Skip to content

ਪੰਜਾਬ ਬੰਦ ਕੱਲ੍ਹ – ਕਿਸਾਨ ਮਹਾਪੰਚਾਇਤ 4 ਜਨਵਰੀ ਨੂੰ

ਖਨੌਰੀ 29 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਪੰਜਾਬ ਦੇ ਇਸ ਸਰਹੱਦੀ ਕਸਬੇ ਨੇੜੇ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਹਸਪਤਾਲ ਵਿੱਚ ਇਲਾਜ ਨਾ ਕਰਵਾਉਣ ਸਬੰਧੀ ਮਾਨਹਾਨੀ ਕੇਸ ਚਲਾਉਣ ਲਈ ਦਿੱਤੀ ਧਮਕੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਉਸਨੂੰ ਚੁੱਕ ਕੇ ਕਿਸੇ ਵੱਡੇ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਚਾਹੁੰਦੀ ਹੈ ਜਿਸ ਕਰ ਕੇ ਡੱਲੇਵਾਲ ਦੀ ਟਰਾਲੀ ਦੇ ਆਲੇ-ਦੁਆਲੇ ਸਾਬਕਾ ਸੈਨਿਕਾਂ ਨੇ ਦਿਨ-ਰਾਤ ਦਾ ਪਹਿਰਾ ਵਧਾ ਦਿੱਤਾ ਹੈ। ਇਸੇ ਦੌਰਾਨ ਡੱਲੇਵਾਲ ਦਾ ਮਰਨ ਵਰਤ ਐਤਵਾਰ ਨੂੰ 34ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ 30 ਦਸੰਬਰ ਨੂੰ ਪੂਰਾ ਪੰਜਾਬ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਨੂੰ ਕਈ ਹੋਰ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ।
ਇਸ ਗੱਲ ਦਾ ਪ੍ਰਗਟਾਵਾ ਸਾਬਕਾ ਸੈਨਿਕ ਭਲਾਈ ਵਿੰਗ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਫਕਰਸਰ, ਮੀਤ ਪ੍ਰਧਾਨ ਕਿਰਪਾਲ ਸਿੰਘ ਬਾਗੀਆ ਨੇ ਦਸਿਆ ਕਿ ਸਰਕਾਰ ਅਤੇ ਪੁਲਿਸ ਇਹ ਵਹਿਮ ਪਾਲ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਚੁਕ ਕੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨ ਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖੁਲ੍ਹਵਾਇਆ ਜਾਵੇ। ਉਨਾਂ ਦਸਿਆ ਕਿ ਅਸੀਂ ਡੱਲੇਵਾਲ ਦੀ ਟਰਾਲੀ ਦੇ ਆਲੇ ਦੁਆਲੇ ਅਤੇ ਸ਼ਹਿਰ ਸਮੇਤ ਇਲਾਕੇ ਵਿਚ ਦਿਨ ਰਾਤ ਪਹਿਰਾ ਦੇ ਰਹੇ ਹਾਂ ਤੇ ਡੱਲੇਵਾਲ ਦੀ ਟਰਾਲੀ ਦੇ ਨੇੜੇ ਤੇੜੇ ਚਿੜੀ ਵੀ ਨਹੀਂ ਫਟਕਣ ਦੇਵਾਂਗੇ।

ਡੱਲੇਵਾਲ ਵੱਲੋਂ ਮਰਨ ਵਰਤ ਜਾਰੀ ਰੱਖਣ ਦਾ ਫੈਸਲਾ
ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੁਪਰੀਮ ਸਰਵਉਚ ਅਦਾਲਤ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਹਰ ਹਾਲਤ ਵਿੱਚ ਡਾਕਟਰੀ ਸਹਾਇਤਾ ਲਈ ਹਸਪਤਾਲ ‘ਚ ਭਰਤੀ ਕਰਵਾਉਣ ਲਈ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ, ਜਦਕਿ ਡੱਲੇਵਾਲ ਨੇ ਮਰਨ ਵਰਤ ਜਾਰੀ ਰੱਖਣ ਅਤੇ ਸਹਾਇਤਾ ਨਾ ਮਿਲਣ ਸਬੰਧੀ ਕਿਸੇ ਦਬਾਅ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਹੀ ਮਰਨ ਵਰਤ ਰੱਖਿਆ ਹੋਇਆ ਹੈ।
ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਅਦਾਲਤ ਮੇਰੀ ਸਿਹਤ ਬਾਰੇ ਤਾਂ ਚਿੰਤਤ ਹੈ ਪਰ ਅਦਾਲਤ ਨੂੰ ਉੱਨਾਂ ਵੱਲੋਂ ਚੀਫ ਜਸਟਿਸ ਨੂੰ ਲਿਖੀ ਚਿੱਠੀ ਦਾ ਨੋਟਿਸ ਲੈਣਾ ਚਾਹੀਦਾ ਹੈ। ਉਮੀਦ ਹੈ ਕਿ ਹਮਦਰਦ ਬਣ ਕੇ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣ ਲਈ ਕੁਝ ਨਿਰਦੇਸ਼ ਦੇਵੇਗੀ, ਪਰ ਇਸ ਦੀ ਬਜਾਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ।
ਉਸਨੇ ਅੱਗੇ ਕਿਹਾ ਕਿ ਉਹ ਹੈਰਾਨ ਹੈ ਕਿਉਂਕਿ ਸੁਪਰੀਮ ਕੋਰਟ ਨੇ ਸ਼ਕਤੀ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। “ਮੈਂ ਇਸ ਗੱਲ ਤੋਂ ਵੀ ਹੈਰਾਨ ਹਾਂ ਕਿ ਪੰਜਾਬ ਸਰਕਾਰ ਨੇ ਅਦਾਲਤ ਨੂੰ ਕੇਂਦਰ ਸਰਕਾਰ ਨੂੰ ਦਖਲ ਦੇਣ ਦੇ ਨਿਰਦੇਸ਼ ਦੇਣ ਲਈ ਕਿਹਾ ਹੈ ਤਾਂ ਜੋ ਇਸ ਮੁੱਦੇ ਨੂੰ ਹੱਲ ਕੀਤਾ ਜਾ ਸਕੇ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਕਿਸੇ ਵੀ ਸ਼ਰਤ ਅਨੁਸਾਰ ਕੰਮ ਨਹੀਂ ਕਰੇਗੀ। ਇਹ ਸ਼ਬਦ ਸਰਕਾਰ ਦੇ ਹਨ, ਕਿਉਂਕਿ ਅਜਿਹੀਆਂ ਗੱਲਾਂ ਅਦਾਲਤਾਂ ਦੁਆਰਾ ਨਹੀਂ ਕੀਤੀਆਂ ਜਾਂਦੀਆਂ ਹਨ, ਸਰਕਾਰਾਂ ਕਰਦੀਆਂ ਹਨ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਖਾਸ ਤੌਰ ‘ਤੇ ਜਦੋਂ ਕਿਸੇ ਨੂੰ ਇਨਸਾਫ਼ ਨਹੀਂ ਮਿਲਦਾ, ਤਾਂ ਉਹ ਅਦਾਲਤ ਵਿੱਚ ਪਹੁੰਚ ਜਾਂਦਾ ਹੈ। ਹੁਣ ਇਹ ਮਹਿਸੂਸ ਹੁੰਦਾ ਹੈ ਕਿ ਸੁਪਰੀਮ ਕੋਰਟ ਵੀ ਚਾਹੁੰਦਾ ਹੈ ਕਿ ਸਰਕਾਰ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਕਰੇ।

ਕਿਸਾਨ ਮਹਾਪੰਚਾਇਤ 4 ਜਨਵਰੀ ਨੂੰ
ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਿਹਤ ਦਿਨੋ-ਦਿਨ ਵਿਗੜ ਰਹੀ ਹੈ, ਪਰ ਉਹ ਹਾਲੇ ਵੀ ਦ੍ਰਿੜ ​​ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹੈ। ਉਨ੍ਹਾਂ ਦੀ ਇੱਛਾ ‘ਤੇ ਚੱਲਦਿਆਂ 4 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਖਨੌਰੀ ਧਰਨੇ ਵਾਲੀ ਥਾਂ ‘ਤੇ ਵਿਸ਼ਾਲ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ ਅਤੇ ਡੱਲੇਵਾਲ ਆਪਣੇ ਬਿਸਤਰੇ ਤੋਂ ਹੀ ਬੋਲਣਗੇ। ਕਿਸਾਨ ਆਗੂਆਂ ਨੇ ਲੋਕਾਂ ਨੂੰ 30 ਦਸੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਵੀ ਸਫ਼ਲ ਬਣਾਉਣ ਲਈ ਕਿਹਾ ਹੈ।

error: Content is protected !!