਂਚ
ਈਡੀ ਨੇ ਇਹ ਕੇਸ ਸੀਬੀਆਈ ਦੁਆਰਾ ਚੰਡੀਗੜ੍ਹ, ਸਮਰਾਲਾ ਅਤੇ ਮਾਛੀਵਾੜਾ ਵਿੱਚ ਭੁੱਲਰ ਦੇ ਨਿਵਾਸ ਸਥਾਨਾਂ ਤੇ ਫਾਰਮਾਂ ‘ਤੇ ਛਾਪੇਮਾਰੀ ਦੌਰਾਨ ਇਕੱਠੀ ਕੀਤੀ ਗਈ ਸਮੱਗਰੀ ਦੇ ਆਧਾਰ ‘ਤੇ ਬਣਾਇਆ ਗਿਆ ਹੈ, ਕਿਉਂਕਿ ਸੀਬੀਆਈ ਅਧਿਕਾਰੀਆਂ ਨੇ ਭੁੱਲਰ ਦੇ ਘਰੋਂ 7.36 ਕਰੋੜ ਰੁਪਏ ਨਕਦ, 2.25 ਕਿਲੋ ਸੋਨਾ, 26 ਲਗਜ਼ਰੀ ਘੜੀਆਂ, ਚਾਰ ਹਥਿਆਰ, ਵਿਦੇਸ਼ੀ ਸ਼ਰਾਬ ਦੀਆਂ 100 ਬੋਤਲਾਂ, ਵਿਦੇਸ਼ੀ ਮੁਦਰਾ ਅਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਭੁੱਲਰ ਦੇ ਫੋਨਾਂ ਵਿਚੋਂ ਮਿਲੇ ਡਿਜੀਟਲ ਡੇਟਾ ਨੇ ਬੇਹਿਸਾਬ ਵਿਦੇਸ਼ੀ ਨਿਵੇਸ਼ਾਂ ਨੂੰ ਦਰਸਾਉਂਦੀਆਂ ਚੈਟਾਂ ਅਤੇ ਲੈਣ-ਦੇਣ ਦਾ ਵੀ ਭੇਤ ਖੋਲ੍ਹਿਆ ਹੈ।
ਜਾਂਚਕਰਤਾ ਪਟਿਆਲਾ, ਲੁਧਿਆਣਾ ਅਤੇ ਮੋਹਾਲੀ ਜ਼ਿਲਿਆਂ ਵਿੱਚ ਸਥਿਤ ਜਾਇਦਾਦ ਡੀਲਰਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਨ ਜਿਨ੍ਹਾਂ ਨੇ ਕਥਿਤ ਤੌਰ ‘ਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਮ ਹੇਠ ਰਿਸ਼ਵਤ ਦੇ ਪੈਸੇ ਨੂੰ ਜ਼ਮੀਨੀ ਸੌਦਿਆਂ ਵਿੱਚ ਬਦਲਣ ਲਈ ਮੱਦਦਗਾਰ ਵਜੋਂ ਕੰਮ ਕੀਤਾ।

ਵਿੱਤੀ ਅਪਰਾਧ ਦਾ ਇੱਕ ਵੱਡਾ ਜਾਲ
ਭੁੱਲਰ ਹੁਣ ਤੱਕ ਪੰਜ ਵੱਖ-ਵੱਖ ਏਜੰਸੀਆਂ – ਸੀਬੀਆਈ, ਈਡੀ, ਆਮਦਨ ਕਰ ਵਿਭਾਗ, ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਉਸ ‘ਤੇ ਪਹਿਲਾਂ ਹੀ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦੋ ਕੇਸ, ਪੰਜਾਬ ਆਬਕਾਰੀ ਕਾਨੂੰਨ ਹੇਠ ਇੱਕ ਅਤੇ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦਾ ਇੱਕ ਮੁਕੱਦਮਾ ਦਰਜ ਹੋ ਚੁੱਕੇ ਹਨ। ਈਡੀ ਦੇ ਦਖਲ ਦੇ ਨਾਲ, ਪੰਜਵਾਂ ਮਾਮਲਾ ਮਨੀ-ਲਾਂਡਰਿੰਗ ਦਾ ਹੈ ਜਿਸ ਨਾਲ ਜਾਇਦਾਦਾਂ ਦੀ ਕੁਰਕੀ, ਬੈਂਕ ਖਾਤਿਆਂ ਨੂੰ ਜ਼ਬਤ ਕਰਨਾ ਅਤੇ ਗੈਰ-ਕਾਨੂੰਨੀ ਫੰਡਾਂ ਨੂੰ ਬਾਹਰ ਭੇਜਣ ਵਿੱਚ ਮਦਦ ਕਰਨ ਵਾਲੇ ਸਾਥੀਆਂ ‘ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਈਡੀ ਭੁੱਲਰ ਨਾਲ ਜੁੜੀਆਂ ਘਰੇਲੂ ਅਤੇ ਵਿਦੇਸ਼ੀ ਜਾਇਦਾਦਾਂ ਦੀ ਪਛਾਣ ਕਰਨ, ਫ੍ਰੀਜ਼ ਕਰਨ ਅਤੇ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਵਿੱਚ ਵਾਹੀਯੋਗ ਜ਼ਮੀਨਾਂ, ਫਾਰਮ ਹਾਊਸ, ਲਗਜ਼ਰੀ ਮਕਾਨ, ਵਪਾਰਕ ਪਲਾਟ, ਵਿਦੇਸ਼ੀ ਜਾਇਦਾਦਾਂ ਅਤੇ ਵਿਦੇਸ਼ਾਂ ਵਿਚਲੇ ਹੋਟਲਾਂ ਵਿੱਚ ਹਿੱਸੇਦਾਰੀ ਸ਼ਾਮਲ ਹੋ ਸਕਦੀ ਹੈ।

ਆਮਦਨ ਕਰ ਵਿਭਾਗ ਵੱਲੋਂ ਜਾਂਚ ਜਾਰੀ
ਸੀਬੀਆਈ ਵੱਲੋਂ ਛਾਪੇਮਾਰੀ ਦੌਰਾਨ ਕੀਤੀ ਗਈ ਵੱਡੀ ਬਰਾਮਦਗੀ ਦੇ ਵੇਰਵੇ ਸਾਂਝੇ ਕਰਨ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਭੁੱਲਰ ਦੇ ਵਿੱਤੀ ਮਾਮਲਿਆਂ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਵਿਭਾਗ ਉਸਦੀ ਅਣਐਲਾਨੀ ਆਮਦਨ, ਝੂਠੇ ਖੁਲਾਸੇ ਅਤੇ ਅਣ-ਐਲਾਨੀ ਨਕਦੀ ਜਮ੍ਹਾਂ ਰਾਸ਼ੀ, ਖਾਸ ਕਰਕੇ ਉਸਦੇ ਚੰਡੀਗੜ੍ਹ ਘਰ ਤੋਂ ਬਰਾਮਦ ਕੀਤੇ 7.36 ਕਰੋੜ ਰੁਪਏ, 2.5 ਕਿਲੋ ਸੋਨਾ, ਵਿਦੇਸ਼ੀ ਮੁਦਰਾ ਅਤੇ ਲਗਜ਼ਰੀ ਵਸਤੂਆਂ ਦੀ ਜਾਂਚ ਕਰ ਰਿਹਾ ਹੈ। ਆਈਟੀ ਜਾਂਚ ਇਸ ਗੱਲ ‘ਤੇ ਕੇਂਦ੍ਰਿਤ ਹੋਣ ਦੀ ਉਮੀਦ ਹੈ ਕਿ ਕੀ ਭੁੱਲਰ ਨੇ ਜਨਤਕ ਸੇਵਕ ਵਜੋਂ ਸੇਵਾ ਕਰਦੇ ਹੋਏ ਜਾਣਬੁੱਝ ਕੇ ਆਪਣੀ ਆਮਦਨ ਨੂੰ ਘੱਟ ਦੱਸਿਆ ਅਤੇ ਪਰਿਵਾਰਕ ਮੈਂਬਰਾਂ, ਸ਼ੈੱਲ ਸੰਸਥਾਵਾਂ ਅਤੇ ਜਾਇਦਾਦ ਡੀਲਰਾਂ ਰਾਹੀਂ ਨਾਜਾਇਜ਼ ਕਮਾਈ ਕੀਤੀ। ਮੁਲਾਂਕਣ ਅਧਿਕਾਰੀਆਂ ਨੇ ਪਹਿਲਾਂ ਹੀ ਸੀਬੀਆਈ ਦੁਆਰਾ ਪ੍ਰਦਾਨ ਕੀਤੇ ਗਏ ਵਿੱਤੀ ਡੇਟਾ ਨਾਲ ਉਸਦੀਆਂ ਆਮਦਨ ਕਰ ਰਿਟਰਨਾਂ ਦਾ ਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਕਈ ਐਂਟਰੀਆਂ ਉਸਦੀ ਐਲਾਨੀ ਕਮਾਈ ਅਤੇ ਅਸਲ ਜਾਇਦਾਦਾਂ ਵਿਚਕਾਰ ਮੇਲ ਨਹੀਂ ਖਾਂਦੀਆਂ ਜਿਸ ਕਰਕੇ ਟੈਕਸ ਚੋਰੀ, ਟੈਕਸ ਜਾਣਬੁੱਝ ਕੇ ਛੁਪਾਉਣ ਅਤੇ ਅਣ-ਐਲਾਨੇ ਨਿਵੇਸ਼ਾਂ ਲਈ ਆਮਦਨ ਕਰ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਉਣ ਦਾ ਰਾਹ ਖੁੱਲ੍ਹਦਾ ਹੈ।

ਪੰਜਾਬ ਦੀ ਸਭ ਤੋਂ ਵੱਡੀ ਭ੍ਰਿਸ਼ਟਾਚਾਰ ਜਾਂਚਾਂ ਵਿੱਚੋਂ ਇੱਕ
ਵਿੱਤੀ ਨਿਵੇਸ਼ ਹੁਣ ਸਰਹੱਦਾਂ ਤੋਂ ਪਾਰ ਫੈਲਣ ਕਰਕੇ ਭੁੱਲਰ ਖਿਲਾਫ ਚੱਲ ਰਹੀ ਜਾਂਚ ਪੰਜਾਬ ਦੇ ਪ੍ਰਸ਼ਾਸਕੀ ਇਤਿਹਾਸ ਵਿੱਚ ਸਭ ਤੋਂ ਵੱਧ ਫੈਲੇ ਭ੍ਰਿਸ਼ਟਾਚਾਰ ਅਤੇ ਮਨੀ-ਲਾਂਡਰਿੰਗ ਮਾਮਲਿਆਂ ਵਿੱਚੋਂ ਇੱਕ ਬਣ ਗਈ ਹੈ ਜਿਸ ਵਿੱਚ ਜੱਜਾਂ, ਸੀਨੀਅਰ ਨੌਕਰਸ਼ਾਹਾਂ, ਪ੍ਰਾਪਰਟੀ ਡੀਲਰਾਂ ਤੋਂ ਇਲਾਵਾ ਵਿਦੇਸ਼ੀ ਲਿੰਕ ਵੀ ਸ਼ਾਮਲ ਹਨ। ਈਡੀ ਦਾ ਅਗਲਾ ਕਦਮ ਭੁੱਲਰ ਦੇ ਪਰਿਵਾਰਕ ਮੈਂਬਰਾਂ, ਨਜ਼ਦੀਕੀ ਕਾਰੋਬਾਰੀ ਸਹਿਯੋਗੀਆਂ ਅਤੇ ਰੀਅਲ-ਐਸਟੇਟ ਵਿਚੋਲਿਆਂ ਨੂੰ ਪੁੱਛਗਿੱਛ ਲਈ ਤਲਬ ਕਰਨਾ ਹੋਵੇਗਾ ਕਿਉਂਕਿ ਇਹਨਾਂ ਤੋਂ ਮੁਅੱਤਲ ਡੀਆਈਜੀ ਦੇ ਲੁਕਵੇਂ ਸਾਮਰਾਜ ਦੇ ਪੂਰੇ ਵੇਰਵਿਆਂ ਨੂੰ ਇਕੱਠਾ ਕਰਨ ਵਿੱਚ ਮੱਦਦ ਮਿਲੇਗੀ।

error: Content is protected !!