ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ – ਦਸੰਬਰ ‘ਚ ਪੈਣਗੀਆਂ ਵੋਟਾਂ
ਚੋਣ ਕਮਿਸ਼ਨਰ ਤੋਂ ਚੋਣ ਪ੍ਰੋਗਰਾਮ ਦੀ ਉਡੀਕ
ਚੰਡੀਗੜ੍ਹ, 23 ਨਵੰਬਰ 2024 (ਫਤਿਹ ਪੰਜਾਬ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪੰਜਾਬ ਸਰਕਾਰ ਵਲੋਂ 25 ਨਵੰਬਰ ਤੋਂ ਪਹਿਲਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਰਵਾਏ ਜਾਣ ਸੰਬੰਧੀ ਦਿੱਤੇ ਹਲਫ਼ਨਾਮੇ ਤੋਂ ਬਾਅਦ ਵਿਭਾਗ ਨੇ 9 ਨਗਰ ਨਿਗਮਾਂ, 19 ਜ਼ਿਲਿਆਂ ਵਿੱਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਪਿੱਛੋਂ ਹੁਣ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਚੋਣ ਪ੍ਰੋਗਰਾਮ ਤੇ ਸਮਾਂ-ਸਾਰਣੀ ਆਉਣ ਵਾਲੇ ਦਿਨਾਂ ‘ਚ ਜਾਰੀ ਕਰ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਮੁਤਾਬਕ ਦਸੰਬਰ, 2024 ਦੇ ਅੰਤ ਤੱਕ ਆਮ ਚੋਣਾਂ ਅਤੇ ਜ਼ਿਮਨੀ ਚੋਣਾਂ ਮੁਕੰਮਲ ਹੋਣਗੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਚੋਣਾਂ ਨੂੰ ਕਰਵਾਏ ਜਾਣ ਸੰਬੰਧੀ ਖਿੱਚੋਤਾਣ ਚੱਲ ਰਹੀ ਸੀ, ਜਿਸ ਤੋਂ ਬਾਅਦ ਮਾਮਲਾ ਅਦਾਲਤ ਵਿਚ ਚਲਾ ਗਿਆ ਅਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਚੋਣਾਂ ਕਰਵਾਉਣ ਲਈ ਹੁਕਮ ਦਿਤੇ ਸਨ।
ਇਹ ਚੋਣਾਂ ਪੁਰਾਣੀਆਂ ਵਾਰਡ ਬੰਦੀਆਂ ਦੇ ਆਧਾਰ ‘ਤੇ ਹੀ ਹੋਣ ਦੀ ਉਮੀਦ ਹੈ ਕਿਉਂਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰੀ ਤੰਤਰ ਲਈ ਇਕ ਮਹੀਨੇ ਦੇ ਅੰਦਰ-ਅੰਦਰ ਨਵੀਂ ਵਾਰਡਬੰਦੀ ਤਹਿਤ ਇੰਤਜ਼ਾਮ ਕਰਨਾ ਸੰਭਵ ਨਹੀਂ ਜਾਪਦਾ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 5 ਨਗਰ ਨਿਗਮਾਂ – ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ‘ਚ ਨਿਗਮ ਦੀਆਂ ਆਮ ਚੋਣਾਂ ਹੋਣਗੀਆਂ ਜਦੋਂਕਿ ਬਠਿੰਡਾ, ਬਟਾਲਾ, ਹੁਸ਼ਿਆਰਪੁਰ ਤੇ ਅਬੋਹਰ ‘ਚ ਨਗਰ ਨਿਗਮ ਦੀਆਂ ਖਾਲੀ ਸੀਟਾਂ ਉੱਪਰ ਜ਼ਿਮਨੀ ਚੋਣਾਂ ਹੋਣਗੀਆਂ।
