ਚੰਡੀਗੜ੍ਹ, 23 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 16 ਸਾਲ ਪੁਰਾਣੇ ਕਾਨੂੰਨੀ ਮੁਕੱਦਮੇ ਦਾ ਨਿਪਟਾਰਾ ਕਰਦਿਆਂ ਕਿਹਾ ਹੈ ਕਿ ਭਾਵੇਂ ਕੋਈ ਵਿਅਕਤੀ ਸੁਰੱਖਿਅਤ ਜੰਗਲ ਵਜੋਂ ਐਲਾਨੀ ਜ਼ਮੀਨ ਦੇ ਕਾਨੂੰਨੀ ਮਾਲਕ ਹੀ ਕਿਉਂ ਨਾ ਹੋਣ, ਪਰ ਉਹ ਵਾਤਾਵਰਣ ਦੀਆਂ ਚਿੰਤਾਵਾਂ ਅਤੇ ਕਾਨੂੰਨੀ ਪਾਬੰਦੀਆਂ ਨੂੰ ਅਣਡਿੱਠ ਕਰਕੇ ਉਸ ਜ਼ਮੀਨ ਵਿੱਚੋਂ ਦਰੱਖਤ ਨਹੀਂ ਕੱਟ ਸਕਦੇ। ਵਾਤਾਵਰਣ ਸੁਰੱਖਿਆ ਕਾਨੂੰਨਾਂ ਖਾਸ ਤੌਰ ‘ਤੇ ਭਾਰਤੀ ਜੰਗਲਾਤ ਕਾਨੂੰਨ, 1927 ਦੀ ਧਾਰਾ 35, ਅਤੇ ਜੰਗਲਾਤ (ਸੰਭਾਲ) ਕਾਨੂੰਨ, 1980 ਦੀ ਧਾਰਾ 2 ਦੀ ਪ੍ਰਮੁੱਖਤਾ ਨੂੰ ਦੇਖਦਿਆਂ ਉੱਚ ਅਦਾਲਤ ਦਾ ਇਹ ਫੈਸਲਾ ਮਹੱਤਵਪੂਰਨ ਹੈ।
ਇਹ ਮੁਕੱਦਮਾ ਸਾਲ 2008 ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਮੁਦਈ, ਜੋ ਕਿ ਸੁਰੱਖਿਅਤ ਜੰਗਲ ਵਜੋਂ ਨਿਸ਼ਾਨਦੇਹੀ ਕੀਤੀ ਜ਼ਮੀਨ ਦੇ ਮਾਲਕ ਸਨ, ਨੇ ਜੰਗਲਾਤ ਅਧਿਕਾਰੀਆਂ ਵੱਲੋਂ ਉਸਦੀ ਜ਼ਮੀਨ ਵਿੱਚ ਖੜੇ ਸਫੈਦੇ ਦੇ ਰੁੱਖਾਂ ਨੂੰ ਕੱਟਣ ਤੋਂ ਰੋਕਣ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ। ਹੇਠਲੀ ਅਦਾਲਤ ਨੇ ਉਨ੍ਹਾਂ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ, ਅਤੇ ਬਾਅਦ ਵਿੱਚ ਪਹਿਲੀ ਅਪੀਲੀ ਅਦਾਲਤ ਨੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ। ਫਿਰ ਮੁਦਈਆਂ ਨੇ ਉਸ ਫੈਸਲੇ ਚੁਣੌਤੀ ਦਿੰਦੇ ਹੋਏ ਨਿਯਮਤ ਦੂਜੀ ਅਪੀਲ ਰਾਹੀਂ ਹਾਈ ਕੋਰਟ ਤੱਕ ਪਹੁੰਚ ਕੀਤੀ।
ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਨੂੰ ਬਰਕਰਾਰ ਰੱਖਦੇ ਹੋਏ, ਜਸਟਿਸ ਸੁਰੇਸ਼ਵਰ ਠਾਕੁਰ ਅਤੇ ਜਸਟਿਸ ਸੁਦੀਪਤੀ ਸ਼ਰਮਾ ਦੀ ਡਿਵੀਜ਼ਨ ਬੈਂਚ ਨੇ ਫੈਸਲਾ ਸੁਣਾਇਆ ਕਿ ਭਾਵੇਂ ਇਹ ਮੰਨ ਲਿਆ ਜਾਵੇ ਕਿ ਉਹ ਮੁਕੱਦਮੇ ਵਾਲੀ ਜ਼ਮੀਨ ਦੇ ਮਾਲਕ ਹਨ ਤਾਂ ਵੀ ਮੁਦਈਆਂ ਨੂੰ ਉੱਥੋਂ ਦਰੱਖਤ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਨਾਲ ਵਾਤਾਵਰਣ ਅਤੇ ਇਸਦੀ ਸੰਭਾਲ ‘ਤੇ ਮਾੜਾ ਪ੍ਰਭਾਵ ਪਵੇਗਾ।
ਬੈਂਚ ਦੇ ਸਾਹਮਣੇ ਮਹੱਤਵਪੂਰਨ ਕਾਨੂੰਨੀ ਸਵਾਲ ਇਹ ਸੀ ਕਿ ਕੀ ਵਣ ਕਾਨੂੰਨ, 1927 ਦੀ ਧਾਰਾ 35, ਅਤੇ ਜੰਗਲਾਤ (ਸੰਭਾਲ) ਕਾਨੂੰਨ, 1980 ਦੀ ਧਾਰਾ 2 ਅਨੁਸਾਰ ਕੀ ਮੁਦਈ ਦੀ ਜ਼ਮੀਨ ‘ਤੇ ਖੜੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ?
ਅਦਾਲਤ ਨੇ ਸਪੱਸ਼ਟ ਕੀਤਾ ਕਿ ਭਾਰਤੀ ਜੰਗਲਾਤ ਕਾਨੂੰਨ ਦੀ ਧਾਰਾ 35 ਤਹਿਤ ਕਿਸੇ ਖੇਤਰ ਨੂੰ ਜੰਗਲ ਐਲਾਨੇ ਜਾਣ ਤੋਂ ਬਾਅਦ ਦਰੱਖਤਾਂ ਦੀ ਕਟਾਈ ‘ਤੇ ਪਾਬੰਦੀਆਂ ਲਾਗੂ ਰਹਿੰਦੀਆਂ ਹਨ, ਜਦੋਂ ਤੱਕ ਜੰਗਲਾਤ (ਸੰਭਾਲ) ਕਾਨੂੰਨ ਦੀ ਧਾਰਾ 2 ਦੇ ਤਹਿਤ ਡੀ-ਰਿਜ਼ਰਵੇਸ਼ਨ ਦੀ ਇਜਾਜ਼ਤ ਦੇਣ ਵਾਲਾ ਇੱਕ ਤਾਜ਼ਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ। ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਾਤਾਵਰਣ ਦੇ ਸੰਤੁਲਨ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਨਿੱਜੀ ਅਧਿਕਾਰ ਕਿਸੇ ਕਾਨੂੰਨੀ ਵਿਵਸਥਾ ਤੋਂ ਉੱਪਰ ਨਹੀਂ ਹੋ ਸਕਦੇ।
ਬੈਂਚ ਦਾ ਕਹਿਣਾ ਸੀ ਕਿ ਵਾਤਾਵਰਣ ਦੀ ਸੰਭਾਲ ਜੰਗਲਾਂ ਦੀ ਜ਼ਮੀਨ ‘ਤੇ ਮਾਲਕੀ ਦੇ ਦਾਅਵਿਆਂ ਤੋਂ ਉਪਰ ਹੈ ਕਿਉਂਕਿ ਜੰਗਲਾਂ ਦੀ ਸੰਭਾਲ ਨੂੰ ਨਿਯੰਤਰਿਤ ਕਰਨ ਵਾਲਾ ਕਾਨੂੰਨੀ ਢਾਂਚਾ ਬੇਨਿਯਮਿਤ ਜੰਗਲਾਂ ਦੀ ਕਟਾਈ ਰੋਕਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵਾਤਾਵਰਣ ਵਿਚ ਵਿਗਾੜ ਹੋ ਸਕਦਾ ਹੈ।