ਜਿਨ੍ਹਾਂ 19 ਜ਼ਿਲਿਆਂ ‘ਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਜਾ ਸਾਂਸੀ, ਬਾਬਾ ਬਕਾਲਾ ਸਾਹਿਬ, ਡੇਰਾ ਬਾਬਾ ਨਾਨਕ, ਨਰੋਟ ਜੈਮਲ ਸਿੰਘ, ਖੇਮਕਰਨ, ਤਰਨਤਾਰਨ, ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ, ਮਾਨਸਾ ਜ਼ਿਲ੍ਹੇ ਵਿੱਚ ਭੀਖੀ, ਸਰਦੂਲਗੜ੍ਹ, ਮੁਕਤਸਰ ਸਾਹਿਬ ਜਿਲ੍ਹੇ ਵਿੱਚ ਬਰੀਵਾਲਾ, ਮੱਖੂ, ਮੱਲਾਂਵਾਲਾ ਖਾਸ, ਮੋਗਾ ਜ਼ਿਲ੍ਹੇ ਵਿੱਚ ਬਾਘਾ ਪੁਰਾਣਾ, ਧਰਮਕੋਟ, ਫਤਿਹਗੜ੍ਹ ਪੰਜਤੂਰ, ਹੁਸ਼ਿਆਰਪੁਰ ਜਿਲ੍ਹੇ ਵਿੱਚ ਮਾਹਿਲਪੁਰ, ਤਲਵਾੜਾ, ਭੋਗਪੁਰ, ਜਲੰਧਰ ਜਿਲ੍ਹੇ ਵਿੱਚ ਗੁਰਾਇਆ, ਸ਼ਾਹਕੋਟ, ਬਿਲਗਾ, ਕਪੂਰਥਲਾ ਜ਼ਿਲ੍ਹੇ ਵਿੱਚ ਬੇਗੋਵਾਲ, ਭੁਲੱਥ, ਢਿੱਲਵਾਂ, ਨਡਾਲਾ, ਨਵਾਂਸ਼ਹਿਰ ਜਿਲ੍ਹੇ ਵਿੱਚ ਬਲਾਚੌਰ, ਫਤਹਿਗੜ੍ਹ ਸਾਹਿਬ ਜਿਲ੍ਹੇ ਵਿੱਚ ਅਮਲੋਹ, ਲੁਧਿਆਣਾ ਜਿਲ੍ਹੇ ਵਿੱਚ ਮੁੱਲਾਂਪੁਰ ਦਾਖਾ, ਸਾਹਨੇਵਾਲ, ਮਾਛੀਵਾੜਾ, ਮਲੌਦ ਜਦਕਿ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ ਤੇ ਘੱਗਾ ਆਦਿ ਸ਼ਾਮਿਲ ਹਨ।
14 ਜ਼ਿਲਿਆਂ ‘ਚ ਜਿੰਨਾ ਸੀਟਾਂ ‘ਤੇ ਨਗਰ ਪੰਚਾਇਤਾਂ ਲਈ ਖਾਲੀ ਸੀਟਾਂ ਉੱਪਰ ਜ਼ਿਮਨੀ ਚੋਣਾਂ ਹੋਣੀਆਂ ਹਨ ਉਨਾ ਵਿੱਚ ਮਜੀਠਾ, ਰਈਆ, ਅਜਨਾਲਾ, ਗੁਰਦਾਸਪੁਰ, ਭਿੱਖੀਵਿੰਡ, ਗੋਨਿਆਣਾ, ਮੌੜ, ਭਾਈ ਰੂਪਾ, ਕੋਠਾ ਗੁਰੂ, ਮਹਿਰਾਜ, ਨਥਾਣਾ, ਲਹਿਰਾ ਮੁਹੱਬਤ, ਮਲੋਟ, ਕੋਟਕਪੂਰਾ, ਗੁਰੂ ਹਰ ਸਹਾਏ, ਫਿਰੋਜ਼ਪੁਰ, ਮਮਦੋਟ, ਹਰਿਆਣਾ, ਉੜਮੁੜ ਟਾਂਡਾ, ਮਹਿਤਪੁਰ, ਫਿਲੌਰ, ਗੋਬਿੰਦਗੜ੍ਹ, ਬੱਸੀ ਪਠਾਣਾ, ਖੰਨਾ, ਸਮਰਾਲਾ, ਮੋਰਿੰਡਾ, ਧਨੌਲਾ, ਰਾਜਪੁਰਾ, ਸਮਾਣਾ, ਪਾਤੜਾਂ , ਨਾਭਾ, ਸੁਨਾਮ, ਧੂਰੀ, ਖਰੜ, ਬਨੂੜ, ਨਿਆਂਗਾਓਂ ਤੇ ਮਲੇਰਕੋਟਲਾ ਸ਼ਾਮਿਲ ਹਨ।